ਆਕਲੈਂਡ— ਭਾਰਤੀ ਟੀਮ ਹੈਮਿਲਟਨ 'ਚ ਪਹਿਲੇ ਮੁਕਾਬਲੇ 'ਚ 347 ਦੌੜਾਂ ਦਾ ਵੱਡਾ ਸਕੋਰ ਬਣਾਉਣ ਦੇ ਬਾਵਜੂਦ ਉਸ ਦਾ ਬਚਾਅ ਨਹੀਂ ਕਰ ਸਕੀ ਅਤੇ ਹੁਣ ਆਕਲੈਂਡ ਵਿਚ ਨਿਊਜ਼ੀਲੈਂਡ ਵਿਰੁੱਧ ਸ਼ਨੀਵਾਰ ਨੂੰ ਹੋਣ ਵਾਲੇ ਦੂਜੇ ਮੁਕਾਬਲੇ ਵਿਚ ਉਹ 3 ਮੈਚਾਂ ਦੀ ਸੀਰੀਜ਼ 'ਚ ਬਰਾਬਰੀ ਹਾਸਲ ਕਰਨ ਦੇ ਟੀਚੇ ਨਾਲ ਉਤਰੇਗੀ, ਜਦਕਿ ਮੇਜ਼ਬਾਨ ਟੀਮ ਦਾ ਟੀਚਾ ਆਪਣੇ ਵਨ ਡੇ ਇਤਿਹਾਸ ਦੀ 350ਵੀਂ ਜਿੱਤ ਹਾਸਲ ਕਰਨਾ ਅਤੇ ਸੀਰੀਜ਼ 'ਤੇ ਕਬਜ਼ਾ ਕਰਨਾ ਹੋਵੇਗਾ। ਭਾਰਤੀ ਟੀਮ ਨਿਊਜ਼ੀਲੈਂਡ ਤੋਂ ਟੀ-20 ਸੀਰੀਜ਼ 5-0 ਨਾਲ ਜਿੱਤਣ ਤੋਂ ਬਾਅਦ ਵਨ ਡੇ ਸੀਰੀਜ਼ ਵਿਚ ਉਤਰੀ ਪਰ ਪਹਿਲੇ ਵਨ ਡੇ ਵਿਚ ਆਪਣੀ ਜੇਤੂ ਮੁਹਿੰਮ ਨੂੰ ਜਾਰੀ ਨਹੀਂ ਰੱਖ ਸਕੀ। ਭਾਰਤ ਨੇ ਨਿਊਜ਼ੀਲੈਂਡ ਦੇ ਪਿਛਲੇ ਦੌਰੇ ਵਿਚ ਵਨ ਡੇ ਸੀਰੀਜ਼ 4-1 ਨਾਲ ਜਿੱਤੀ ਸੀ। 3 ਮੈਚਾਂ ਦੀ ਇਸ ਸੀਰੀਜ਼ ਵਿਚ ਬਣੇ ਰਹਿਣ ਲਈ ਭਾਰਤ ਨੂੰ ਆਕਲੈਂਡ ਵਿਚ ਬਰਾਬਰੀ ਹਾਸਲ ਕਰਨੀ ਪਵੇਗੀ। ਮੇਜ਼ਬਾਨ ਨਿਊਜ਼ੀਲੈਂਡ ਲਈ ਇਹ ਮੁਕਾਬਲਾ ਕਾਫੀ ਮਹੱਤਵਪੂਰਨ ਹੈ ਕਿਉਂਕਿ ਇਸ ਨੂੰ ਜਿੱਤਣ ਨਾਲ ਉਸ ਦਾ ਸੀਰੀਜ਼ 'ਤੇ ਕਬਜ਼ਾ ਹੋ ਜਾਵੇਗਾ ਅਤੇ ਆਪਣੇ ਵਨ ਡੇ ਇਤਿਹਾਸ ਵਿਚ 770 ਮੈਚਾਂ ਵਿਚ ਇਹ ਉਸ ਦੀ 350ਵੀਂ ਜਿੱਤ ਹੋਵੇਗੀ।
ਭਾਰਤ ਨੇ ਪਹਿਲੇ ਮੁਕਾਬਲੇ 'ਚ ਹੈਮਿਲਟਨ ਵਿਚ 4 ਵਿਕਟਾਂ 'ਤੇ 347 ਦੌੜਾਂ ਦਾ ਵੱਡਾ ਸਕੋਰ ਬਣਾਇਆ ਪਰ ਗੇਂਦਬਾਜ਼ਾਂ ਦੇ ਦਿਸ਼ਾਹੀਣ ਪ੍ਰਦਰਸ਼ਨ ਨਾਲ ਟੀਮ ਇੰਡੀਆ ਇਸ ਵੱਡੇ ਸਕੋਰ ਦਾ ਬਚਾਅ ਨਹੀਂ ਕਰ ਸਕੀ। ਇਸ ਮੁਕਾਬਲੇ ਵਿਚ ਭਾਰਤੀ ਗੇਂਦਬਾਜ਼ਾਂ ਨੇ 24 ਵਾਈਡਜ਼ ਸਮੇਤ 29 ਵਾਧੂ ਦੌੜਾਂ ਦਿੱਤੀਆਂ। ਇਨ੍ਹਾਂ 24 ਵਾਈਡਜ਼ ਕਾਰਣ ਭਾਰਤ 'ਤੇ 4 ਓਵਰਾਂ ਦੀ ਹੌਲੀ ਓਵਰ ਰੇਟ ਲਈ ਮੈਚ ਫੀਸ ਦਾ 80 ਫੀਸਦੀ ਜੁਰਮਾਨਾ ਲੱਗਾ। ਹੈਮਿਲਟਨ ਦਾ ਮੈਦਾਨ ਛੋਟਾ ਸੀ ਅਤੇ ਦੋਵਾਂ ਟੀਮਾਂ ਦੇ ਬੱਲੇਬਾਜ਼ਾਂ ਨੇ ਰੱਜ ਕੇ ਚੌਕੇ-ਛੱਕੇ ਲਾਏ। ਭਾਰਤ ਵਲੋਂ ਮੈਚ ਵਿਚ ਕੁਲ 32 ਚੌਕੇ ਤੇ 8 ਛੱਕੇ ਲੱਗੇ, ਜਦਕਿ ਨਿਊਜ਼ੀਲੈਂਡ ਵਲੋਂ 34 ਚੌਕੇ ਤੇ 7 ਛੱਕੇ ਲੱਗੇ।
ਭਾਰਤ ਨੇ ਈਡਨ ਪਾਰਕ 'ਚ ਪਹਿਲਾ ਵਨ ਡੇ 22 ਫਰਵਰੀ 1976 ਨੂੰ ਖੇਡਿਆ ਸੀ
ਈਡਨ ਪਾਰਕ ਮੈਦਾਨ 'ਤੇ ਪਹਿਲਾ ਵਨ ਡੇ ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ 22 ਫਰਵਰੀ 1976 ਨੂੰ ਖੇਡਿਆ ਗਿਆ ਸੀ, ਜਿਸ ਨੂੰ ਮੇਜ਼ਬਾਨ ਟੀਮ ਨੇ 80 ਦੌੜਾਂ ਨਾਲ ਜਿੱਤਿਆ ਸੀ। ਨਿਊਜ਼ੀਲੈਂਡ ਦੀਆਂ 8 ਵਿਕਟਾਂ 'ਤੇ 236 ਦੌੜਾਂ ਦੇ ਮੁਕਾਬਲੇ ਭਾਰਤੀ ਟੀਮ 156 ਦੌੜਾਂ 'ਤੇ ਸਿਮਟ ਗਈ ਸੀ ਪਰ ਅੱਜ ਭਾਰਤੀ ਟੀਮ ਦਾ ਨਾਂ ਦੁਨੀਆ ਦੀਆਂ ਸਭ ਤੋਂ ਮਜ਼ਬੂਤ ਟੀਮਾਂ ਵਿਚ ਹੁੰਦਾ ਹੈ ਅਤੇ ਵਿਰਾਟ ਕੋਹਲੀ ਦੀ ਕਪਤਾਨੀ ਵਾਲੀ ਇਹ ਟੀਮ ਸੀਰੀਜ਼ ਵਿਚ ਬਰਾਬਰੀ ਹਾਸਲ ਕਰਨ ਲਈ ਪੂਰਾ ਜ਼ੋਰ ਲਾ ਦੇਵੇਗੀ। ਭਾਰਤ ਨੇ ਇਸ ਮੈਦਾਨ 'ਤੇ ਆਪਣਾ ਆਖਰੀ ਮੁਕਾਬਲਾ 14 ਮਾਰਚ 2015 ਨੂੰ ਖੇਡਿਆ ਸੀ ਅਤੇ ਜ਼ਿੰਬਾਬਵੇ ਨੂੰ 6 ਵਿਕਟਾਂ ਨਾਲ ਹਰਾਇਆ ਸੀ। ਇਹ ਵਿਸ਼ਵ ਕੱਪ ਦਾ ਮੁਕਾਬਲਾ ਸੀ। ਭਾਰਤ ਅਤੇ ਨਿਊਜ਼ੀਲੈਂਡ ਦੀਆਂ ਟੀਮਾਂ ਇਸ ਮੈਦਾਨ 'ਤੇ ਆਖਰੀ ਵਾਰ ਵਨ ਡੇ ਵਿਚ 25 ਜਨਵਰੀ 2014 ਨੂੰ ਭਿੜੀਆਂ ਸਨ ਅਤੇ ਉਦੋਂ ਇਹ ਮੁਕਾਬਲਾ ਟਾਈ ਰਿਹਾ ਸੀ। ਨਿਊਜ਼ੀਲੈਂਡ ਨੇ 314 ਦੌੜਾਂ ਬਣਾਈਆਂ ਸਨ, ਜਦਕਿ ਭਾਰਤ ਨੇ 9 ਵਿਕਟਾਂ 'ਤੇ 314 ਦੌੜਾਂ ਬਣਾਈਆਂ ਸਨ।
ਟੀਮਾਂ ਇਸ ਤਰ੍ਹਾਂ ਹਨ—
ਭਾਰਤ- ਵਿਰਾਟ ਕੋਹਲੀ (ਕਪਤਾਨ), ਪ੍ਰਿਥਵੀ ਸ਼ਾਹ, ਮਯੰਕ ਅਗਰਵਾਲ, ਕੇ. ਐੱਲ. ਰਾਹੁਲ (ਵਿਕਟਕੀਪਰ), ਰਿਸ਼ਭ ਪੰਤ, ਸ਼੍ਰੇਅਸ ਅਈਅਰ, ਸ਼ਿਵਮ ਦੂਬੇ, ਰਵਿੰਦਰ ਜਡੇਜਾ, ਕੁਲਦੀਪ ਯਾਦਵ, ਯੁਜਵੇਂਦਰ ਚਾਹਲ, ਮੁਹੰਮਦ ਸ਼ੰਮੀ, ਜਸਪ੍ਰੀਤ ਬੁਮਰਾਹ, ਸ਼ਾਰਦੁਲ ਠਾਕੁਰ, ਨਵਦੀਪ ਸੈਣੀ।
ਨਿਊਜ਼ੀਲੈਂਡ- ਟਾਮ ਲਾਥਮ (ਕਪਤਾਨ ਤੇ ਵਿਕਟਕੀਪਰ), ਮਾਰਟਿਨ ਗੁਪਟਿਲ, ਰੋਸ ਟੇਲਰ, ਕੌਲਿਨ ਡੀ ਗ੍ਰੈਂਡਹੋਮ, ਜਿਮੀ ਨੀਸ਼ਮ, ਸਕਾਟ ਕਿਊਗਲੇਜਿਨ, ਟਾਮ ਬਲੰਡੇਲ, ਹੈਨਰੀ ਨਿਕੋਲਸ, ਮਿਸ਼ੇਲ ਸੈਂਟਨਰ, ਹੈਮਿਸ਼ ਬੈਨੇਟ, ਈਸ਼ ਸੋਢੀ, ਟਿਮ ਸਾਊਥੀ, ਕਾਈਲ ਜੈਮੀਸਨ, ਮਾਰਕ ਚੈਪਮੈਨ।
ਨਿਊਜ਼ੀਲੈਂਡ-ਏ ਨੇ ਭਾਰਤ-ਏ ਵਿਰੁੱਧ 5 ਵਿਕਟਾਂ 'ਤੇ ਬਣਾਈਆਂ 276 ਦੌੜਾਂ
NEXT STORY