ਮੋਦੀ ਸਰਕਾਰ ਨੇ ਇੱਕ ਵੱਡਾ ਫੈਸਲਾ ਲੈਂਦੇ ਹੋਏ ਰਾਸ਼ਟਰਪਤੀ ਭਵਨ ਵਿੱਚ ਬਣੇ ਮੁਗ਼ਲ ਗਾਰਡਨ ਦਾ ਨਾਮ ਬਦਲ ਕੇ ਅੰਮ੍ਰਿਤ ਉਦਿਆਨ ਕਰਨ ਦਾ ਫੈਸਲਾ ਕੀਤਾ ਹੈ।
ਰਾਸ਼ਟਰਪਤੀ ਭਵਨ ਦਾ ਇਹ ਬਗੀਚਾ ਸਾਲ 1928-29 ਵਿੱਚ ਬਣਿਆ ਸੀ।
ਸਾਲ 2019 ਵਿੱਚ ਹਿੰਦੂ ਮਹਾਸਭਾ ਨੇ ਇਹ ਮੰਗ ਕੀਤੀ ਸੀ ਕਿ ਮੁਗ਼ਲ ਗਾਰਡਨ ਦਾ ਨਾਮ ਬਦਲ ਕੇ ਰਾਜਿੰਦਰ ਪ੍ਰਸਾਦ ਉਦਿਆਨ ਰੱਖਿਆ ਜਾਵੇ।
ਉਸ ਸਮੇਂ ਇਹ ਮੰਗ ਨਹੀਂ ਮੰਨੀ ਗਈ ਸੀ।
ਪਰ ਹੁਣ ਦਿੱਲੀ ਦੀ ਪਹਿਚਾਣ ਬਣ ਚੁੱਕੇ ਮੁਗ਼ਲ ਗਾਰਡਨ ਦਾ ਨਾਮ ਬਦਲ ਦਿੱਤਾ ਗਿਆ ਹੈ।
ਰਾਸ਼ਟਰਪਤੀ ਭਵਨ ਅੰਦਰ 15 ਏਕੜ ਵਿੱਚ ਬਣੇ ਮੁਗ਼ਲ ਗਾਰਡਨ ਨੂੰ ਬਣਾਉਣ ਦੀ ਪ੍ਰੇਰਣਾ ਜੰਮੂ-ਕਸ਼ਮੀਰ ਦੇ ਮੁਗ਼ਲ ਗਾਰਡਨ, ਤਾਜ ਮਹਿਲ ਦੇ ਆਲੇ-ਦੁਆਲੇ ਦੇ ਬਗੀਚੇ ਅਤੇ ਇਥੋਂ ਤੱਕ ਕਿ ਭਾਰਤ ਤੇ ਫਰਾਂਸ ਦੀਆਂ ਪੇਂਟਿੰਗਾਂ ਤੋਂ ਮਿਲੀ ਸੀ।
ਮੁਗ਼ਲ ਗਾਰਡਨ ਦੀ ਖੂਬਸੂਰਤੀ
ਮੁਗ਼ਲ ਗਾਰਡਨ ਦੁਨੀਆਂ ਦੇ ਤਮਾਮ ਮਸ਼ਹੂਰ ਫੁੱਲਾਂ ਦੀ ਖੂਬਸੂਰਤੀ ਅਤੇ ਖੁਸ਼ਬੂ ਨਾਲ ਭਰਪੂਰ ਹੈ।
ਇੱਥੇ ਨੀਂਦਰਲੈਂਡਜ਼ ਦੇ ਟਿਊਲਿਪ ਹਨ, ਬ੍ਰਾਜ਼ੀਲ ਤੋਂ ਆਰਕਿਡ, ਜਾਪਾਨ ਤੋਂ ਚੈਰੀ ਬਲਾਸਮ ਅਤੇ ਹੋਰ ਮੌਸਮੀ ਫੁੱਲਾਂ ਸਮੇਤ ਚੀਨ ਤੋਂ ਕਮਲ ਦੇ ਫੁੱਲ ਵੀ ਹਨ।
ਇੱਥੇ ਮੁਗ਼ਲ ਨਹਿਰਾਂ, ਚਬੂਤਰਿਆਂ ਅਤੇ ਵੱਖ-ਵੱਖ ਪ੍ਰਕਾਰ ਦੇ ਫੁੱਲਾਂ ਦਾ ਖੂਬਸੂਰਤ ਸੁਮੇਲ ਦੇਖਣ ਨੂੰ ਮਿਲਦਾ ਹੈ।
159 ਤਰ੍ਹਾਂ ਦੇ ਗੁਲਾਬ
ਮੁਗ਼ਲ ਗਾਰਡਨ ਦੇ ਗੁਲਾਬ ਇੱਥੋਂ ਦੀ ਸਭ ਤੋਂ ਵੱਡੀ ਖਾਸੀਅਤ ਹਨ ਅਤੇ ਇੱਥੇ ਗੁਲਾਬਾਂ ਦੀਆਂ 159 ਕਿਸਮਾਂ ਮੌਜੂਦ ਹਨ।
ਇਨ੍ਹਾਂ ਵਿੱਚ ਏਡੋਰਾ, ਮ੍ਰਿਣਾਲਿਣੀ, ਤਾਜ ਮਹਿਲਾ, ਐਫਿਲ ਟਾਵਰ, ਮਾਡਰਨ ਆਰਟ, ਬਲੈਕ ਲੇਡੀ, ਪੈਰਾਡਾਇਜ਼, ਬਲੂ ਮੂਨ ਅਤੇ ਲੇਡੀ ਐਕਸ ਸ਼ਾਮਲ ਹਨ।
ਇੱਥੇ ਕਈ ਮਸ਼ਹੂਰ ਹਸਤੀਆਂ ਜਿਵੇਂ ਮਦਰ ਟੇਰੇਸਾ, ਰਾਜਾ ਰਾਮ ਮੋਹਨ ਰਾਏ, ਜੌਨ ਐੱਫ, ਕੈਨੇਡੀ, ਮਹਾਰਾਣੀ ਐਲਿਜ਼ਾਬੇਥ ਦੇ ਨਾਮ ਦੇ ਵੀ ਗੁਲਾਬ ਹਨ।
ਇਸ ਤੋਂ ਇਲਾਵਾ ਇੱਥੇ ਮਹਾਭਾਰਤ ਦੇ ਪਾਤਰਾਂ ਜਿਵੇਂ ਕਿ ਅਰਜੁਨ ਅਤੇ ਭੀਮ ਦੇ ਨਾਮ ''ਤੇ ਫੁੱਲ ਵੀ ਪਾਏ ਜਾਂਦੇ ਹਨ।
ਇੱਥੇ ਟਿਊਲਿਪਸ, ਕੁਮੁਦਨੀ, ਜਲਕੁੰਭੀ ਅਤੇ ਹੋਰ ਮੌਸਮੀ ਫੁੱਲ ਵੀ ਇਸ ਦੀ ਬਾਗ਼ ਸੁੰਦਰਤਾ ਨੂੰ ਵਧਾਉਂਦੇ ਹਨ।
ਰਾਸ਼ਟਰਪਤੀ ਭਵਨ ਦੇ ਬਾਗ਼ ਵਿੱਚ 70 ਕਿਸਮਾਂ ਦੇ ਮੌਸਮੀ ਫੁੱਲ ਹਨ। ਇਨ੍ਹਾਂ ਵਿੱਚ ਵਿਦੇਸ਼ੀ ਗੋਲ ਫੁੱਲ ਅਤੇ ਸਰਦੀਆਂ ''ਚ ਖਿੜਨ ਵਾਲੇ ਫੁੱਲ ਸ਼ਾਮਲ ਹਨ।
ਬੋਗਨਵਿਲੀਆ ਦੀਆਂ 101 ਕਿਸਮਾਂ ਵਿੱਚੋਂ, 60 ਇਸ ਬਾਗ ਵਿੱਚ ਉਗਾਈਆਂ ਜਾਂਦੀਆਂ ਹਨ।
ਇਸ ਬਗੀਚੇ ਵਿੱਚ 50 ਕਿਸਮਾਂ ਦੇ ਦਰੱਖਤ, ਬੂਟੇ ਅਤੇ ਝਾੜੀਆਂ ਹਨ, ਜਿਨ੍ਹਾਂ ਵਿੱਚ ਮੌਲਸ਼੍ਰੀ, ਅਮਲਤਾਸ ਅਤੇ ਪਾਰਿਜਾਤ ਵਰਗੇ ਬਹੁਤ ਸਾਰੇ ਸੁੰਦਰ ਫੁੱਲਦਾਰ ਰੁੱਖ ਸ਼ਾਮਲ ਹਨ।
- ਰਾਸ਼ਟਰਪਤੀ ਭਵਨ ਵਿੱਚ ਸਥਿਤ ਮੁਗ਼ਲ ਗਾਰਡਨ ਦਾ ਨਾਮ ਬਦਲ ਕੇ ''ਅੰਮ੍ਰਿਤ ਉਦਿਆਨ'' ਕੀਤਾ ਗਿਆ
- ਮੁਗ਼ਲ ਗਾਰਡਨ ਨੂੰ ਬਿਰਤਾਨੀ ਸ਼ਾਸਨ ਦੌਰਾਨ ਸਰ ਐਡਵਿਨ ਲੂਟਿਏਂਸ ਦੀ ਅਗਵਾਈ ''ਚ ਬਣਾਇਆ ਗਿਆ ਸੀ
- ਹਾਲਾਂਕਿ ਇਸ ਨੂੰ ਬਣਾਉਣ ਦਾ ਵਿਚਾਰ ਲੂਟਿਏਂਸ ਅਧੀਨ ਕੰਮ ਕਰਦੇ ਵਿਲੀਅਮ ਮੁਸ਼ਟੋ ਦਾ ਮੰਨਿਆ ਜਾਂਦਾ ਹੈ
- ਇਸ ਸ਼ਾਨਦਾਰ ਬਾਗ਼ ਵਿੱਚ 159 ਤੋਂ ਵੱਧ ਕਿਸਮਾਂ ਦੇ ਗੁਲਾਬ ਤੇ ਹੋਰ ਅਨੇਕਾਂ ਫੁੱਲ-ਬੂਟੇ ਮੌਜੂਦ ਹਨ
- ਭਾਰਤ ਦੇ ਵੱਖ-ਵੱਖ ਰਾਸ਼ਟਰਪਤੀਆਂ ਨੇ ਆਪਣੇ ਕਾਰਜਕਾਲਾਂ ਦੌਰਾਨ ਇਸ ਨੂੰ ਬਿਹਤਰ ਬਣਾਉਣ ਲਈ ਕਈ ਕਦਮ ਚੁੱਕੇ
ਰਾਸ਼ਟਰਪਤੀ ਭਵਨ ਵਿੱਚ ਮੁਗ਼ਲ ਗਾਰਡਨ ਬਣਾਉਣ ਦਾ ਵਿਚਾਰ ਕਿਸ ਦਾ ਸੀ?
ਆਮ ਤੌਰ ਤੇ ਇਹੀ ਮੰਨਿਆ ਜਾਂਦਾ ਹੈ ਕਿ ਰਾਸ਼ਟਰਪਤੀ ਭਵਨ ਵਿੱਚ ਮੁਗ਼ਲ ਗਾਰਡਨ ਬਣਾਉਣ ਦਾ ਵਿਚਾਰ ਸਰ ਐਡਵਿਨ ਲੂਟਿਏਂਸ ਦਾ ਸੀ।
ਹਾਲਾਂਕਿ ਸੱਚ ਇਹ ਹੈ ਕਿ ਉਸ ਸਮੇਂ ਬਾਗਬਾਨੀ ਵਿਭਾਗ ਦੇ ਨਿਰਦੇਸ਼ਕ ਵਿਲੀਅਮ ਮੁਸ਼ਟੋ ਸਨ।
ਉਹ ਨਵੀਂ ਦਿੱਲੀ ਦੇ ਮੁੱਖ ਆਰਕੀਟੈਕਟ ਲੂਟਿਏਂਸ ਅਧੀਨ ਕੰਮ ਕਰਦੇ ਸਨ।
ਮੰਨਿਆ ਜਾਂਦਾ ਹੈ ਕਿ ਵਿਲੀਅਮ ਨੂੰ ਰਾਸ਼ਟਰਪਤੀ ਭਵਨ (ਉਸ ਸਮੇਂ ਵਾਇਸਰਾਏ ਹਾਊਸ) ਪਰਿਸਰ ਨੂੰ ਹਰਾ-ਭਰਾ ਰੱਖਣ ਦੀ ਜਿੰਮੇਵਾਰੀ ਦਿੱਤੀ ਗਈ ਸੀ।
ਇਸ ਬਾਰੇ ਲੂਟਿਏਂਸ ਅਤੇ ਵਿਲੀਅਮ ਵਿਚਕਾਰ ਲੰਮੀ ਚਰਚਾ ਹੋਈ ਅਤੇ ਆਖਰ ਵਿੱਚ ਦੋਵੇਂ ਬਾਗਵਾਨੀ ਦੀਆਂ ਦੋ ਰਵਾਇਤਾਂ ਦੇ ਮੇਲ ਨਾਲ ਮੁਗ਼ਲ ਗਾਰਡਨ ਬਣਾਉਣ ਉਪਰ ਸਹਿਮਤ ਹੋ ਗਏ।
ਇਹ ਤੈਅ ਕੀਤਾ ਗਿਆ ਸੀ ਕਿ ਮੁਗ਼ਲ ਗਾਰਡਨ ਵਿੱਚ ਮੁਗਲਾਂ ਅਤੇ ਅੰਗਰੇਜ਼ਾਂ ਦੀ ਰਵਾਇਤ ਨੂੰ ਮਿਲਾ ਕੇ ਬਾਗ ਲਗਾਏ ਜਾਣਗੇ।
ਸਰ ਐਡਵਿਨ ਲੂਟਿਏਂਸ ਨੇ ਵਿਲੀਅਮ ਨੂੰ ਗਾਰਡਨ ਬਣਾਉਣ ਲਈ ਪੂਰੀ ਖੁੱਲ੍ਹ ਦਿੱਤੀ ਸੀ।
ਇਹ ਵੀ ਸੱਚ ਹੈ ਕਿ ਵਿਲੀਅਮ ਨੇ ਆਪਣੇ ਕੰਮ ਨਾਲ ਐਡਵਿਨ ਲੂਟਿਏਂਸ ਨੂੰ ਨਿਰਾਸ਼ ਨਹੀਂ ਕੀਤਾ ਸੀ।
ਐਡਵਿਨ ਲੂਟਿਏਂਸ ਦੀ ਪਤਨੀ ਨੇ ਮੁਗ਼ਲ ਗਾਰਡਨ ’ਤੇ ਕੀ ਲਿਖਿਆ ਸੀ?
ਸ੍ਰੀਨਗਰ ਵਿੱਚ ਚਿਨਾਰ ਦੇ ਰੁੱਖਾਂ ਨਾਲ ਘਿਰਿਆ ਹੋਇਆ ਮੁਗ਼ਲ ਸ਼ਾਲੀਮਾਰ ਬਾਗ਼
ਕ੍ਰਿਸਟੋਫਰ ਹਸੀ ਦੀ ਕਿਤਾਬ, ‘ਦਿ ਲਾਈਫ ਆਫ਼ ਸਰ ਐਡਵਿਨ ਲੂਟਿਏਂਸ’ (1950) ਵਿੱਚ ਲੂਟਿਏਂਸ ਦੀ ਪਤਨੀ ਐਮਲੀ ਬੁਲਵਰ-ਲਿਟਨ ਨੇ ਮੁਗ਼ਲ ਗਾਰਡਨ ਦੀ ਖੁੱਲ੍ਹ ਕੇ ਪ੍ਰਸ਼ੰਸਾ ਕੀਤੀ ਹੈ।
ਉਨ੍ਹਾਂ ਲਿਖਿਆ, “ਫੁੱਲਾਂ ਨੂੰ ਐਨੀ ਵੱਡੀ ਮਾਤਰਾ ਵਿੱਚ ਅਤੇ ਤਰਤੀਬ ਵਿੱਚ ਲਗਾਇਆ ਗਿਆ ਕਿ ਜਿਵੇਂ ਰੰਗਾਂ ਦੀ ਖੂਬਸ਼ੂਰਤ ਰੰਗੋਲੀ ਬਣ ਗਈ ਹੋਵੇ। ਜਦੋਂ ਫੁਆਰਾ ਲਗਾਤਾਰ ਚੱਲਦਾ ਹੈ ਤਾਂ ਥੋੜ੍ਹੀ ਜਿਹੀ ਵੀ ਕਮੀ ਨਹੀਂ ਲੱਗਦੀ। ਇਹ ਗੋਲਾਕਾਰ ਬਗੀਚਾ ਆਪਣੀ ਖੂਬਸੂਰਤੀ ਨਾਲ ਸਭ ਨੂੰ ਮਾਤ ਦਿੰਦਾ ਹੈ। ਇਸ ਦੀ ਤਾਰੀਫ਼ ਸ਼ਬਦਾਂ ਵਿੱਚ ਨਹੀਂ ਬੰਨੀ ਜਾ ਸਕਦੀ।”
ਮੁਗ਼ਲ ਗਾਰਡਨ ਦੇ ਗੁੰਮਨਾਮ ਨਾਇਕ
ਇਸ ਤੋਂ ਇਲਾਵਾ ਮੁਗ਼ਲ ਗਾਰਡਨ ਨੂੰ ਇਸ ਖੂਬਸੂਰਤ ਰੰਗਤ ਦੇਣ ਵਾਲੇ ਬਾਗਬਾਨਾਂ ਭਾਵ ਮਾਲੀਆਂ ਨੂੰ ਅਸੀਂ ਕਿਵੇਂ ਭੁੱਲ ਸਕਦੇ ਹਾਂ,ਜੋ ਆਪਣੀ ਕੜੀ ਮਿਹਨਤ ਨਾਲ ਇਸ ਬਾਗ਼ ਨੂੰ ਇਸ ਦਾ ਸ਼ਾਨਦਾਰ ਦਿੱਖ ਪ੍ਰਦਾਨ ਕਰਦੇ ਹਨ।
ਅਮਿਤਾ ਬਾਵਿਸਕਰ ਆਪਣੀ ਕਿਤਾਬ ''ਦ ਫਸਟ ਗਾਰਡਨ ਆਫ ਦਿ ਰਿਪਬਲਿਕ'' ਵਿੱਚ ਲਿਖਦੇ ਹਨ ਕਿ, "ਬਸੰਤ ਰੁੱਤ ਵਿੱਚ ਜੋ ਲੱਖਾਂ ਲੋਕ ਇਸ ਸੁੰਦਰ ਬਾਗ ਨੂੰ ਦੇਖਣ ਆਉਂਦੇ ਹਨ, ਉਨ੍ਹਾਂ ਨੂੰ ਸ਼ਾਇਦ ਹੀ ਪਤਾ ਹੋਵੇ ਕਿ ਇਸ ਨੂੰ ਤਰਾਸ਼ਿਆ ਹੋਇਆ ਤੇ ਸੁੰਦਰ ਬਣਾਉਣ ਲਈ ਮਹੀਨਿਆਂ ਦੀ ਯੋਜਨਾਬੰਦੀ ਅਤੇ ਸਖ਼ਤ ਮਿਹਨਤ ਲੱਗਦੀ ਹੈ।"
ਉਹ ਲਿਖਦੇ ਹਨ, "ਸਤੰਬਰ ਵਿੱਚ ਫੁੱਲਾਂ ਵਾਲੇ ਪੌਦਿਆਂ ਦੀਆਂ ਭੂਰੀਆਂ ਕਲਮਾਂ ਲਗਾਈਆਂ ਜਾਂਦੀਆਂ ਹਨ, ਜੋ ਫਰਵਰੀ ਵਿੱਚ ਇੱਕ ਬਹੁਰੰਗੀ ਸਤਰੰਗੀ ਪੀਂਘ ਅਤੇ ਖੁਸ਼ਬੂ ਦੇ ਚਸ਼ਮੇ ਵਜੋਂ ਉੱਭਰ ਕੇ ਸਾਹਮਣੇ ਆਉਂਦੀਆਂ ਹਨ। ਸੱਚ ਤਾਂ ਇਹ ਹੈ ਕਿ ਮੁਗ਼ਲ ਗਾਰਡਨ ਦੇ ਬਾਗਬਾਨ ਦਿਨ-ਰਾਤ ਅਣਥੱਕ ਮਿਹਨਤ ਕਰਦੇ ਹਨ ਅਤੇ ਉਨ੍ਹਾਂ ਦੀ ਮਿਹਨਤ ਸਦਕਾ ਇਹ ਬਾਗ ਲਿਸ਼ਕ ਉੱਠਦਾ ਹੈ।"
ਇੱਥੇ ਕੰਮ ਕਰਨ ਵਾਲੇ ਬਾਗਬਾਨ ਸੈਣੀ ਜਾਤੀ ਤੋਂ ਆਉਂਦੇ ਹਨ ਅਤੇ ਉਨ੍ਹਾਂ ਦੇ ਪੜਦਾਦਾ ਵੀ ਇੱਥੇ ਕੰਮ ਕਰਦੇ ਸਨ।
ਇਨ੍ਹਾਂ ਲੋਕਾਂ ਦੀ ਪੀੜ੍ਹੀ ਦਰ ਪੀੜ੍ਹੀ ਇਨ੍ਹਾਂ ਬਾਗਾਂ ਨੂੰ ਸੁੰਦਰ ਬਣਾਉਣ ਵਿੱਚ ਲੰਘੀ ਹੈ। ਅਕਸਰ ਇਹ ਲੋਕ ਰਾਸ਼ਟਰਪਤੀ ਭਵਨ ਕੰਪਲੈਕਸ ਵਿੱਚ ਹੀ ਰਹਿੰਦੇ ਹਨ।
ਰਾਸ਼ਟਰਪਤੀ ਭਵਨ ਦੇ ਮਾਲੀਆਂ ਦਾ ਤਬਾਦਲਾ ਵੀ ਨਹੀਂ ਕੀਤਾ ਜਾਂਦਾ। ਇਹ ਲੋਕ ਕੇਂਦਰੀ ਲੋਕ ਨਿਰਮਾਣ ਵਿਭਾਗ (ਸੀਪੀਡਬਲਯੂਡੀ) ਲਈ ਕੰਮ ਕਰਦੇ ਹਨ।
-
ਮੁਗ਼ਲ ਗਾਰਡਨ ਵਿੱਚ ਭਾਰਤ ਦੇ ਸਾਬਕਾ ਰਾਸ਼ਟਰਪਤੀਆਂ ਦਾ ਯੋਗਦਾਨ
ਮੁਗ਼ਲ ਗਾਰਡਨ ਨੂੰ ਹੋਰ ਵੀ ਵਧੀਆ ਅਤੇ ਆਕਰਸ਼ਕ ਬਣਾਉਣ ਲਈ ਸਾਬਕਾ ਰਾਸ਼ਟਰਪਤੀ ਡਾ. ਏਪੀਜੇ ਅਬਦੁਲ ਕਲਾਮ ਦੇ ਨਿਰਦੇਸ਼ਾਂ ''ਤੇ ਹਰਬਲ ਗਾਰਡਨ, ਨੇਤਰਹੀਣਾਂ ਲਈ ਟੈਕਟਾਇਲ ਗਾਰਡਨ, ਮਿਊਜ਼ੀਕਲ ਗਾਰਡਨ, ਜੈਵ ਇੰਧਨ ਪਾਰਕ ਅਤੇ ਪੋਸ਼ਕ ਬਗ਼ੀਚੇ ਵਰਗੇ ਕਈ ਬਗ਼ੀਚੇ ਸ਼ਾਮਲ ਕੀਤੇ ਗਏ ਸਨ।
ਡਾ. ਕਲਾਮ ਨੇ ਇੱਥੇ ਦੋ ਝੌਂਪੜੀਆਂ ਵੀ ਬਣਵਾਈਆਂ ਸਨ, ਇੱਕ ''ਥਿੰਕਿੰਗ ਹੱਟ'' ਅਤੇ ਇੱਕ ''ਅਮਰ ਹੱਟ''।
ਡਾ. ਕਲਾਮ ਇੱਥੇ ਬੈਠ ਕੇ ਆਪਣੇ ਦੋਸਤਾਂ ਨਾਲ ਗੱਲਾਂ ਕਰਦੇ ਸਨ ਅਤੇ ਇੱਥੇ ਹੀ ਉਨ੍ਹਾਂ ਨੇ ਆਪਣੀ ਕਿਤਾਬ ''ਦਿ ਇਨਡੋਮੀਟੇਬਲ ਸਪਿਰਿਟ'' ਦਾ ਬੇਹਤਰੀਨ ਹਿੱਸਾ ਲਿਖਿਆ ਸੀ।
ਡਾ. ਕਲਾਮ ਤੋਂ ਇਲਾਵਾ, 1998 ਵਿੱਚ ਕੇਆਰ ਨਰਾਇਣਨ ਨੇ ਮੀਂਹ ਦੇ ਪਾਣੀ ਦੀ ਸੰਭਾਲ ਪ੍ਰਣਾਲੀ ਸਥਾਪਤ ਕਰਨ ਲਈ ਵਿਗਿਆਨ ਅਤੇ ਵਾਤਾਵਰਣ ਕੇਂਦਰ ਨੂੰ ਕਿਹਾ ਸੀ, ਤਾਂ ਜੋ ਰਾਸ਼ਟਰਪਤੀ ਭਵਨ ਵਿੱਚ ਭੂਮੀਗਤ ਪਾਣੀ ਦੇ ਪੱਧਰ ਨੂੰ ਸੁਧਾਰਿਆ ਜਾ ਸਕੇ।
2015 ਵਿੱਚ ਤਤਕਾਲੀ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਇੱਥੇ ਇੱਕ ਸੀਵਰੇਜ ਟ੍ਰੀਟਮੈਂਟ ਪਲਾਂਟ ਦਾ ਉਦਘਾਟਨ ਕੀਤਾ ਸੀ, ਤਾਂ ਜੋ ਟ੍ਰੀਟ ਕੀਤੇ ਗਏ ਪਾਣੀ ਨੂੰ ਪੌਦਿਆਂ ਦੀ ਸਿੰਚਾਈ ਲਈ ਵਰਤਿਆ ਜਾ ਸਕੇ ਅਤੇ ਇਸ ਨੂੰ ਇੱਕ ਤਲਾਅ ਵਿੱਚ ਵੀ ਭਰਿਆ ਜਾਂਦਾ ਸੀ, ਤਾਂ ਜੋ ਜਲ ਖੇਤਰ ਦੇ ਪੰਛੀ ਵੀ ਇੱਥੇ ਆਉਂਦੇ ਰਹਿਣ।
ਜੇਕਰ ਬਹੁਤ ਪੁਰਾਣੇ ਸਮਿਆਂ ਦੀ ਗੱਲ ਕਰੀਏ ਤਾਂ ਦੇਸ਼ ਦੇ ਤੀਜੇ ਰਾਸ਼ਟਰਪਤੀ ਡਾ. ਜ਼ਾਕਿਰ ਹੁਸੈਨ ਨੂੰ, ਵਿਦੇਸ਼ਾਂ ਤੋਂ ਗੁਲਾਬ ਦੀਆਂ ਨਵੀਆਂ ਨਸਲਾਂ ਮੰਗਵਾਉਣ ਅਤੇ ਰਸਦਾਰ ਪੌਦਿਆਂ ਦੀ ਸਾਂਭ ਸੰਭਾਲ ਲਈ ਕੱਚ ਦਾ ਨਿੱਘਾ ਘਰ ਬਣਾਉਣ ਲਈ ਯਾਦ ਕੀਤਾ ਜਾਂਦਾ ਹੈ।
ਇਸ ਤੋਂ ਇਲਾਵਾ ਹੋਰ ਰਾਸ਼ਟਰਪਤੀਆਂ ਨੇ ਵੱਖ-ਵੱਖ ਸਮੇਂ ''ਤੇ ਇਸ ਨੂੰ ਸੁਧਾਰਨ ਲਈ ਆਈ ਕਦਮ ਚੁੱਕੇ।
ਰਾਸ਼ਟਰਪਤੀ ਭਵਨ ਵਿੱਚ ਜਨਮ ਲੈਣਾ ਖੁਸ਼ਕਿਸਮਤੀ
ਭਾਰਤੀ ਮਹਿਲਾ ਫੁੱਟਬਾਲ ਟੀਮ ਦੀ ਕੋਚ ਰਹੇ ਆਨੰਦੀ ਬਰੂਆ ਦਾ ਜਨਮ ਰਾਸ਼ਟਰਪਤੀ ਭਵਨ ਵਿੱਚ ਹੀ ਹੋਇਆ ਸੀ। ਉਨ੍ਹਾਂ ਦੇ ਪਿਤਾ ਉਸ ਸਮੇਂ ਉੱਥੇ ਕੰਮ ਕਰਦੇ ਸਨ।
ਉਸ ਦੌਰ ਨੂੰ ਯਾਦ ਕਰਦਿਆਂ ਆਨੰਦੀ ਕਹਿੰਦੇ ਹਨ, "ਸਾਡੇ ਮਾਤਾ-ਪਿਤਾ ਦੱਸਦੇ ਸਨ ਕਿ ਮੁਗ਼ਲ ਗਾਰਡਨ ਨੂੰ ਫਰਵਰੀ-ਮਾਰਚ ਵਿੱਚ ਸਾਰਿਆਂ ਲਈ ਖੋਲ੍ਹਣ ਦਾ ਫੈਸਲਾ ਦੇਸ਼ ਦੇ ਪਹਿਲੇ ਰਾਸ਼ਟਰਪਤੀ ਡਾ. ਰਾਜੇਂਦਰ ਪ੍ਰਸਾਦ ਨੇ ਲਿਆ ਸੀ।"
ਆਨੰਦੀ ਬਰੂਹਾ ਨੇ ਆਪਣੀ ਜ਼ਿੰਦਗੀ ਦੇ ਲਗਭਗ ਤਿੰਨ ਦਹਾਕੇ ਰਾਸ਼ਟਰਪਤੀ ਭਵਨ ਵਿੱਚ ਬਿਤਾਏ ਹਨ।
ਉਹ ਕਹਿੰਦੇ ਹਨ ਕਿ ਉਨ੍ਹਾਂ ਦੀ ਪੀੜ੍ਹੀ ਨੂੰ ਇਸ ਨੂੰ ਅੰਮ੍ਰਿਤ ਉਦਿਆਨ ਕਹਿਣਾ ਸਿੱਖਣ ਵਿੱਚ ਕੁਝ ਸਮਾਂ ਲੱਗੇਗਾ, "ਆਖ਼ਰ ਇਹ ਪੁਰਾਣਾ ਨਾਮ ਸਾਡੀਆਂ ਯਾਦਾਂ ਵਿੱਚ ਬਹੁਤ ਡੂੰਘਾ ਵਸਿਆ ਹੋਇਆ ਹੈ।"
(ਬੀਬੀਸੀ ਪੰਜਾਬੀ ਨਾਲ , , ਅਤੇ ''ਤੇ ਜੁੜੋ।)

''ਦੱਸੋ ਕਿਸ ਧਰਮ ਦੀ ਨਿਖੇਧੀ ਕੀਤੀ ਹੈ, ਕਿਸੇ ਨੂੰ ਇੱਕ ਵੀ ਬੁਰਾ ਕੰਮ ਕਰਨ ਲਈ ਕਿਹਾ ਹੋਵੇ ਤਾਂ ਆਪਣੀ ਗਰਦਨ...
NEXT STORY