ਸਪੋਰਟਸ ਡੈਸਕ- ਸਾਬਕਾ ਚੈਂਪੀਅਨ ਭਾਰਤੀ ਫੁੱਟਬਾਲ ਟੀਮ ਨੂੰ ਸੈਫ (ਦੱਖਣੀ ਏਸ਼ੀਆਈ ਫੁੱਟਬਾਲ ਮਹਾਸੰਘ) ਚੈਂਪੀਅਨਸ਼ਿਪ ’ਚ ਆਪਣੇ 10ਵੇਂ ਤੇ ਲਗਾਤਾਰ ਤੀਜੀ ਵਾਰ ਚੈਂਪੀਅਨ ਬਣਨ ਲਈ ਮੰਗਲਵਾਰ ਨੂੰ ਖਿਤਾਬੀ ਮੁਕਾਬਲੇ ’ਚ ਪਾਕਿਸਤਾਨ ਦੀ ਚੁਣੌਤੀ ਤੋਂ ਪਾਰ ਪਾਉਣਾ ਪਵੇਗਾ। ਪਾਕਿਸਤਾਨ ਦੀ ਟੀਮ ਗਰੁੱਪ ਗੇੜ ਦੇ ਸ਼ੁਰੂਆਤੀ ਮੁਕਾਬਲੇ ’ਚ ਭਾਰਤ ਹੱਥੋਂ ਹਾਰ ਤੋਂ ਬਾਅਦ ਸ਼ਾਨਦਾਰ ਲੈਅ ’ਚ ਹੈ ਤੇ ਪਹਿਲੀ ਵਾਰ ਇਸ ਟੂਰਨਾਮੈਂਟ ਦੇ ਫਾਈਨਲ ’ਚ ਪਹੁੰਚੀ ਹੈ। ਗਰੁੱਪ ਗੇੜ ਦੇ ਸਖਤ ਮੁਕਾਬਲੇ ’ਚ ਭਾਰਤ ਨੇ ਪਾਕਿਸਤਾਨ ’ਤੇ 3-2 ਨਾਲ ਜਿੱਤ ਦਰਜ ਕੀਤੀ ਸੀ।
‘ਬਲਿਊ ਟਾਈਗਰਜ਼’ (ਭਾਰਤੀ ਫੁੱਟਬਾਲ ਟੀਮ) ਦੇ ਨਾਂ ਇਸ ਪ੍ਰਤੀਯੋਗਿਤਾ ’ਚ ਸਭ ਤੋਂ ਵੱਧ 9 ਖਿਤਾਬ ਜਿੱਤਣ ਦਾ ਰਿਕਾਰਡ ਹੈ। ਭਾਰਤ ਨੇ 1993, 1997, 1999, 2005, 2009, 2011, 2015, 2021 ਤੇ 2023 ’ਚ ਖਿਤਾਬੀ ਸਫਲਤਾ ਹਾਸਲ ਕੀਤੀ ਹੈ। ਇਸ ਵਾਰ ਦੂਜੇ ਦਰਜੇ ਦੀ ਟੀਮ ਉਤਾਰਨ ਦੇ ਬਾਵਜੂਦ ਭਾਰਤੀ ਟੀਮ ਨੂੰ ਇਕ ਵਾਰ ਫਿਰ ਟਰਾਫੀ ਦਾ ਪ੍ਰਮੁੱਖ ਦਾਅਵੇਦਾਰ ਮੰਨਿਆ ਜਾ ਰਿਹਾ ਹੈ।
ਪਾਕਿਸਤਾਨ ਇਸ ਤੋਂ ਪਹਿਲਾਂ 4 ਵਾਰ ਸੈਮੀਫਾਈਨਲ ਤੱਕ ਪਹੁੰਚਿਆ ਹੈ। ਉਸ ਨੇ ਸ਼ਨੀਵਾਰ ਨੂੰ ਮੇਜ਼ਬਾਨ ਬੰਗਲਾਦੇਸ਼ ਨੂੰ 1-0 ਨਾਲ ਹਰਾ ਕੇ ਪਹਿਲੀ ਵਾਰ ਖਿਤਾਬੀ ਮੁਕਾਬਲੇ ’ਚ ਜਗ੍ਹਾ ਬਣਾ ਕੇ ਇਤਿਹਾਸ ਰਚ ਦਿੱਤਾ। ਭਾਰਤ ਹੁਣ ਤੱਕ ਸਿਰਫ ਇਕ ਵਾਰ (2003) ਫਾਈਨਲ ਤੱਕ ਪਹੁੰਚਣ ’ਚ ਅਸਫਲ ਰਿਹਾ ਸੀ। ਇਸ ਟੂਰਨਾਮੈਂਟ ਲਈ ਮੁੱਖ ਕੋਚ ਨੌਸ਼ਾਦ ਮੂਸਾ ਨੇ ਫਾਈਨਲ ’ਚ ਜਗ੍ਹਾ ਬਣਾਉਣ ਦਾ ਸਿਹਰਾ ਖਿਡਾਰੀਆਂ ਤੇ ਸਹਿਯੋਗੀ ਸਟਾਫ ਦੀ ਸਮੂਹਿਕ ਕੋਸ਼ਿਸ਼ ਨੂੰ ਦਿੱਤਾ।
ਮੂਸਾ ਨੇ ਕਿਹਾ, ‘‘ਇਸ ਸਫਰ ’ਚ ਸਾਨੂੰ ਵੱਖ-ਵੱਖ ਤਰ੍ਹਾਂ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਪਰ ਖਿਡਾਰੀਆਂ ਨੇ ਸ਼ਾਨਦਾਰ ਜਜ਼ਬਾ, ਜੁਝਾਰੂਪਨ ਤੇ ਮੁਕਾਬਲਾ ਕਰਨ ਦੀ ਪ੍ਰਮੁੱਖ ਇੱਛਾ ਸ਼ਕਤੀ ਦਿਖਾਈ।’’
ਭਾਰਤ ਦੇ ਮੈਚ ਤੋਂ ਬਾਅਦ ਵਿਦੇਸ਼ਾਂ ’ਚ ਖੇਡਣ ਵਾਲੇ ਕਈ ਖਿਡਾਰੀਆਂ ਦੇ ਟੀਮ ਨਾਲ ਜੁੜਨ ਤੋਂ ਬਾਅਦ ਪਾਕਿਸਤਾਨ ਦੀ ਟੀਮ ਮਜ਼ਬੂਤ ਹੋਈ ਹੈ। ਅਜਿਹੇ ’ਚ ਭਾਰਤ ਲਈ ਖਿਤਾਬੀ ਮੁਕਾਬਲਾ ਗਰੁੱਪ ਗੇੜ ਦੇ ਮੈਚ ਨਾਲੋਂ ਕਿਤੇ ਵੱਧ ਚੁਣੌਤੀਪੂਰਨ ਹੋ ਸਕਦਾ ਹੈ।
ਮੂਸਾ ਨੇ ਕਿਹਾ, ‘‘ਮੈਨੂੰ ਉਮੀਦ ਹੈ ਕਿ ਫਾਈਨਲ ਮੁਕਾਬਲਾ ਬਿਲਕੁਲ ਵੱਖਰਾ ਹੋਵੇਗਾ। ਗਰੁੱਪ ਗੇੜ ’ਚ ਜਿਸ ਪਾਕਿਸਤਾਨ ਦਾ ਅਸੀਂ ਸਾਹਮਣਾ ਕੀਤਾ ਸੀ, ਉਸ ਦੀ ਤੁਲਨਾ ’ਚ ਹੁਣ ਉਸ ਦੀ ਟੀਮ ਕਾਫੀ ਬਦਲੀ ਹੋਈ ਨਜ਼ਰ ਆ ਰਹੀ ਹੈ। ਉਸ ਦੇ ਨਾਲ ਕੁਝ ਨਵੇਂ ਖਿਡਾਰੀ ਵੀ ਜੁੜੇ ਹਨ। ਪਾਕਿਸਤਾਨ ਨੇ ਨਿਸ਼ਚਿਤ ਤੌਰ ’ਤੇ ਸਾਡੇ ਪਿਛਲੇ ਮੁਕਾਬਲੇ ਦਾ ਵਿਸ਼ਲੇਸ਼ਣ ਕੀਤਾ ਹੋਵੇਗਾ। ਅਜਿਹੇ ’ਚ ਅਸੀਂ ਉਮੀਦ ਕਰ ਰਹੇ ਹਾਂ ਕਿ ਉਹ ਪੂਰੀ ਤਿਆਰੀ ਤੇ ਮਜ਼ਬੂਤ ਇਰਾਦਿਆਂ ਨਾਲ ਮੈਦਾਨ ’ਤੇ ਉਤਰੇਗਾ।’’
ਸੀਨੀਅਰ ਪੱਧਰ ’ਤੇ ਕੌਮਾਂਤਰੀ ਫੁੱਟਬਾਲ ’ਚ ਭਾਰਤ ਤੇ ਪਾਕਿਸਤਾਨ ਵਿਚਾਲੇ ਹੁਣ ਤੱਕ ਕੁੱਲ 30 ਮੁਕਾਬਲੇ ਖੇਡੇ ਗਏ ਹਨ। ਇਨ੍ਹਾਂ ’ਚ ਭਾਰਤ ਨੇ 17 ’ਚ ਜਿੱਤ ਦਰਜ ਕੀਤੀ ਹੈ ਜਦਕਿ ਪਾਕਿਸਤਾਨ ਨੂੰ 4 ਮੁਕਾਬਲਿਆਂ ’ਚ ਸਫਲਤਾ ਮਿਲੀ ਹੈ। ਦੋਵਾਂ ਟੀਮਾਂ ਵਿਚਾਲੇ 9 ਮੈਚ ਡਰਾਅ ਰਹੇ ਹਨ। ਸੀਨੀਅਰ ਸੈਫ ਚੈਂਪੀਅਨਸ਼ਿਪ ਦੇ ਇਤਿਹਾਸ ’ਚ ਦੋਵਾਂ ਦੇਸ਼ਾਂ ਵਿਚਾਲੇ ਪਹਿਲਾ ਫਾਈਨਲ ਹੋਵੇਗਾ।
ਸੂਰਯਕੁਮਾਰ ਨੇ 29 ਗੇਂਦਾਂ 'ਚ ਠੋਕ 'ਤੀਆਂ 82 ਦੌੜਾਂ ! ਮੁੰਬਈ ਨੇ ਗੁਜਰਾਤ ਨੂੰ ਆਸਾਨੀ ਨਾਲ ਹਰਾਇਆ
NEXT STORY