ਬਿਜ਼ਨੈੱਸ ਡੈਸਕ - ਭਾਰਤ ਸਰਕਾਰ ਨੇ ਆਪਣੀਆਂ ਸਰਕਾਰੀ ਤੇਲ ਰਿਫਾਈਨਰੀ ਕੰਪਨੀਆਂ ਨੂੰ ਕਿਹਾ ਹੈ ਕਿ ਉਹ ਅਮਰੀਕਾ ਅਤੇ ਵੈਨੇਜ਼ੁਏਲਾ ਤੋਂ ਜ਼ਿਆਦਾ ਕੱਚਾ ਤੇਲ ਖਰੀਦਣ ’ਤੇ ਵਿਚਾਰ ਕਰਨ।
ਇਹ ਕਦਮ ਉਸ ਸਮੇਂ ਚੁੱਕਿਆ ਗਿਆ ਹੈ ਜਦੋਂ ਅਮਰੀਕੀ ਪ੍ਰਸ਼ਾਸਨ ਨੇ ਦਾਅਵਾ ਕੀਤਾ ਕਿ ਨਵੀਂ ਟ੍ਰੇਡ ਡੀਲ ਤਹਿਤ ਭਾਰਤ ਰੂਸੀ ਤੇਲ ਦੀ ਦਰਾਮਦ ਰੋਕਣ ’ਤੇ ਸਹਿਮਤ ਹੋਇਆ ਹੈ। ਹਾਲਾਂਕਿ ਭਾਰਤ ਨੇ ਜਨਤਕ ਤੌਰ ’ਤੇ ਰੂਸੀ ਤੇਲ ਪੂਰੀ ਤਰ੍ਹਾਂ ਬੰਦ ਕਰਨ ਦੀ ਪੁਸ਼ਟੀ ਨਹੀਂ ਕੀਤੀ ਹੈ ਅਤੇ ਕਿਹਾ ਹੈ ਕਿ ਉਸ ਦੀ ਤਰਜੀਹ ਊਰਜਾ ਸੁਰੱਖਿਆ ਅਤੇ ਸਪਲਾਈ ਦੇ ਸਰੋਤਾਂ ’ਚ ਵਿਭਿੰਨਤਾ ਲਿਆਉਣਾ ਹੈ।
ਸੂਤਰਾਂ ਮੁਤਾਬਕ ਰਿਫਾਈਨਰੀਆਂ ਨੂੰ ਕਿਹਾ ਗਿਆ ਹੈ ਕਿ ਜਦੋਂ ਉਹ ਸਪਾਟ ਮਾਰਕੀਟ ’ਚ ਟੈਂਡਰ ਜਾਰੀ ਕਰਨ ਤਾਂ ਅਮਰੀਕੀ ਤੇਲ ਗ੍ਰੇਡ ਨੂੰ ਤਰਜੀਹ ਦੇਣ। ਵੈਨੇਜ਼ੁਏਲਾ ਦੇ ਤੇਲ ਦੀ ਖਰੀਦ ਟ੍ਰੇਡਰਾਂ ਨਾਲ ਨਿੱਜੀ ਗੱਲਬਾਤ ਰਾਹੀਂ ਕੀਤੀ ਜਾਵੇਗੀ। ਸਰਕਾਰ ਚਾਹੁੰਦੀ ਹੈ ਕਿ ਦਰਾਮਦ ਦੇ ਬਦਲ ਵਧਾਏ ਜਾਣ ਤਾਂ ਜੋ ਕਿਸੇ ਇਕ ਦੇਸ਼ ’ਤੇ ਨਿਰਭਰਤਾ ਘੱਟ ਹੋਵੇ।
ਤਕਨੀਕੀ ਅਤੇ ਆਰਥਿਕ ਚੁਣੌਤੀਆਂ
ਹਾਲਾਂਕਿ, ਅਮਰੀਕੀ ਅਤੇ ਵੈਨੇਜ਼ੁਏਲਾ ਦੇ ਤੇਲ ਦੀ ਖਰੀਦ ਦੀਆਂ ਆਪਣੀਆਂ ਹੱਦਾਂ ਹਨ। ਅਮਰੀਕੀ ਕੱਚਾ ਤੇਲ ਆਮ ਤੌਰ ’ਤੇ ਹਲਕਾ ਅਤੇ ਘੱਟ ਸਲਫਰ ਵਾਲਾ ਹੁੰਦਾ ਹੈ, ਜਦੋਂਕਿ ਭਾਰਤ ਦੀਆਂ ਕਈ ਰਿਫਾਈਨਰੀਆਂ ਮੱਧਮ ਜਾਂ ਭਾਰੀ ਗ੍ਰੇਡ ਦੇ ਤੇਲ ਨੂੰ ਪ੍ਰਾਸੈੱਸ ਕਰਨ ਲਈ ਬਣੀਆਂ ਹਨ। ਅਜਿਹੇ ’ਚ ਹਰ ਰਿਫਾਈਨਰੀ ਲਈ ਅਮਰੀਕੀ ਤੇਲ ਢੁੱਕਵਾਂ ਨਹੀਂ ਹੁੰਦਾ।
ਇਸ ਤੋਂ ਇਲਾਵਾ ਅਮਰੀਕਾ ਤੋਂ ਤੇਲ ਲਿਆਉਣ ’ਚ ਲੰਬੀ ਸਮੁੰਦਰੀ ਦੂਰੀ ਕਾਰਨ ਮਾਲ ਦਾ ਕਿਰਾਇਆ (ਫਰੇਟ) ਜ਼ਿਆਦਾ ਪੈਂਦਾ ਹੈ, ਜਿਸ ਨਾਲ ਲਾਗਤ ਵਧ ਜਾਂਦੀ ਹੈ। ਭਾਰਤ ਕੋਲ ਪੱਛਮੀ ਅਫਰੀਕਾ ਅਤੇ ਕਜ਼ਾਕਿਸਤਾਨ ਵਰਗੇ ਮੁਕਾਬਲਤਨ ਨਜ਼ਦੀਕੀ ਅਤੇ ਸਸਤੇ ਬਦਲ ਵੀ ਮੌਜੂਦ ਹਨ।
ਦਰਾਮਦ ਦੀ ਸੰਭਾਵੀ ਹੱਦ
ਸੂਤਰਾਂ ਅਨੁਸਾਰ ਭਾਰਤੀ ਰਿਫਾਈਨਰ ਸਾਲਾਨਾ ਲੱਗਭਗ 2 ਕਰੋੜ ਟਨ ਭਾਵ ਕਰੀਬ 4 ਲੱਖ ਬੈਰਲ ਪ੍ਰਤੀ ਦਿਨ ਅਮਰੀਕੀ ਤੇਲ ਲੈ ਸਕਦੇ ਹਨ, ਜੋ ਪਿਛਲੇ ਸਾਲ ਦੀ ਤੁਲਨਾ ’ਚ ਵੱਧ ਹੋਵੇਗਾ।
ਹਾਲ ਹੀ ’ਚ ਇੰਡੀਅਨ ਆਇਲ, ਭਾਰਤ ਪੈਟਰੋਲੀਅਮ ਅਤੇ ਹਿੰਦੁਸਤਾਨ ਪੈਟਰੋਲੀਅਮ ਨੇ ਵੈਨੇਜ਼ੁਏਲਾ ਤੋਂ ਕਰੀਬ 40 ਲੱਖ ਬੈਰਲ ਤੇਲ ਖਰੀਦਿਆ ਹੈ। ਦੱਸਿਆ ਜਾ ਰਿਹਾ ਹੈ ਕਿ ਸਰਕਾਰੀ ਰਿਫਾਈਨਰੀਆਂ ਹਰ ਮਹੀਨੇ ਸੀਮਤ ਮਾਤਰਾ ’ਚ ਹੀ ਵੈਨੇਜ਼ੁਏਲਾ ਦਾ ਭਾਰੀ ਅਤੇ ਜ਼ਿਆਦਾ ਸਲਫਰ ਵਾਲਾ ਤੇਲ ਪ੍ਰਾਸੈੱਸ ਕਰ ਸਕਦੀਆਂ ਹਨ।
ਸੰਤੁਲਨ ਬਣਾਉਣ ਦੀ ਕੋਸ਼ਿਸ਼
ਕੁੱਲ ਮਿਲਾ ਕੇ ਭਾਰਤ ਆਪਣੀਆਂ ਊਰਜਾ ਲੋੜਾਂ ਅਤੇ ਕੂਟਨੀਤਕ ਸੰਤੁਲਨ ਦੇ ਵਿਚਾਲੇ ਤਾਲਮੇਲ ਬਿਠਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਆਉਣ ਵਾਲੇ ਸਮੇਂ ’ਚ ਇਹ ਦੇਖਣਾ ਅਹਿਮ ਹੋਵੇਗਾ ਕਿ ਗਲੋਬਲ ਰਾਜਨੀਤੀ ਅਤੇ ਕੀਮਤਾਂ ਦੇ ਉਤਰਾਅ-ਚੜ੍ਹਾਅ ਵਿਚਾਲੇ ਭਾਰਤ ਆਪਣੀ ਤੇਲ ਦਰਾਮਦ ਰਣਨੀਤੀ ਨੂੰ ਕਿਸ ਤਰ੍ਹਾਂ ਸੰਤੁਲਿਤ ਕਰਦਾ ਹੈ।
21,028 ਕਰੋੜ ਰੁਪਏ ਦੇ ਲਾਭ ਤੋਂ ਬਾਅਦ SBI ਬਣੀ ਦੇਸ਼ ਦੀ ਚੌਥੀ ਸਭ ਤੋਂ ਵੱਡੀ ਕੰਪਨੀ
NEXT STORY