ਅਕਸਰ ਸਟੋਰੀ ਟੈਲਿੰਗ ਸੈਸ਼ਨ ਜਾਂ ਕਿਸੇ ਹੋਰ ਪ੍ਰੋਗਰਾਮ ’ਚ ਹਿੱਸਾ ਲੈਣ ਲਈ ਸਕੂਲਾਂ ’ਚ ਜਾਂਦੀ ਰਹਿੰਦੀ ਹਾਂ। ਇੱਥੇ ਅਨੇਕਾਂ ਅਧਿਆਪਕਾਂ, ਅਧਿਆਪਕਾਵਾਂ ਅਤੇ ਵੱਖ-ਵੱਖ ਜਮਾਤਾਂ ’ਚ ਪੜ੍ਹਦੇ ਬੱਚਿਆਂ ਨੂੰ ਮਿਲਣ ਦਾ ਮੌਕਾ ਮਿਲਦਾ ਹੈ। ਅਧਿਆਪਕਾਂ ਦੀਆਂ ਆਪਣੀਆਂ ਸਮੱਸਿਆਵਾਂ ਹੁੰਦੀਆਂ ਹਨ ਅਤੇ ਬੱਚਿਆਂ ਦੀਆਂ ਆਪਣੀਆਂ। ਇਨ੍ਹਾਂ ਦੋਵਾਂ ਨਾਲ ਜਿਨ੍ਹਾਂ ਨੂੰ ਤਾਲਮੇਲ ਬਿਠਾਉਣਾ ਪੈਂਦਾ ਹੈ, ਉਹ ਮਾਪੇ ਹੁੰਦੇ ਹਨ, ਇਸ ਲਈ ਉਨ੍ਹਾਂ ਨੂੰ ਇਨ੍ਹਾਂ ਦੋਵਾਂ ਤੋਂ ਸ਼ਿਕਾਇਤ ਹੁੰਦੀ ਹੈ ਪਰ ਇਨ੍ਹਾਂ ਤਿੰਨਾਂ ਦੀ ਇਕ ਸ਼ਿਕਾਇਤ ਸਾਂਝੀ ਹੈ—ਕੰਮ ਦਾ ਭਾਰੀ ਬੋਝ ਅਤੇ ਸਮੇਂ ਦੀ ਘਾਟ।
ਅਜਿਹੇ ’ਚ ਜਦੋਂ ਸਕੂਲਾਂ ’ਚ ਕੋਈ ਸਮਾਗਮ ਹੁੰਦਾ ਹੈ, ਤਾਂ ਕੰਮ ਦਾ ਬੋਝ ਹੋਰ ਵੀ ਵਧ ਜਾਂਦਾ ਹੈ। ਅਧਿਆਪਕਾਂ ਨੂੰ ਪੜ੍ਹਾਉਣਾ ਵੀ ਪੈਂਦਾ ਹੈ ਅਤੇ ਤਰ੍ਹਾਂ-ਤਰ੍ਹਾਂ ਦੇ ਪ੍ਰੋਗਰਾਮਾਂ ਦੀ ਤਿਆਰੀ ਵੀ ਕਰਵਾਉਣੀ ਪੈਂਦੀ ਹੈ। ਇਸੇ ਤਰ੍ਹਾਂ ਬੱਚਿਆਂ ਨੂੰ ਪੜ੍ਹਾਈ ਦੇ ਨਾਲ-ਨਾਲ ਪ੍ਰੋਗਰਾਮਾਂ ਦੀ ਤਿਆਰੀ ਕਰਨੀ ਪੈਂਦੀ ਹੈ। ਅਜਿਹੇ ’ਚ ਘਰਦਿਆਂ ਨੂੰ ਬੱਚਿਆਂ ਦੀ ਪੜ੍ਹਾਈ ਦਾ ਧਿਆਨ ਵੀ ਰੱਖਣਾ ਪੈਂਦਾ ਹੈ, ਉਨ੍ਹਾਂ ਦੇ ਪ੍ਰੋਗਰਾਮਾਂ ’ਚ ਹਿੱਸਾ ਲੈਣ ਲਈ ਜੋ ਕੱਪੜੇ ਅਤੇ ਹੋਰ ਸਾਜ਼ੋ-ਸਾਮਾਨ ਚਾਹੀਦਾ ਹੈ, ਉਸ ਨੂੰ ਲਿਆਉਣਾ ਪੈਂਦਾ ਹੈ। ਜੇਬ ’ਤੇ ਬੋਝ ਵੀ ਪੈਂਦਾ ਹੈ।
ਅਜਿਹੀਆਂ ਗੱਲਾਂ ਲਗਾਤਾਰ ਸੁਣਦੀ ਹਾਂ। ਕਈ ਵਾਰ ਵਾਪਸ ਪਰਤਦਿਆਂ ਇਨ੍ਹਾਂ ਬਾਰੇ ਸੋਚਦੀ ਰਹਿੰਦੀ ਹਾਂ। ਪਿਛਲੇ ਕਈ ਮੌਕਿਆਂ ਤੋਂ ਇਹ ਵੀ ਮਹਿਸੂਸ ਹੋ ਰਿਹਾ ਹੈ ਕਿ ਹੁਣ ਬੱਚਿਆਂ ’ਚ ਕਹਾਣੀ ਸੁਣਨ ਅਤੇ ਬੁਣਨ ਦੀ ਰੁਚੀ ਓਨੀ ਨਹੀਂ ਰਹੀ, ਜਿੰਨੀ ਕਿ ਕੁਝ ਦਹਾਕਿਆਂ ਪਹਿਲਾਂ ਤੱਕ ਹੁੰਦੀ ਸੀ। ਪਹਿਲਾਂ ਤਾਂ ਬੱਚੇ ਅੱਗੇ ਵਧ-ਵਧ ਕੇ ਕਹਾਣੀਆਂ ਨੂੰ ਰਚਣ, ਸੁਣਾਉਣ ਅਤੇ ਉਨ੍ਹਾਂ ਨੂੰ ਅੱਗੇ ਵਧਾਉਣ ’ਚ ਹਿੱਸਾ ਲੈਂਦੇ ਸਨ। ਸਗੋਂ ਇਕ ਤੋਂ ਬਾਅਦ ਇਕ ਬੱਚਿਆਂ ’ਚ ਇਸ ਗੱਲ ਦੀ ਦੌੜ ਲੱਗੀ ਰਹਿੰਦੀ ਸੀ ਕਿ ਕਹਾਣੀ ਸੁਣਾਉਣ ’ਚ ਕੌਣ ਜ਼ਿਆਦਾ ਰੁਚੀ ਲੈਂਦਾ ਹੈ। ਕਹਾਣੀਆਂ ਨੂੰ ਸੁਣਾਉਣ ’ਚ ਬੱਚੇ ਪੂਰੀ ਨਾਟਕੀਤਾ ਵੀ ਵਰਤਦੇ ਸਨ। ਇੰਨੀ ਚੰਗੀ ਅਦਾਕਾਰੀ ਕਰਦੇ ਕਿ ਦੇਖ ਕੇ ਦੰਗ ਰਹਿ ਜਾਣਾ ਪੈਂਦਾ।
ਪਰ ਹੁਣ ਸਮਾਂ ਬਦਲ ਗਿਆ ਹੈ। ਬੱਚਿਆਂ ਦੇ ਹੱਥ ’ਚ ਮੋਬਾਈਲ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਚੈਟ ਜੀ. ਪੀ. ਟੀ., ਗ੍ਰੋਕ, ਜ਼ਿਮਨੀ ਵਰਗੇ ਅਜਿਹੇ ਅਨੇਕਾਂ ਯੰਤਰ ਹਨ, ਜਿੱਥੇ ਕਿਸੇ ਜਾਦੂਗਰ ਦੀ ਤਰ੍ਹਾਂ ਜਲਦੀ ਤੋਂ ਜਲਦੀ ਕਿਸੇ ਕਹਾਣੀ, ਕਵਿਤਾ ਜਾਂ ਰਚਨਾ ਨੂੰ ਪਹੁੰਚਾਉਣ ਦੀ ਜਾਦੂਈ ਤਾਕਤ ਮੌਜੂਦ ਹੈ ਅਤੇ ਇਹ ਜਾਦੂਈ ਤਾਕਤ ਬੱਚਿਆਂ ਤੱਕ ਪਹੁੰਚਾਉਣ ਦਾ ਕੰਮ ਜਿਸ ਯੰਤਰ ਨਾਲ ਹੁੰਦਾ ਹੈ, ਉਹ ਹਰ ਸਮੇਂ ਹੱਥ ’ਚ ਹੈ ਹੀ, ਮੋਬਾਈਲ। ਇਸ ਲਈ ਕਦੇ-ਕਦੇ ਲੱਗਦਾ ਹੈ ਕਿ ਬੱਚਿਆਂ ਲਈ ਕੰਮ ਕਰਨ ਵਾਲੇ ਲੋਕਾਂ ਨੂੰ ਵੀ ਆਪਣੇ ਤੌਰ-ਤਰੀਕਿਆਂ ’ਤੇ ਫਿਰ ਤੋਂ ਵਿਚਾਰ ਕਰਨਾ ਚਾਹੀਦਾ ਹੈ। ਇਸ ਕਲਾ ਦੇ ਜਿਹੜੇ ਸੰਦ ਪੁਰਾਣੇ ਪੈ ਚੁੱਕੇ ਹਨ, ਉਨ੍ਹਾਂ ਦੇ ਨਵੀਨੀਕਰਨ ਦੀ ਲੋੜ ਹੈ।
ਖ਼ੈਰ, ਇਸੇ ਤਰ੍ਹਾਂ ਦੀ ਸੋਚ ਲੈਂਦਿਅਾਂ ਮੈਂ ਇਕ ਬਹੁਤ ਨਾਮੀ ਸਕੂਲ ’ਚ ਪਹੁੰਚੀ ਸੀ। ਪ੍ਰੋਗਰਾਮ ਦੀ ਸ਼ੁਰੂਆਤ ਤੋਂ ਪਹਿਲਾਂ ਬਹੁਤ ਸਾਰੇ ਬੱਚਿਆਂ ਨੂੰ ਮਿਲਣ ਦਾ ਮੌਕਾ ਮਿਲਿਆ। ਬੱਚੇ ਵੱਖ-ਵੱਖ ਜਮਾਤਾਂ ’ਚ ਪੜ੍ਹਦੇ ਸਨ। ਆਉਂਦੇ ਤਾਂ ਉਹ ਮੇਰਾ ਇੰਟਰਵਿਊ ਕਰਨ ਲਈ ਸਨ ਪਰ ਮੈਂ ਉਨ੍ਹਾਂ ਨੂੰ ਕੋਲ ਬਿਠਾ ਕੇ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਕਰਨ ਲੱਗਦੀ। ਉਨ੍ਹਾਂ ਦੇ ਮਾਤਾ-ਪਿਤਾ, ਭੈਣ-ਭਰਾ, ਪੜ੍ਹਾਈ-ਲਿਖਾਈ, ਪਸੰਦ-ਨਾਪਸੰਦ ਬਾਰੇ ਪੁੱਛਦੀ। ਤੁਹਾਨੂੰ ਹੈਰਾਨੀ ਹੋਵੇਗੀ ਕਿ ਇਨ੍ਹਾਂ ਪੰਦਰਾਂ-ਵੀਹ ਬੱਚਿਆਂ ’ਚੋਂ ਸਿਰਫ਼ ਇਕ ਬੱਚੇ ਨੇ, ਜੋ ਮੁੰਡਾ ਸੀ ਕਿ ਉਸ ਨੂੰ ਕਿਤਾਬਾਂ ਪੜ੍ਹਨ ਦਾ ਸ਼ੌਕ ਹੈ।
ਬਾਕੀ ਬੱਚਿਆਂ ’ਚੋਂ ਬਹੁਤੇ ਇਨਫਲੂਐਂਸਰ ਬਣਨਾ ਚਾਹੁੰਦੇ ਸਨ। ਉਨ੍ਹਾਂ ਦਾ ਕਹਿਣਾ ਸੀ ਕਿ ਅਜਿਹਾ ਕਰ ਕੇ ਉਹ ਲੋਕਾਂ ’ਚ ਹਰਮਨਪਿਆਰੇ ਵੀ ਹੋ ਸਕਣਗੇ। ਪੈਸੇ ਵੀ ਕਮਾ ਸਕਣਗੇ। ਕਿਤੇ ਨੌਕਰੀ ਲਈ ਅਪਲਾਈ ਕਰਨ ਜਾਂ ਉਸ ਨੂੰ ਲੱਭਣ ਦਾ ਝਮੇਲਾ ਖ਼ਤਮ ਹੋ ਜਾਵੇਗਾ। ਹਾਲਾਂਕਿ ਇੰਨੇ ਬੱਚਿਆਂ ਦੀ ਇਨਫਲੂਐਂਸਰ ਬਣਨ ਦੀ ਇੱਛਾ ਜਾਣਨ ਤੋਂ ਬਾਅਦ ਇਹ ਵੀ ਲੱਗਿਆ ਕਿ ਜੇਕਰ ਇੰਨੇ ਇਨਫਲੂਐਂਸਰ ਬਣ ਗਏ, ਤਾਂ ਕੀ ਇੰਨੀ ਵੱਡੀ ਗਿਣਤੀ ’ਚ ਦਰਸ਼ਕ ਵੀ ਮਿਲਣਗੇ ਉਨ੍ਹਾਂ ਨੂੰ? ਖ਼ੈਰ, ਵਕਤ ਹੀ ਦੱਸੇਗਾ।
ਇਨ੍ਹਾਂ ਬੱਚਿਆਂ ’ਚ ਇਕ ਕੁੜੀ ਨੇ ਪਹਿਲਾਂ ਪੁੱਛਿਆ ਕਿ ਆਖ਼ਰ ਲਿਖਣ ਦਾ ਸ਼ੌਕ ਮੈਨੂੰ ਕਿਵੇਂ ਹੋਇਆ? ਕਦੋਂ ਪਹਿਲੀ ਰਚਨਾ ਲਿਖੀ? ਉਸ ਦਾ ਉੱਤਰ ਦੇਣ ਤੋਂ ਪਹਿਲਾਂ ਹੀ ਉਸ ਤੋਂ ਪੁੱਛਿਆ ਕਿ ਕੀ ਤੂੰ ਕੁਝ ਪੜ੍ਹਦੀ ਹੈਂ? ਉਸ ਨੇ ਹਾਂ ’ਚ ਸਿਰ ਹਿਲਾਇਆ। ਫਿਰ ਕਿਹਾ, “ਕਿਤਾਬਾਂ ਨਹੀਂ, ਸਭ ਕੁਝ ਆਨਲਾਈਨ ਹੀ ਪੜ੍ਹਦੀ ਹਾਂ। ਆਨਲਾਈਨ, ਆਫ਼ਲਾਈਨ ਕੀ, ਪੜ੍ਹਨਾ ਤਾਂ ਪੜ੍ਹਨਾ ਹੀ ਹੁੰਦਾ ਹੈ।”
ਵੱਡੇ ਹੋ ਕੇ ਕੀ ਬਣਨਾ ਚਾਹੁੰਦੀ ਹੈਂ?
ਉਹ ਹੌਲੇ ਜਿਹੇ ਮੁਸਕਰਾਈ। ਫਿਰ ਬੋਲੀ—ਲੇਖਕ।
ਹੁਣ ਹੈਰਾਨ ਹੋਣ ਦੀ ਵਾਰੀ ਮੇਰੀ ਸੀ। ਲਗਭਗ ਪੰਜ ਦਹਾਕਿਆਂ ਦੇ ਤਜਰਬੇ ’ਚ ਸ਼ਾਇਦ ਹੀ ਕਿਸੇ ਬੱਚੇ ਨੇ ਲੇਖਕ ਬਣਨਾ ਚਾਹਿਆ ਹੋਵੇ। ਕਿਉਂਕਿ ਲੇਖਕ ਦਾ ਜੀਵਨ ਬਹੁਤ ਆਸਾਨ ਨਹੀਂ ਹੁੰਦਾ, ਇਹ ਗੱਲ ਨਾ ਜਾਣੇ ਕਿਵੇਂ ਬੱਚਿਆਂ ਨੂੰ ਪਤਾ ਰਹਿੰਦੀ ਹੈ। ਸ਼ਾਇਦ ਉਹ ਇਸ ਨੂੰ ਆਪਣੇ ਆਲੇ-ਦੁਆਲੇ ਨੂੰ ਦੇਖ ਕੇ ਸਿੱਖਦੇ ਹੋਣਗੇ।
ਮੈਂ ਪੁੱਛਿਆ—ਕੀ ਲਿਖੇਂਗੀ?
ਉਹ ਬੋਲੀ—ਇਹ ਤਾਂ ਉਦੋਂ ਹੀ ਤੈਅ ਕਰਾਂਗੀ।
ਨੌਕਰੀ ਨਹੀਂ ਕਰੇਂਗੀ?
ਪੁੱਛਣ ’ਤੇ ਬੋਲੀ—ਉਹ ਤਾਂ ਦੇਖਾਂਗੀ। ਸ਼ਾਇਦ ਹਾਂ, ਸ਼ਾਇਦ ਨਾ। ਪੈਸੇ ਦੀ ਤਾਂ ਲੋੜ ਹੋਵੇਗੀ ਨਾ। ਇਸ ਲਈ ਨੌਕਰੀ ਵੀ ਕਰ ਸਕਦੀ ਹਾਂ, ਨਹੀਂ ਵੀ ਕਰ ਸਕਦੀ ਪਰ ਲੇਖਕ ਜ਼ਰੂਰ ਬਣਾਂਗੀ ਪਰ ਮੈਂ ਉਸ ਤਰ੍ਹਾਂ ਵਾਲੀ ਲੇਖਿਕਾ ਨਹੀਂ ਬਣਾਂਗੀ, ਜੋ ਨੌਕਰੀ ਵੀ ਕਰਦੀ ਹੈ, ਘਰ ਵੀ ਸੰਭਾਲਦੀ ਹੈ, ਖਾਣਾ ਵੀ ਪਕਾਉਂਦੀ ਹੈ, ਘਰ ਦੇ ਹੋਰ ਕੰਮ ਵੀ ਕਰਦੀ ਹੈ ਅਤੇ ਲਿਖਦੀ ਵੀ ਹੈ।
ਤਾਂ ਫਿਰ ਕਿਹੋ ਜਿਹੀ ਲੇਖਿਕਾ ਬਣੇਗੀ?
ਉਹ ਜ਼ੋਰ ਨਾਲ ਖਿੜਖਿੜਾਈ, ਉਸ ਦੇ ਬੇਹਦ ਚਿੱਟੇ ਦੰਦ ਚਮਕੇ। ਅੱਖਾਂ ’ਚ ਚਮਕ ਵੀ ਆ ਗਈ। ਫਿਰ ਹਾਸਾ ਰੋਕਦੇ ਹੋਏ ਬੋਲੀ—ਮੈਂ ਚਾਹੁੰਦੀ ਹਾਂ ਕਿ ਮੇਰੇ ਘਰ ਦੀ ਸਫ਼ਾਈ, ਝਾੜੂ-ਪੂੰਛਾ, ਭਾਂਡੇ ਮਾਂਜਣ, ਖਾਣਾ ਪਕਾਉਣਾ, ਲੋਕਾਂ ਨਾਲ ਫੋਨ ’ਤੇ ਗੱਲ ਕਰਨਾ—ਇਹ ਸਭ ਏ.ਆਈ. ਕਰੇ। ਅਤੇ ਮੈਂ ਸਿਰਫ਼ ਲਿਖਾਂ। ਲਿਖਦੀ ਹੀ ਰਹਾਂ।
ਇਸ ਵਾਰ ਵਾਪਸ ਪਰਤਦਿਆਂ ਅੱਠਵੀਂ ਜਮਾਤ ’ਚ ਪੜ੍ਹਦੀ ਇਸ ਬੱਚੀ ਦੀਆਂ ਗੱਲਾਂ ਨੂੰ ਸੋਚ ਕੇ ਦਿਮਾਗ ’ਚ ਉਥਲ-ਪੁਥਲ ਮਚੀ ਰਹੀ। ਕੀ ਇਹ ਸੰਭਵ ਹੈ ਕਿ ਦੁਨੀਆ ਦੇ ਹਰ ਕੰਮ ਨੂੰ ਛੱਡ ਕੇ ਤੁਸੀਂ ਸਿਰਫ਼ ਲਿਖਦੇ ਰਹੋ? ਕਿਵੇਂ ਲਿਖੋਗੇ, ਕਿਉਂਕਿ ਹਰ ਕੰਮ ਤਜਰਬੇ ਦੇ ਨਵੇਂ ਦਰਵਾਜ਼ੇ ਖੋਲ੍ਹਦਾ ਹੈ। ਉਹੀ ਲਿਖਣ ਦੀ ਨੀਂਹ ਨੂੰ ਵੀ ਮਜ਼ਬੂਤ ਕਰਦਾ ਹੈ। ਅਜਿਹਾ ਨਹੀਂ ਹੈ ਕਿ ਬਿਨਾਂ ਕੁਝ ਜਾਣੇ-ਸਮਝੇ ਤੁਸੀਂ ਲਿਖ ਸਕਦੇ ਹੋ।
—ਸ਼ਮਾ ਸ਼ਰਮਾ
ਅਗਨੀਵੀਰ ਯੋਜਨਾ ’ਚ ਯੂ-ਟਰਨ : ਸੁਧਾਰ ਦੀ ਲੋੜ ਜਾਂ ਚੋਣ ਦਬਾਅ?
NEXT STORY