ਨਵੀਂ ਦਿੱਲੀ- ਰਾਸ਼ਟਰਮੰਡਲ ਖੇਡਾਂ ’ਚ ਹਿੱਸਾ ਲੈਣ ਵਾਲੇ ਭਾਰਤੀ ਮੁੱਕੇਬਾਜ਼ਾਂ ਨੇ ਚੈੱਕ ਗਣਰਾਜ ’ਚ ਹੋਏ ਇਨਵੀਟੇਸ਼ਨਲ 56ਵੇਂ ਗ੍ਰਾਂ. ਪ੍ਰੀ. ਉਸਤੀ ਨਾਦ ਲਾਬੇਮ ਟੂਰਨਾਮੈਂਟ ’ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਕੁੱਲ 12 ਤਮਗੇ ਜਿੱਤੇ, ਜਿਨ੍ਹਾਂ ’ਚ 8 ਸੋਨੇ ਦੇ ਤਮਗੇ ਸ਼ਾਮਲ ਹਨ। 5 ਮੈਂਬਰਾਂ ਵਾਲੀ ਮਹਿਲਾ ਟੀਮ ਨੇ 4 ਸੋਨੇ ਦੇ ਅਤੇ ਇਕ ਚਾਂਦੀ ਦਾ ਤਗਮਾ ਜਿੱਤ ਕੇ ਸ਼ਾਨਦਾਰ ਸ਼ੁਰੂਆਤ ਕੀਤੀ। ਓਲੰਪਿਕ ਤਮਗਾ ਜੇਤੂ ਲਵਲੀਨਾ ਬੋਰਗੋਹੇਨ (75 ਕਿਲੋ), ਮੌਜੂਦਾ ਏਸ਼ੀਆਈ ਚੈਂਪੀਅਨ ਪ੍ਰੀਤੀ ਪਵਾਰ (54 ਕਿਲੋ), ਸਾਕਸ਼ੀ ਚੌਧਰੀ (51 ਕਿਲੋ) ਅਤੇ ਪ੍ਰਿਆ ਘੰਘਾਸ (60 ਕਿਲੋ) ਨੇ ਫਾਈਨਲ ’ਚ ਸਰਬਸੰਮਤੀ ਨਾਲ ਜਿੱਤ ਹਾਸਲ ਕਰਦੇ ਹੋਏ ਸੋਨੇ ਦੇ ਤਮਗੇ ਜਿੱਤੇ। ਪ੍ਰਵੀਨ ਹੁੱਡਾ (65 ਕਿਲੋ) ਨੇ ਚਾਂਦੀ ਦਾ ਤਮਗਾ ਜਿੱਤ ਕੇ ਮਹਿਲਾ ਟੀਮ ਦੇ ਸ਼ਾਨਦਾਰ ਪ੍ਰਦਰਸ਼ਨ ਨੂੰ ਪੂਰਾ ਕੀਤਾ।
ਪੁਰਸ਼ ਟੀਮ ਨੇ ਵੀ ਮਹਿਲਾਵਾਂ ਦੀ ਤਰ੍ਹਾਂ ਸਫਲਤਾ ਹਾਸਲ ਕਰਦੇ ਹੋਏ 4 ਸੋਨੇ ਦੇ ਤਮਗੇ ਜਿੱਤੇ। ਜਾਦੂਮਣੀ ਸਿੰਘ (55 ਕਿਲੋ), ਸਚਿਨ (60 ਕਿਲੋ), ਅੰਕੁਸ਼ (80 ਕਿਲੋ) ਅਤੇ ਨਰਿੰਦਰ (90 ਕਿਲੋ ਤੋਂ ਵੱਧ) ਆਪਣੇ ਵਰਗ ’ਚ ਚੈਂਪੀਅਨ ਬਣੇ। ਲਵਲੀਨਾ ਨੇ ਫਾਈਨਲ ’ਚ ਇਟਲੀ ਦੀ ਮੇਲਿਸਾ ਜੇਮਿਨੀ ਨੂੰ 5-0 ਨਾਲ ਹਰਾਇਆ, ਜਦੋਂਕਿ ਪ੍ਰੀਤੀ ਨੇ ਫਰਾਂਸ ਦੀ ਜੇਸਾ ਮਾਰਸੇਲ ਨੂੰ ਇਸੇ ਫਰਕ ਨਾਲ ਹਰਾਇਆ। ਸਾਕਸ਼ੀ ਨੇ ਫਰਾਂਸ ਦੀ ਮੇਸੂਨ ਬੌਰੇਗ ਨੂੰ 5-0 ਨਾਲ ਹਰਾਇਆ ਅਤੇ ਪ੍ਰਿਆ ਨੇ ਚੈੱਕ ਗਣਰਾਜ ਦੀ ਪਸੰਦੀਦਾ ਖਿਡਾਰੀ ਬਾਰਬੋਰਾ ਮੈਕਸੋਵਾ ’ਤੇ ਸ਼ਾਨਦਾਰ ਜਿੱਤ ਹਾਸਲ ਕੀਤੀ।
ਜਾਦੂਮਣੀ ਨੇ ਫਾਈਨਲ ’ਚ ਇੰਗਲੈਂਡ ਦੇ ਅਬਦੁਲ ਬਰਟਨ ਨੂੰ 4-1 ਨਾਲ ਹਰਾਇਆ, ਜਦੋਂਕਿ ਸਚਿਨ ਅਤੇ ਅੰਕੁਸ਼ ਨੇ ਕ੍ਰਮਵਾਰ ਹੰਗਰੀ ਦੇ ਵੇਰੇਸ ਰੋਹਲੈਂਡ ਅਤੇ ਚੈੱਕ ਗਣਰਾਜ ਦੇ ਫਲੋਰੀਅਨ ਡੈਨੀਅਲ ’ਤੇ 5-0 ਨਾਲ ਵੱਡੀ ਜਿੱਤ ਹਾਸਲ ਕੀਤੀ। ਨਰਿੰਦਰ ਨੇ ਅਰਮੀਨੀਆ ਦੇ ਡੇਵਿਡ ਚਾਲੋਯਨ ਨੂੰ 3-2 ਨਾਲ ਹਰਾਇਆ।
Women T20 WC: ਭਾਰਤ ਦੀ ਜਿੱਤ ਦੀ ਲੈਅ ਟੁੱਟੀ, ਦੱਖਣੀ ਅਫਰੀਕਾ ਨੇ 6 ਵਿਕਟਾਂ ਨਾਲ ਹਰਾਇਆ
NEXT STORY