ਸਪੋਰਟਸ ਡੈਸਕ- ਬੀ. ਸੀ. ਸੀ. ਆਈ (ਭਾਰਤੀ ਕ੍ਰਿਕਟ ਕੰਟਰੋਲ ਬੋਰਡ) ਨੇ ਪਹਿਲੀ ਮਹਿਲਾ ਪ੍ਰੀਮੀਅਰ ਲੀਗ (ਡਬਲਿਊ. ਪੀ. ਐੱਲ.) ਲਈ ਪੰਜ ਟੀਮਾਂ ਦੀ ਵਿਕਰੀ ਤੋਂ 4669.99 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਇਸ ਦੌਰਾਨ ਅਡਾਨੀ ਸਪੋਰਟਸਲਾਈਨ ਨੇ ਸਭ ਤੋਂ ਮਹਿੰਗੀ ਟੀਮ 1289 ਕਰੋੜ ਰੁਪਏ ਵਿੱਚ ਖਰੀਦੀ। ਅਹਿਮਦਾਬਾਦ ਦੀ ਟੀਮ ਅਡਾਨੀ ਨੇ ਖਰੀਦੀ।
ਇਸ ਤੋਂ ਇਲਾਵਾ ਆਈਪੀਐੱਲ ਟੀਮ ਦੇ ਮਾਲਕਾਂ ਮੁੰਬਈ ਇੰਡੀਅਨਜ਼, ਰਾਇਲ ਚੈਲੇਂਜਰਜ਼ ਬੰਗਲੂਰੂ ਅਤੇ ਦਿੱਲੀ ਕੈਪੀਟਲਜ਼ ਨੇ ਕ੍ਰਮਵਾਰ 912.99 ਕਰੋੜ, 901 ਕਰੋੜ ਅਤੇ 810 ਕਰੋੜ ਰੁਪਏ ਵਿੱਚ ਸਫਲ ਬੋਲੀਆਂ ਲਾਈਆਂ। ਕੈਪਰੀ ਗਲੋਬਲ ਗੋਲਡਿੰਗਜ਼ ਨੇ ਲਖਨਊ ਫਰੈਂਚਾਇਜ਼ੀ 757 ਕਰੋੜ ਵਿੱਚ ਖਰੀਦੀ। ਬੀਤੇ ਦਿਨੀਂ ਬੀਸੀਸੀਆਈ ਨੇ ਲੀਗ ਦੇ ਮੀਡੀਆ ਅਧਿਕਾਰ ਵਾਇਕਾਮ 18 ਨੂੰ 951 ਕਰੋੜ ਰੁਪਏ ਵਿੱਚ ਵੇਚੇ ਸਨ।
ਇਹ ਵੀ ਪੜ੍ਹੋ : ਅਜੈ ਜਡੇਜਾ ਨੂੰ ਕੋਚਿੰਗ ਦੇਣ ਵਾਲੇ ਗੁਰਚਰਨ ਸਿੰਘ ਸਮੇਤ ਖੇਡ ਜਗਤ ਦੇ ਇਨ੍ਹਾਂ 3 ਦਿੱਗਜਾਂ ਨੂੰ ਮਿਲੇਗਾ ਪਦਮ ਸ਼੍ਰੀ
ਬੀਸੀਸਆਈ ਦੇ ਸਕੱਤਰ ਜੈ ਸ਼ਾਹ ਨੇ ਟਵੀਟ ਕੀਤਾ, ‘‘ਕ੍ਰਿਕਟ ਵਿੱਚ ਅੱਜ ਇਤਿਹਾਸਕ ਦਿਨ ਹੈ। ਪਹਿਲੀ ਮਹਿਲਾ ਪ੍ਰੀਮੀਅਰ ਲੀਗ ਨੇ ਪਹਿਲੇ ਪੁਰਸ਼ ਆਈਪੀਐੱਲ 2008 ਦੇ ਰਿਕਾਰਡ ਵੀ ਤੋੜ ਦਿੱਤੇ। ਜੇਤੂਆਂ ਨੂੰ ਵਧਾਈ। ਕੁੱਲ 4669. 99 ਕਰੋੜ ਰੁਪਏ ਦੀ ਬੋਲੀ ਲੱਗੀ।’’ ਉਨ੍ਹਾਂ ਦੱਸਿਆ ਕਿ ਬੀਸੀਸੀਆਈ ਨੇ ਲੀਗ ਦਾ ਨਾਮ ਮਹਿਲਾ ਪ੍ਰੀਮੀਅਰ ਲੀਗ (ਡਬਲਿਊਪੀਐੱਲ) ਰੱਖਿਆ ਹੈ।
ਲੀਗ ਦੀਆਂ ਖਿਡਾਰਨਾਂ ਦੀ ਨਿਲਾਮੀ ਅਗਲੇ ਮਹੀਨੇ ਹੋਵੇਗੀ ਅਤੇ ਪਹਿਲਾ ਟੂਰਨਾਮੈਂਟ ਮਾਰਚ ਵਿੱਚ ਖੇਡਿਆ ਜਾਵੇਗਾ। ਸ਼ੁਰੂਆਤੀ ਸੀਜ਼ਨ ਵਿੱਚ ਕੁੱਲ 22 ਮੈਚ ਖੇਡੇ ਜਾਣਗੇ। ਅਗਲੇ ਮਹੀਨੇ ਹੋਣ ਵਾਲੀ ਖਿਡਾਰੀਆਂ ਦੀ ਨਿਲਾਮੀ ਲਈ ਹਰ ਟੀਮ ਕੋਲ 12 ਕਰੋੜ ਰੁਪਏ ਹੋਣਗੇ ਅਤੇ ਉਨ੍ਹਾਂ ਨੂੰ ਘੱਟੋ-ਘੱਟ 15 ਅਤੇ ਵੱਧ ਤੋਂ ਵੱਧ 18 ਖਿਡਾਰਨਾਂ ਖਰੀਦਣੀਆਂ ਪੈਣਗੀਆਂ। ਇੱਕ ਐਸੋਸੀਏਟ ਖਿਡਾਰਨ ਸਮੇਤ ਪੰਜ ਵਿਦੇਸ਼ੀ ਖਿਡਾਰਨਾਂ ਨੂੰ ਪਲੇਇੰਗ ਇਲੈਵਨ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਰੇਣੁਕਾ ਸਿੰਘ ਬਣੀ ICC ਦੀ Emerging Women's Cricketer ਆਫ ਦਿ ਈਅਰ
NEXT STORY