ਸਪੋਰਟਸ ਡੈਸਕ- ਆਈ.ਪੀ.ਐੱਲ. 2026 ਦੇ 49ਵੇਂ ਮੁਕਾਬਲੇ ਵਿੱਚ ਬੁੱਧਵਾਰ ਨੂੰ ਸਨਰਾਈਜ਼ਰਜ਼ ਹੈਦਰਾਬਾਦ ਨੇ ਪੰਜਾਬ ਕਿੰਗਜ਼ ਨੂੰ 33 ਦੌੜਾਂ ਨਾਲ ਕਰਾਰੀ ਮਾਤ ਦਿੱਤੀ। ਇਸ ਸ਼ਾਨਦਾਰ ਜਿੱਤ ਦੇ ਨਾਲ ਹੈਦਰਾਬਾਦ ਦੀ ਟੀਮ ਹੁਣ ਅੰਕ ਸੂਚੀ ਵਿੱਚ ਸਿਖਰ 'ਤੇ ਪਹੁੰਚ ਗਈ ਹੈ। ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਪੰਜਾਬ ਦਾ ਫੈਸਲਾ ਉਸ ਸਮੇਂ ਗਲਤ ਸਾਬਤ ਹੋਇਆ ਜਦੋਂ ਹੈਦਰਾਬਾਦ ਦੇ ਬੱਲੇਬਾਜ਼ਾਂ ਨੇ ਦੌੜਾਂ ਦਾ ਹੜ੍ਹ ਲਿਆ ਦਿੱਤਾ।
ਪਹਿਲਾਂ ਬੱਲੇਬਾਜ਼ੀ ਕਰਦਿਆਂ ਹੈਦਰਾਬਾਦ ਦੀ ਟੀਮ ਨੇ ਨਿਰਧਾਰਤ 20 ਓਵਰਾਂ ਵਿੱਚ 4 ਵਿਕਟਾਂ ਦੇ ਨੁਕਸਾਨ 'ਤੇ 235 ਦੌੜਾਂ ਦਾ ਵਿਸ਼ਾਲ ਸਕੋਰ ਖੜ੍ਹਾ ਕੀਤਾ। ਅਭਿਸ਼ੇਕ ਸ਼ਰਮਾ ਨੇ ਮਹਿਜ਼ 13 ਗੇਂਦਾਂ ਵਿੱਚ 4 ਛੱਕਿਆਂ ਦੀ ਮਦਦ ਨਾਲ 35 ਦੌੜਾਂ ਬਣਾ ਕੇ ਟੀਮ ਨੂੰ ਤੂਫ਼ਾਨੀ ਸ਼ੁਰੂਆਤ ਦਿੱਤੀ। ਇਸ ਤੋਂ ਬਾਅਦ ਈਸ਼ਾਨ ਕਿਸ਼ਨ ਨੇ 55 ਦੌੜਾਂ ਅਤੇ ਹੇਨਰਿਕ ਕਲਾਸਨ ਨੇ 43 ਗੇਂਦਾਂ ਵਿੱਚ 69 ਦੌੜਾਂ ਦੀਆਂ ਧਮਾਕੇਦਾਰ ਪਾਰੀਆਂ ਖੇਡ ਕੇ ਸਕੋਰ ਨੂੰ 200 ਦੇ ਪਾਰ ਪਹੁੰਚਾਇਆ। ਟ੍ਰੈਵਿਸ ਹੈੱਡ ਨੇ ਵੀ 38 ਦੌੜਾਂ ਦਾ ਅਹਿਮ ਯੋਗਦਾਨ ਪਾਇਆ।
236 ਦੌੜਾਂ ਦੇ ਪਹਾੜ ਜਿਹੇ ਟੀਚੇ ਦਾ ਪਿੱਛਾ ਕਰਨ ਉਤਰੀ ਪੰਜਾਬ ਕਿੰਗਜ਼ ਦੀ ਸ਼ੁਰੂਆਤ ਬੇਹੱਦ ਨਿਰਾਸ਼ਾਜਨਕ ਰਹੀ। ਸਲਾਮੀ ਬੱਲੇਬਾਜ਼ ਪ੍ਰਿਆਂਸ਼ ਆਰਿਆ ਅਤੇ ਪ੍ਰਭਸਿਮਰਨ ਸਿੰਘ ਸਸਤੇ ਵਿੱਚ ਆਊਟ ਹੋ ਗਏ, ਜਿਸ ਕਾਰਨ ਪਾਰੀ ਲੜਖੜਾ ਗਈ। ਹਾਲਾਂਕਿ, ਕੂਪਰ ਕੋਨੋਲੀ ਨੇ ਇੱਕਲੇ ਕਿਲ੍ਹਾ ਲੜਾਉਂਦਿਆਂ ਸ਼ਾਨਦਾਰ ਸੈਂਕੜਾ ਜੜਿਆ। ਕੋਨੋਲੀ ਨੇ 59 ਗੇਂਦਾਂ ਵਿੱਚ ਨਾਬਾਦ 107 ਦੌੜਾਂ ਬਣਾਈਆਂ, ਜਿਸ ਵਿੱਚ 8 ਛੱਕੇ ਅਤੇ 7 ਚੌਕੇ ਸ਼ਾਮਲ ਸਨ। ਉਨ੍ਹਾਂ ਦੀ ਇਸ ਲੜਾਕੂ ਪਾਰੀ ਦੇ ਬਾਵਜੂਦ ਪੰਜਾਬ ਦੀ ਟੀਮ 20 ਓਵਰਾਂ ਵਿੱਚ 202 ਦੌੜਾਂ ਹੀ ਬਣਾ ਸਕੀ ਅਤੇ ਮੈਚ ਹਾਰ ਗਈ।
ਇਸ ਜਿੱਤ ਤੋਂ ਬਾਅਦ ਸਨਰਾਈਜ਼ਰਜ਼ ਹੈਦਰਾਬਾਦ ਹੁਣ 11 ਮੈਚਾਂ ਵਿੱਚ 14 ਅੰਕਾਂ ਦੇ ਨਾਲ ਅੰਕ ਸੂਚੀ ਵਿੱਚ ਪਹਿਲੇ ਨੰਬਰ 'ਤੇ ਆ ਗਈ ਹੈ। ਦੂਜੇ ਪਾਸੇ, ਪੰਜਾਬ ਕਿੰਗਜ਼ 10 ਮੈਚਾਂ ਵਿੱਚ 13 ਅੰਕਾਂ ਨਾਲ ਦੂਜੇ ਸਥਾਨ 'ਤੇ ਖਿਸਕ ਗਈ ਹੈ। ਸੀਜ਼ਨ ਦੀ ਸ਼ੁਰੂਆਤ ਵਿੱਚ ਅਜੇਤੂ ਨਜ਼ਰ ਆਉਣ ਵਾਲੀ ਪੰਜਾਬ ਦੀ ਟੀਮ ਨੂੰ ਹੁਣ ਲਗਾਤਾਰ ਹਾਰਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਹੈਦਰਾਬਾਦ ਨੇ ਪੰਜਾਬ ਨੂੰ ਦਿੱਤਾ 236 ਦੌੜਾਂ ਦਾ ਟੀਚਾ, ਈਸ਼ਾਨ-ਕਲਾਸੇਨ ਨੇ ਜੜੇ ਤੂਫ਼ਾਨੀ ਅਰਧ ਸੈਂਕੜੇ
NEXT STORY