ਨਵੀਂ ਦਿੱਲੀ : ਭਾਰਤ ਵਿੱਚ ਖੇਡਾਂ ਦੇ ਖੇਤਰ ਵਿੱਚ ਇੱਕ ਨਵਾਂ ਅਤੇ ਇਤਿਹਾਸਕ ਅਧਿਆਏ ਸ਼ੁਰੂ ਹੋ ਗਿਆ ਹੈ। ਸ਼ੁੱਕਰਵਾਰ ਨੂੰ ਨਵੀਂ ਦਿੱਲੀ ਵਿਖੇ 'ਕੋਰਫਬਾਲ ਪ੍ਰੀਮੀਅਰ ਲੀਗ' (KPL) ਦੀ ਸ਼ਾਨਦਾਰ ਲਾਂਚਿੰਗ ਕੀਤੀ ਗਈ। ਇਹ ਭਾਰਤ ਦੀ ਪਹਿਲੀ ਪੇਸ਼ੇਵਰ 'ਮਿਕਸਡ ਜੈਂਡਰ ਲੀਗ' ਹੈ, ਜਿਸ ਵਿੱਚ ਲੜਕੇ ਅਤੇ ਲੜਕੀਆਂ ਇੱਕੋ ਟੀਮ ਵਿੱਚ ਮਿਲ ਕੇ ਖੇਡਣਗੇ।
ਲੀਗ ਦੇ ਪ੍ਰਬੰਧਕਾਂ ਅਨੁਸਾਰ, ਪਹਿਲੇ ਸੀਜ਼ਨ ਵਿੱਚ 8 ਟੀਮਾਂ ਹਿੱਸਾ ਲੈਣਗੀਆਂ। ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਲਈ 25 ਲੱਖ ਰੁਪਏ ਦੀ ਪ੍ਰਾਈਜ਼ ਮਨੀ (ਇਨਾਮੀ ਰਾਸ਼ੀ) ਰੱਖੀ ਗਈ ਹੈ। ਇਸ ਲੀਗ ਦਾ ਮੁੱਖ ਉਦੇਸ਼ 'ਜੈਂਡਰ ਇਕੁਐਲਿਟੀ' (ਲਿੰਗ ਸਮਾਨਤਾ) ਨੂੰ ਉਤਸ਼ਾਹਿਤ ਕਰਨਾ ਅਤੇ ਖਿਡਾਰੀਆਂ ਨੂੰ ਇੱਕ ਵੱਡਾ ਪੇਸ਼ੇਵਰ ਮੰਚ ਪ੍ਰਦਾਨ ਕਰਨਾ ਹੈ। ਲੀਗ ਦਾ ਨਾਅਰਾ 'ਨਵਾਂ ਖੇਡ, ਨਵੀਂ ਸੋਚ' ਰੱਖਿਆ ਗਿਆ ਹੈ।
ਕੀ ਹੈ ਕੋਰਫਬਾਲ ਖੇਡ?
ਕੋਰਫਬਾਲ ਇੱਕ ਤੇਜ਼ੀ ਨਾਲ ਪ੍ਰਸਿੱਧ ਹੋ ਰਹੀ ਖੇਡ ਹੈ, ਜੋ ਦੇਖਣ ਵਿੱਚ ਬਾਸਕਟਬਾਲ ਅਤੇ ਨੈੱਟਬਾਲ ਵਰਗੀ ਲੱਗਦੀ ਹੈ, ਪਰ ਇਸਦੇ ਨਿਯਮ ਵੱਖਰੇ ਹਨ।
ਟੀਮ ਦੀ ਬਣਤਰ: ਹਰ ਟੀਮ ਵਿੱਚ 8 ਖਿਡਾਰੀ ਹੁੰਦੇ ਹਨ— 4 ਪੁਰਸ਼ ਅਤੇ 4 ਮਹਿਲਾਵਾਂ।
ਖੇਡ ਦਾ ਤਰੀਕਾ: ਖਿਡਾਰੀਆਂ ਨੇ ਗੇਂਦ ਨੂੰ 3.5 ਮੀਟਰ ਉੱਚੇ ਖੰਭੇ 'ਤੇ ਲੱਗੀ ਬਿਨਾਂ ਨੈੱਟ ਵਾਲੀ ਟੋਕਰੀ (ਜਿਸ ਨੂੰ ਕੋਰਫ ਕਿਹਾ ਜਾਂਦਾ ਹੈ) ਵਿੱਚ ਪਾਉਣਾ ਹੁੰਦਾ ਹੈ।
ਇਤਿਹਾਸ: ਇਸ ਖੇਡ ਦੀ ਸ਼ੁਰੂਆਤ 1902 ਵਿੱਚ ਨੀਦਰਲੈਂਡਜ਼ ਵਿੱਚ ਇੱਕ ਸਕੂਲ ਅਧਿਆਪਕ ਦੁਆਰਾ ਕੀਤੀ ਗਈ ਸੀ ਤਾਂ ਜੋ ਲੜਕੇ-ਲੜਕੀਆਂ ਬਰਾਬਰੀ ਨਾਲ ਇਕੱਠੇ ਖੇਡ ਸਕਣ।
ਦਿੱਗਜਾਂ ਦੀ ਰਹੀ ਮੌਜੂਦਗੀ
ਲਾਂਚਿੰਗ ਈਵੈਂਟ ਦੌਰਾਨ ਕੇ.ਪੀ.ਐਲ. ਦੇ ਫਾਊਂਡਰ ਅਮਨਦੀਪ ਸਿੰਘ, ਕੋਰਫਬਾਲ ਫੈਡਰੇਸ਼ਨ ਆਫ ਇੰਡੀਆ ਦੇ ਪ੍ਰਧਾਨ ਹਿਮਾਂਸ਼ੂ ਮਿਸ਼ਰਾ ਅਤੇ ਕਈ ਅੰਤਰਰਾਸ਼ਟਰੀ ਖਿਡਾਰੀ ਮੌਜੂਦ ਸਨ। ਫੈਡਰੇਸ਼ਨ ਅਨੁਸਾਰ ਇਹ ਖੇਡ ਭਾਰਤ ਦੇ 26 ਰਾਜਾਂ ਤੱਕ ਪਹੁੰਚ ਚੁੱਕੀ ਹੈ ਅਤੇ ਹੁਣ ਪ੍ਰੋਫੈਸ਼ਨਲ ਲੀਗ ਦੇ ਆਉਣ ਨਾਲ ਇਸ ਨੂੰ ਹੋਰ ਹੁਲਾਰਾ ਮਿਲੇਗਾ। ਪ੍ਰਬੰਧਕਾਂ ਦਾ ਮੰਨਣਾ ਹੈ ਕਿ ਜਿਸ ਤਰ੍ਹਾਂ ਕ੍ਰਿਕਟ ਦੁਨੀਆ ਭਰ ਵਿੱਚ ਪ੍ਰਸਿੱਧ ਹੋਇਆ ਹੈ, ਕੋਰਫਬਾਲ ਵੀ ਭਾਰਤ ਵਿੱਚ ਆਪਣੀ ਵੱਡੀ ਪਛਾਣ ਬਣਾਏਗਾ।
Punjab Kings ਨੇ 10ਵੀਂ ਵਾਰ 200+ ਦਾ ਟੀਚਾ ਕੀਤਾ ਚੇਜ, ਸ਼੍ਰੇਅਸ ਅਈਅਰ ਦੀ ਪਾਰੀ ਅਭਿਸ਼ੇਕ ਸ਼ਰਮਾ 'ਤੇ ਪਈ ਭਾਰੀ
NEXT STORY