ਜੰਮੂ : ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ ਵੀਰਵਾਰ ਨੂੰ ਰਣਜੀ ਟਰਾਫੀ ਵਿੱਚ ਇਤਿਹਾਸਕ ਜਿੱਤ ਦਰਜ ਕਰਨ ਵਾਲੀ ਜੰਮੂ ਅਤੇ ਕਸ਼ਮੀਰ ਦੀ ਟੀਮ ਦੀ ਸ਼ਲਾਘਾ ਕਰਦਿਆਂ ਵਧਾਈ ਦਿੱਤੀ ਹੈ। ਬੀਸੀਸੀਆਈ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' (ਪਹਿਲਾਂ ਟਵਿੱਟਰ) ਰਾਹੀਂ ਕਿਹਾ ਕਿ ਜੰਮੂ-ਕਸ਼ਮੀਰ ਦੀ ਇਹ ਜਿੱਤ ਇਸ ਖੇਤਰ ਵਿੱਚ ਕ੍ਰਿਕਟ ਲਈ ਹਮੇਸ਼ਾ ਇੱਕ ਮਾਣ ਵਾਲੀ ਗੱਲ ਰਹੇਗੀ।
ਕਰਨਾਟਕ ਨੂੰ ਹਰਾ ਕੇ ਰਚਿਆ ਇਤਿਹਾਸ
ਜ਼ਿਕਰਯੋਗ ਹੈ ਕਿ ਰਣਜੀ ਟਰਾਫੀ ਦੇ ਫਾਈਨਲ ਮੁਕਾਬਲੇ ਵਿੱਚ ਜੰਮੂ-ਕਸ਼ਮੀਰ ਨੇ ਕਰਨਾਟਕ ਵਰਗੀ ਮਜ਼ਬੂਤ ਟੀਮ ਨੂੰ ਹਰਾ ਕੇ ਇਹ ਇਤਿਹਾਸਕ ਉਪਲਬਧੀ ਹਾਸਲ ਕੀਤੀ ਹੈ। ਇਸ ਸ਼ਾਨਦਾਰ ਜਿੱਤ ਤੋਂ ਬਾਅਦ ਟੀਮ ਦੇ ਖਿਡਾਰੀਆਂ ਨੇ ਆਈਸੀਸੀ (ICC) ਦੇ ਚੇਅਰਮੈਨ ਜੈ ਸ਼ਾਹ ਨਾਲ ਮੁਲਾਕਾਤ ਕਰਨ ਅਤੇ ਇਹ ਖ਼ਾਸ ਪਲ ਸਾਂਝਾ ਕਰਨ ਦੀ ਇੱਛਾ ਜਤਾਈ ਸੀ।
ਜੈ ਸ਼ਾਹ ਦੀ ਭੂਮਿਕਾ ਦੀ ਸ਼ਲਾਘਾ
ਖਿਡਾਰੀਆਂ ਨੇ ਬੀਸੀਸੀਆਈ ਸਕੱਤਰ ਵਜੋਂ ਆਪਣੇ ਕਾਰਜਕਾਲ ਦੌਰਾਨ ਜੰਮੂ-ਕਸ਼ਮੀਰ ਵਿੱਚ ਕ੍ਰਿਕਟ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਜੈ ਸ਼ਾਹ ਵੱਲੋਂ ਨਿਭਾਈ ਗਈ ਅਗਵਾਈ ਵਾਲੀ ਭੂਮਿਕਾ ਨੂੰ ਵੀ ਸਵੀਕਾਰ ਕੀਤਾ। ਬੀਸੀਸੀਆਈ ਨੇ ਟੀਮ ਨਾਲ ਮੁਲਾਕਾਤ ਕਰਨ ਅਤੇ ਉਨ੍ਹਾਂ ਦਾ ਹੌਸਲਾ ਵਧਾਉਣ ਲਈ ਜੈ ਸ਼ਾਹ ਦਾ ਧੰਨਵਾਦ ਕੀਤਾ ਅਤੇ ਇਸ ਮੁਲਾਕਾਤ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ। ਬੋਰਡ ਨੇ ਸਮੁੱਚੀ ਟੀਮ ਨੂੰ ਭਾਰਤੀ ਘਰੇਲੂ ਕ੍ਰਿਕਟ ਵਿੱਚ ਇੱਕ ਨਵਾਂ ਅਧਿਆਏ ਲਿਖਣ ਲਈ ਵਧਾਈ ਦਿੱਤੀ ਹੈ।
Pak ਕ੍ਰਿਕਟਰ ਦੀ ਸ਼ਰਮਨਾਕ ਕਰਤੂਤ! ਹੋਟਲ 'ਚ ਮਹਿਲਾ ਸਟਾਫ ਨਾਲ ਛੇੜਛਾੜ, ਲੱਗਿਆ ਜੁਰਮਾਨਾ
NEXT STORY