ਮਾਛੀਵਾੜਾ ਸਾਹਿਬ/ਸਮਰਾਲਾ (ਟੱਕਰ, ਗਰਗ, ਬੰਗੜ, ਵਰਮਾ, ਸਚਦੇਵਾ) : ਮਾਛੀਵਾੜਾ ਨੇੜੇ ਵਗਦੀ ਸਰਹਿੰਦ ਨਹਿਰ ’ਚ ਕਾਰ ਨਹਿਰ ’ਚ ਡਿੱਗਣ ਨਾਲ ਦੋ ਨੌਜਵਾਨ ਚਚੇਰੇ ਭਰਾਵਾਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਵਿਕਾਸਦੀਪ (19) ਤੇ ਆਕਾਸ਼ਦੀਪ (20) ਵਾਸੀ ਪਿੰਡ ਸਿੱਖਾਂਵਾਲਾ ਜ਼ਿਲ੍ਹਾ ਫ਼ਰੀਦਕੋਟ ਵਜੋਂ ਹੋਈ ਹੈ। ਮ੍ਰਿਤਕ ਦੇ ਪਿਤਾ ਰਿੰਪੀ ਸਿੰਘ ਨੇ ਦੱਸਿਆ ਕਿ ਉਸ ਦਾ ਪੁੱਤਰ ਅਤੇ ਭਤੀਜਾ ਦੋਵੇਂ ਚੰਡੀਗੜ੍ਹ ਤੋਂ ਵਾਪਸ ਫ਼ਰੀਦਕੋਟ ਵੱਲ ਇਨੋਵਾ ਕਾਰ ’ਚ ਸਵਾਰ ਹੋ ਕੇ ਆ ਰਹੇ ਸਨ। ਤੜਕੇ 4.30 ਵਜੇ ਦੇ ਕਰੀਬ ਉਸ ਦਾ ਪੁੱਤਰ ਮੋਬਾਈਲ ’ਤੇ ਗੱਲ ਕਰ ਰਿਹਾ ਸੀ ਤਾਂ ਪਿੱਛੋਂ ਦੂਜੇ ਲੜਕੇ ਦੀ ਆਵਾਜ਼ ਆਈ ਕਿ ਫੇਟ ਵੱਜ ਗਈ। ਪਿਤਾ ਨੇ ਦੱਸਿਆ ਕਿ ਉਸ ਤੋਂ ਬਾਅਦ ਦੋਵੇਂ ਮੁੰਡਿਆਂ ਦੇ ਫੋਨ ਬੰਦ ਹੋ ਗਏ। ਸਵੇਰੇ ਜਦੋਂ ਉਹ ਉਨ੍ਹਾਂ ਦੀ ਭਾਲ ਕਰਦੇ ਹੋਏ ਸਰਹਿੰਦ ਨਹਿਰ ਕਿਨਾਰੇ ਪੁੱਜੇ ਤਾਂ ਉੱਥੋਂ ਉਨ੍ਹਾਂ ਨੂੰ ਜਾਣਕਾਰੀ ਮਿਲੀ ਕਿ ਤੜਕੇ ਸਾਢੇ 4 ਵਜੇ ਦੇ ਕਰੀਬ ਇਕ ਇਨੋਵਾ ਕਾਰ ਸਰਹਿੰਦ ਨਹਿਰ ’ਚ ਡਿੱਗੀ ਹੈ, ਜਿਸ ਤੋਂ ਬਾਅਦ ਉਨ੍ਹਾਂ ਵੱਲੋਂ ਗੋਤਾਖੋਰਾਂ ਨੂੰ ਬੁਲਾਇਆ ਗਿਆ। ਦੇਰ ਸ਼ਾਮ ਗੋਤਾਖੋਰਾਂ ਨੇ ਇਨੋਵਾ ਕਾਰ ਨੂੰ ਨਹਿਰ ’ਚੋਂ ਤਲਾਸ਼ ਲਿਆ ਤੇ ਫਿਰ ਪੁਲਸ ਵੱਲੋਂ ਹਾਈਡਰਾ ਮਸ਼ੀਨ ਮੰਗਵਾ ਕੇ ਕਾਰ ਬਾਹਰ ਕੱਢੀ ਗਈ, ਜਿਸ ’ਚ ਦੋਵੇਂ ਚਚੇਰੇ ਭਰਾਵਾਂ ਦੀਆਂ ਲਾਸ਼ਾਂ ਬਰਾਮਦ ਹੋਈਆਂ।
ਕਾਰ ’ਚੋਂ ਮਿਲੀ ਨਾਜਾਇਜ਼ ਸ਼ਰਾਬ
ਨਹਿਰ ’ਚੋਂ ਜਦੋਂ ਕਾਰ ਬਾਹਰ ਕੱਢੀ ਗਈ ਤਾਂ ਅੰਦਰਲਾ ਦ੍ਰਿਸ਼ ਬੜਾ ਹੌਲਨਾਕ ਸੀ। ਦੋਵੇਂ ਚਚੇਰੇ ਭਰਾਵਾਂ ’ਤੇ ਸ਼ਰਾਬ ਦੀਆਂ ਪੇਟੀਆਂ ਆ ਡਿੱਗੀਆਂ ਅਤੇ ਉਨ੍ਹਾਂ ਨੂੰ ਹਾਦਸੇ ਤੋਂ ਬਾਅਦ ਬਾਹਰ ਨਿਕਲਣ ਦਾ ਮੌਕਾ ਹੀ ਨਹੀਂ ਮਿਲਿਆ। ਦੋਵਾਂ ਦੀਆਂ ਲਾਸ਼ਾਂ ਸ਼ਰਾਬ ਦੀਆਂ ਪੇਟੀਆਂ ਹੇਠ ਦਬੀਆਂ ਸਨ ਅਤੇ ਬੜੀ ਮੁਸ਼ੱਕਤ ਤੋਂ ਬਾਅਦ ਬਾਹਰ ਕੱਢੀਆਂ ਗਈਆਂ। ਕਾਰ ਬਾਹਰ ਕੱਢੀ ਤਾਂ ਉਸ ’ਚੋਂ ਸ਼ਰਾਬ ਦੀਆਂ ਬੋਤਲਾਂ ਡਿੱਗਣੀਆਂ ਸ਼ੁਰੂ ਹੋ ਗਈਆਂ। ਪਿਤਾ ਰਿੰਪੀ ਸਿੰਘ ਨੇ ਦੱਸਿਆ ਕਿ ਉਸ ਦਾ ਪੁੱਤਰ ਤੇ ਭਤੀਜਾ ਚੰਡੀਗੜ੍ਹ ਤੋਂ ਨਾਜਾਇਜ ਸ਼ਰਾਬ ਲਿਆ ਕੇ ਵੇਚਣ ਦਾ ਕੰਮ ਕਰਦੇ ਸਨ, ਜਿਸ ਸਬੰਧੀ ਉਨ੍ਹਾਂ ਨੂੰ ਕਈ ਵਾਰ ਰੋਕਿਆ ਵੀ ਗਿਆ। ਉਹ ਕਾਰ ’ਚ ਨਾਜਾਇਜ ਸ਼ਰਾਬ ਲੱਦ ਕੇ ਚੰਡੀਗੜ੍ਹ ਤੋਂ ਫ਼ਰੀਦਕੋਟ ਵੱਲ ਆ ਰਹੇ ਸਨ। ਉਨ੍ਹਾਂ ਕਿਹਾ ਕਿ ਜਾਣਕਾਰੀ ਮਿਲੀ ਹੈ ਕਿ ਉਨ੍ਹਾਂ ਦੀ ਨਾਜਾਇਜ਼ ਸ਼ਰਾਬ ਨਾਲ ਲੱਦੀ ਗੱਡੀ ਨੂੰ ਕਿਸੇ ਸ਼ਰਾਬ ਠੇਕੇਦਾਰ ਦੇ ਵਾਹਨ ਨੇ ਫੇਟ ਮਾਰੀ, ਜਿਸ ਕਾਰਨ ਇਹ ਹਾਦਸਾ ਵਾਪਰਿਆ। ਸਾਢੇ 4 ਵਜੇ ਤੋਂ ਬਾਅਦ ਉਨ੍ਹਾਂ ਦੇ ਪੁੱਤਰ ਤੇ ਭਤੀਜੇ ਦੇ ਫੋਨ ਬੰਦ ਹਨ ਅਤੇ ਜਾਣਕਾਰੀ ਅਨੁਸਾਰ ਫੇਟ ਵੱਜਣ ਕਾਰਨ ਗੱਡੀ ਨਹਿਰ ’ਚ ਡਿੱਗ ਪਈ।
ਪੁਲਸ ਵਲੋਂ ਵੱਖ-ਵੱਖ ਪਹਿਲੂਆਂ ਤੋਂ ਕੀਤੀ ਜਾ ਰਹੀ ਜਾਂਚ: ਥਾਣਾ ਮੁਖੀ
ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਸਮਰਾਲਾ ਦੇ ਮੁਖੀ ਹਰਵਿੰਦਰ ਸਿੰਘ, ਐੱਸ.ਟੀ.ਐੱਫ. ਟੀਮਾਂ ਮੌਕੇ ’ਤੇ ਪੁੱਜ ਗਈਆਂ। ਥਾਣਾ ਮੁਖੀ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਕਾਰ ਨਹਿਰ ’ਚ ਡਿੱਗ ਪਈ ਹੈ, ਜਿਸ ਤੋਂ ਬਾਅਦ ਪੁਲਸ ਵੱਲੋਂ ਕਾਰ ਨੂੰ ਬਾਹਰ ਕਢਵਾਇਆ ਗਿਆ ਤੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਭਿਜਵਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕਾਰ ’ਚ ਭਾਰੀ ਮਾਤਰਾ ’ਚ ਸ਼ਰਾਬ ਲੱਦੀ ਹੋਈ ਹੈ, ਜਿਸ ਦੀ ਜਾਂਚ ਜਾਰੀ ਹੈ। ਕਾਰ ਨਹਿਰ ’ਚ ਕਿਵੇਂ ਡਿੱਗੀ, ਇਸ ਦੀ ਵੀ ਜਾਂਚ ਕੀਤੀ ਜਾਵੇਗੀ। ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰਨ ਤੋਂ ਬਾਅਦ ਕਾਨੂੰਨੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।
ਵੱਡੀ ਖਬਰ : ਕੇਂਦਰੀ ਮੰਤਰੀ ਰਵਨੀਤ ਬਿੱਟੂ ਨੇ ਦਿੱਤਾ ਅਸਤੀਫਾ
NEXT STORY