ਸਪੋਰਟਸ ਡੈਸਕ- ਆਈਪੀਐਲ 2023 ਦਾ ਛੇਵਾਂ ਮੈਚ ਚੇਨਈ ਸੁਪਰ ਕਿੰਗਜ਼ ਅਤੇ ਲਖਨਊ ਸੁਪਰ ਜਾਇੰਟਸ ਵਿਚਾਲੇ ਖੇਡਿਆ ਗਿਆ ਸੀ। ਇਸ ਹਾਈ ਸਕੋਰਿੰਗ ਮੈਚ ਵਿੱਚ ਚੇਨਈ ਨੇ ਲਖਨਊ ਨੂੰ 12 ਦੌੜਾਂ ਨਾਲ ਹਰਾਇਆ। ਪਹਿਲਾਂ ਖੇਡਦਿਆਂ ਚੇਨਈ ਨੇ 7 ਵਿਕਟਾਂ 'ਤੇ 217 ਦੌੜਾਂ ਬਣਾਈਆਂ। ਇਸ ਦੇ ਨਾਲ ਹੀ 218 ਦੌੜਾਂ ਦੇ ਟੀਚੇ ਨੂੰ ਹਾਸਲ ਕਰਨ ਲਈ ਲਖਨਊ ਦੀ ਟੀਮ 7 ਵਿਕਟਾਂ 'ਤੇ 205 ਦੌੜਾਂ ਹੀ ਬਣਾ ਸਕੀ। ਆਈਪੀਐਲ 2023 ਵਿੱਚ ਚੇਨਈ ਸੁਪਰ ਕਿੰਗਜ਼ ਦੀ ਇਹ ਪਹਿਲੀ ਜਿੱਤ ਹੈ।
ਸੀਐਸਕੇ ਦੇ ਕਪਤਾਨ ਐਮਐਸ ਧੋਨੀ ਨੇ ਲਖਨਊ ਸੁਪਰ ਜਾਇੰਟਸ ਦੇ ਖਿਲਾਫ ਇਸ ਮੈਚ ਵਿੱਚ ਇੱਕ ਖਾਸ ਉਪਲਬਧੀ ਹਾਸਲ ਕੀਤੀ ਹੈ। ਲਖਨਊ ਦੇ ਖਿਲਾਫ ਮੈਚ 'ਚ ਮਹਿੰਦਰ ਸਿੰਘ ਧੋਨੀ ਨੇ ਆਪਣੇ IPL ਕੈਰੀਅਰ 'ਚ 5000 ਦੌੜਾਂ ਪੂਰੀਆਂ ਕੀਤੀਆਂ। ਇਸ ਤਰ੍ਹਾਂ ਧੋਨੀ ਆਈਪੀਐੱਲ 'ਚ 5000 ਦੌੜਾਂ ਦਾ ਅੰਕੜਾ ਪਾਰ ਕਰਨ ਵਾਲੇ 7ਵੇਂ ਕ੍ਰਿਕਟਰ ਬਣੇ। ਵਿਰਾਟ ਕੋਹਲੀ, ਸ਼ਿਖਰ ਧਵਨ, ਡੇਵਿਡ ਵਾਰਨਰ, ਰੋਹਿਤ ਸ਼ਰਮਾ, ਸੁਰੇਸ਼ ਰੈਨਾ ਤੇ ਏਬੀ ਡਿਵਿਲੀਅਰਸ ਵੀ 5000 ਦੌੜਾਂ ਦੇ ਕਲੱਬ ਦਾ ਹਿੱਸਾ ਹਨ।
ਇਹ ਵੀ ਪੜ੍ਹੋ : ਰਾਸ਼ਟਰਮੰਡਲ ਖੇਡਾਂ ਦੀ ਚੈਂਪੀਅਨ ਸੰਜੀਤਾ ਚਾਨੂ 'ਤੇ ਲੱਗੀ 4 ਸਾਲ ਦੀ ਪਾਬੰਦੀ, ਜਾਣੋ ਵਜ੍ਹਾ
ਐੱਮ.ਐੱਸ.ਧੋਨੀ ਆਈਪੀਐੱਲ ਦੇ ਪਹਿਲੇ ਸੀਜ਼ਨ 'ਚ ਚੇਨਈ ਸੁਪਰ ਕਿੰਗਜ਼ ਨਾਲ ਬਤੌਰ ਕਪਤਾਨ ਜੁੜੇ ਹੋਏ ਸਨ। ਜੇਕਰ IPL 2022 ਦੇ ਅੱਧੇ ਸੀਜ਼ਨ ਨੂੰ ਛੱਡ ਦਿੱਤਾ ਜਾਵੇ ਤਾਂ ਸਿਰਫ਼ ਧੋਨੀ ਹੀ CSK ਦੇ ਕਪਤਾਨ ਰਹੇ ਹਨ। ਹਾਲਾਂਕਿ ਸਾਲ 2016 'ਚ ਜਦੋਂ CSK 'ਤੇ 2 ਸਾਲ ਦੀ ਪਾਬੰਦੀ ਲੱਗੀ ਸੀ, ਉਹ ਟੀਮ ਦੇ ਕਪਤਾਨ ਨਹੀਂ ਸਨ। ਫਿਰ ਧੋਨੀ 2 ਸਾਲ ਰਾਈਜ਼ਿੰਗ ਪੁਣੇ ਸੁਪਰਜਾਇੰਟਸ ਲਈ ਖੇਡੇ।
ਧੋਨੀ ਨੇ IPL 'ਚ ਹੁਣ ਤੱਕ 236 ਮੈਚ ਖੇਡੇ ਹਨ। ਇਨ੍ਹਾਂ 236 ਮੈਚਾਂ ਦੀਆਂ 208 ਪਾਰੀਆਂ 'ਚ 5004 ਦੌੜਾਂ ਬਣਾਈਆਂ। ਇਸ ਲੀਗ 'ਚ ਉਸ ਦੇ ਨਾਂ 24 ਅਰਧ ਸੈਂਕੜੇ ਹਨ। IPL 'ਚ ਧੋਨੀ ਦਾ ਸਰਵੋਤਮ ਸਕੋਰ 84 ਦੌੜਾਂ ਅਜੇਤੂ ਹੈ। ਉਸ ਨੇ ਆਈਪੀਐਲ ਵਿੱਚ 347 ਚੌਕੇ ਅਤੇ 232 ਛੱਕੇ ਵੀ ਲਗਾਏ ਹਨ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਰਾਸ਼ਟਰਮੰਡਲ ਖੇਡਾਂ ਦੀ ਚੈਂਪੀਅਨ ਸੰਜੀਤਾ ਚਾਨੂ 'ਤੇ ਲੱਗੀ 4 ਸਾਲ ਦੀ ਪਾਬੰਦੀ, ਜਾਣੋ ਵਜ੍ਹਾ
NEXT STORY