ਤਲਵੰਡੀ ਸਾਬੋ(ਮੁਨੀਸ਼)-ਵਿਧਾਨ ਸਭਾ ਚੋਣਾਂ ਮੌਕੇ ਹਲਕਾ ਮੌੜ ਮੰਡੀ ਵਿਖੇ ਕਾਂਗਰਸੀ ਉਮੀਦਵਾਰ ਦੀ ਜਨ ਸਭਾ ਦੌਰਾਨ ਹੋਏ ਬੰਬ ਕਾਂਡ ਦੇ ਮਾਮਲੇ 'ਚ ਅੱਜ ਉਸ ਸਮੇਂ ਨਵਾਂ ਮੋੜ ਆ ਗਿਆ ਜਦੋਂ ਪੁਲਸ ਨੇ ਮਾਮਲੇ ਨਾਲ ਸਬੰਧਤ ਚਾਰ ਵਿਅਕਤੀਆਂ ਨੂੰ ਤਲਵੰਡੀ ਸਾਬੋ ਅਦਾਲਤ ਵਿਚ ਪੇਸ਼ ਕਰਨ ਉਪਰੰਤ ਇਸ ਮਾਮਲੇ ਵਿਚ ਅਹਿਮ ਸੁਰਾਗ ਮਿਲਣ ਦਾ ਦਾਅਵਾ ਕਰਦਿਆਂ ਮਾਮਲੇ ਨੂੰ ਜਲਦੀ ਹੱਲ ਕਰ ਲੈਣ ਦੀ ਗੱਲ ਕਹੀ। ਇੱਥੇ ਦੱਸਣਾ ਬਣਦਾ ਹੈ ਕਿ 2017 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਚੋਣ ਪ੍ਰਚਾਰ ਦੌਰਾਨ 31 ਜਨਵਰੀ ਦੀ ਸ਼ਾਮ ਨੂੰ ਵਿਧਾਨ ਸਭਾ ਹਲਕਾ ਮੌੜ ਮੰਡੀ ਤੋਂ ਕਾਂਗਰਸ ਦੇ ਉਮੀਦਵਾਰ ਹਰਮੰਦਰ ਸਿੰਘ ਜੱਸੀ ਦੀ ਜਨ ਸਭਾ ਨੇੜੇ ਵੱਡਾ ਬਲਾਸਟ ਹੋ ਗਿਆ ਸੀ, ਜਿਸ ਦੌਰਾਨ 4 ਬੱਚਿਆਂ ਸਮੇਤ 6 ਲੋਕਾਂ ਦੀ ਮੌਤ ਹੋ ਗਈ ਸੀ ਜਦੋਂ ਕਿ ਕਈ ਲੋਕ ਗੰਭੀਰ ਜ਼ਖਮੀ ਹੋ ਗਏ ਸਨ, ਜਿਨ੍ਹਾਂ 'ਚੋਂ ਅੱਜ ਵੀ ਕਈ ਗੰਭੀਰ ਜ਼ਖਮਾਂ ਨੂੰ ਝੱਲ ਰਹੇ ਹਨ। ਕਾਂਗਰਸੀ ਉਮੀਦਵਾਰ ਹਰਮੰਦਰ ਸਿੰਘ ਜੱਸੀ ਜੋ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਦੇ ਕੁੜਮ ਵੀ ਹਨ ਅਤੇ ਜਿਨ੍ਹਾਂ ਨੂੰ ਸੁਰੱਖਿਆ ਦੇ ਮੱਦੇਨਜ਼ਰ ਜ਼ੈੱਡ ਸੁਰੱਖਿਆ ਮਿਲੀ ਹੋਈ ਹੈ ਵੀ ਉਕਤ ਹਮਲੇ 'ਚ ਵਾਲ-ਵਾਲ ਬਚੇ ਸਨ ਤੇ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਭਾਵੇਂ ਕਿ ਬੰਬ ਕਾਂਡ ਦੇ ਦੋਸ਼ੀਆਂ ਨੂੰ ਫੜਨ ਲਈ ਸਪੈਸ਼ਲ ਜਾਂਚ ਟੀਮ ਦਾ ਗਠਨ ਕੀਤਾ ਗਿਆ ਸੀ ਪਰ ਪਿਛਲੇ ਕਾਫੀ ਸਮੇਂ ਤੋਂ ਉਕਤ ਮਾਮਲੇ ਵਿਚ ਕੋਈ ਵੱਡਾ ਸੁਰਾਗ ਨਾ ਮਿਲਣ ਦੇ ਕਾਰਨ ਉਕਤ ਜਾਂਚ ਰੁਕਣ ਦੀ ਕਗਾਰ 'ਤੇ ਪੁੱਜ ਚੁੱਕੀ ਸੀ ਪਰ ਅੱਜ ਇਹ ਮਾਮਲਾ ਉਸ ਸਮੇਂ ਫਿਰ ਸੁਰਖੀਆਂ ਵਿਚ ਆ ਗਿਆ ਜਦੋਂ ਸਪੈਸ਼ਲ ਜਾਂਚ ਟੀਮ ਨੇ ਤਲਵੰਡੀ ਸਾਬੋ ਦੀ ਮਾਣਯੋਗ ਅਦਾਲਤ ਵਿਚ ਜੱਜ ਗੁਰਦਰਸ਼ਨ ਸਿੰਘ ਕੋਲ ਚਾਰ ਗਵਾਹਾਂ ਨੂੰ ਪੇਸ਼ ਕਰ ਦਿੱਤਾ। ਉਕਤ ਗਵਾਹਾਂ ਨੇ ਜੱਜ ਸਾਹਿਬ ਅੱਗੇ ਆਪਣੇ ਬਿਆਨ ਦਰਜ ਕਰਵਾਏ। ਗਵਾਹਾਂ ਦੀ ਪੇਸ਼ੀ ਦੇ ਮੱਦੇਨਜ਼ਰ ਪੁਲਸ ਨੇ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਹੋਏ ਸਨ ਤੇ ਅਦਾਲਤੀ ਕੰਪਲੈਕਸ ਵਿਚ ਬਠਿੰਡਾ ਦੇ ਸਾਬਕਾ ਐੱਸ. ਐੱਸ. ਪੀ. ਤੇ ਜਾਂਚ ਟੀਮ ਦੇ ਅਫਸਰ ਸਵਪਨ ਸ਼ਰਮਾ ਭਾਰੀ ਫੋਰਸ ਸਮੇਤ ਹਾਜ਼ਰ ਸਨ। ਅਦਾਲਤੀ ਕੰਪਲੈਕਸ ਵਿਚ ਦੋ-ਤਿੰਨ ਥਾਣਿਆਂ ਦੀ ਪੁਲਸ ਤਾਇਨਾਤ ਕੀਤੀ ਹੋਈ ਸੀ। ਪੁਲਸ ਨੇ ਗਵਾਹਾਂ ਦੀ ਪਛਾਣ ਨੂੰ ਗੁਪਤ ਰੱਖਦਿਆਂ ਮੀਡੀਆ ਕਰਮਚਾਰੀਆਂ ਨੂੰ ਇਨ੍ਹਾਂ ਦੇ ਨੇੜੇ ਨਾ ਢੁਕਣ ਦਿੱਤਾ। ਉਨ੍ਹਾਂ ਨੂੰ ਬਾਅਦ 'ਚ ਮੀਡੀਆ ਨੂੰ ਝਕਾਨੀ ਦੇ ਕੇ ਪਿਛਲੇ ਦਰਵਾਜਿਓਂ ਕੱਢਣ ਵਿਚ ਪੁਲਸ ਕਾਮਯਾਬ ਰਹੀ ਪਰ ਬਾਅਦ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਾਂਚ ਟੀਮ ਅਧਿਕਾਰੀ ਤੇ ਡੀ. ਆਈ. ਜੀ. ਰਣਬੀਰ ਸਿੰਘ ਖੱਟੜਾ ਨੇ ਕਿਹਾ ਕਿ ਜਾਂਚ ਟੀਮ ਇਸ ਮਸਲੇ ਨੂੰ ਲੈ ਕੇ ਵੱਖ-ਵੱਖ ਹਿੱਸਿਆਂ ਤੋਂ ਇਲਾਵਾ ਸਿਰਸਾ ਆਦਿ ਇਲਾਕਿਆਂ 'ਚ ਤਫਤੀਸ਼ ਕਰ ਚੁੱਕੀ ਹੈ ਤੇ ਹੁਣ ਜਾ ਕੇ ਉਨ੍ਹਾਂ ਨੂੰ ਬਹੁਤ ਅਹਿਮ ਸਬੂਤ ਹੱਥ ਲੱਗੇ ਹਨ।
ਉਨ੍ਹਾਂ ਕਿਹਾ ਕਿ ਅਦਾਲਤ ਵਿਚ ਪੇਸ਼ ਕੀਤੇ ਉਕਤ ਚਾਰਾਂ ਵਿਅਕਤੀਆਂ ਦੀ ਗਵਾਹੀ ਮੌੜ ਬੰਬ ਕਾਂਡ ਨੂੰ ਹੱਲ ਕਰਨ ਵਿਚ ਸਹਾਈ ਹੋਵੇਗੀ ਤੇ ਇਨ੍ਹਾਂ ਤੋਂ ਪੁੱਛਗਿੱਛ ਦੌਰਾਨ ਬਹੁਤ ਖੁਲਾਸੇ ਹੋਣ ਦੀ ਉਮੀਦ ਹੈ। ਉਨ੍ਹਾਂ ਦਾਅਵਾ ਕੀਤਾ ਕਿ ਜਾਂਚ ਟੀਮ ਉਕਤ ਮਾਮਲੇ ਨੂੰ ਪੂਰੀ ਤਰ੍ਹਾਂ ਹੱਲ ਕਰਨ ਦੇ ਬਹੁਤ ਨੇੜੇ ਪੁੱਜ ਗਈ ਹੈ ਤੇ ਜਲਦੀ ਹੀ ਸਾਰੇ ਮਾਮਲੇ ਨੂੰ ਸੁਲਝਾ ਲਿਆ ਜਾਵੇਗਾ। ਸ. ਖੱਟੜਾ ਨੇ ਉਕਤ ਮਾਮਲੇ ਵਿਚ ਕਿਸੇ ਸਿਆਸੀ ਆਗੂ ਜਾਂ ਡੇਰਾ ਸਿਰਸਾ ਦੀ ਸ਼ਮੂਲੀਅਤ ਸਬੰਧੀ ਸਵਾਲ ਤੋਂ ਟਾਲਾ ਵੱਟਦਿਆਂ ਕਿਹਾ ਕਿ ਜਲਦੀ ਹੀ ਸਭ ਕੁਝ ਸਾਹਮਣੇ ਆ ਜਾਵੇਗਾ। ਪੁਲਸ ਅਧਿਕਾਰੀਆਂ ਨੇ ਮਾਮਲੇ ਦਾ ਜਲਦੀ ਹੱਲ ਹੋਣ ਦਾ ਦਾਅਵਾ ਕਰਦੇ ਹੋਏ ਵੱਡੇ ਖੁਲਾਸੇ ਕਰਨ ਦੀ ਗੱਲ ਕਹੀ ਹੈ। ਉਨ੍ਹਾਂ ਅਦਾਲਤ ਵਿਚ ਪੇਸ਼ ਕੀਤੇ ਚਾਰਾਂ ਵਿਅਕਤੀਆਂ ਦੀ ਸ਼ਨਾਖਤ ਕਰਨ ਤੋਂ ਇਨਕਾਰ ਕਰਦਿਆਂ ਕਿਹਾ ਕਿ ਇਸ ਨਾਲ ਉਨ੍ਹਾਂ ਦੀ ਜਾਨ ਨੂੰ ਖਤਰਾ ਪੈਦਾ ਹੋ ਸਕਦਾ ਹੈ।
ਸੜਕ ਹਾਦਸਿਆਂ 'ਚ ਔਰਤ ਸਮੇਤ 5 ਜ਼ਖਮੀ
NEXT STORY