ਨਵੀਂ ਦਿੱਲੀ, (ਭਾਸ਼ਾ)- ਉਦਯੋਗ ਸੰਗਠਨ ਸਿਆਮ ਨੇ ਕਿਹਾ ਕਿ ਕਾਰਖਾਨਿਆਂ ਵੱਲੋਂ ਕੰਪਨੀ ਡੀਲਰਾਂ ਨੂੰ ਘਰੇਲੂ ਯਾਤਰੀ ਵਾਹਨ ਬਰਾਮਦ ਫਰਵਰੀ ’ਚ ਸਾਲਾਨਾ ਆਧਾਰ ’ਤੇ 1.9 ਫੀਸਦੀ ਵਧ ਕੇ 3,77,689 ਇਕਾਈਆਂ ਹੋ ਗਈ। ਪਿਛਲੇ ਸਾਲ ਫਰਵਰੀ ’ਚ ਕੁਲ ਯਾਤਰੀ ਵਾਹਨ ਥੋਕ ਵਿਕਰੀ 3,70,786 ਇਕਾਈਆਂ ਰਹੀ ਸੀ।
ਭਾਰਤੀ ਵਾਹਨ ਨਿਰਮਾਤਾਵਾਂ ਦੇ ਮਹਾਸੰਘ (ਸਿਆਮ) ਦੇ ਡਾਇਰੈਕਟਰ ਜਨਰਲ ਰਾਜੇਸ਼ ਮੇਨਨ ਨੇ ਕਿਹਾ,“ਯਾਤਰੀ ਵਾਹਨ ਸੈਕਟਰ ਮਜ਼ਬੂਤ ਰਿਹਾ ਅਤੇ ਇਸ ਸਾਲ ਫਰਵਰੀ ’ਚ 3.78 ਲੱਖ ਇਕਾਈਆਂ ਦੀ ਆਪਣੀ ਹੁਣ ਤੱਕ ਦੀ ਸਭ ਤੋਂ ਜ਼ਿਆਦਾ ਵਿਕਰੀ ਦਰਜ ਕੀਤੀ। ਇਹ ਪਿਛਲੇ ਸਾਲ ਫਰਵਰੀ ਦੀ ਤੁਲਨਾ ’ਚ 1.9 ਫੀਸਦੀ ਦਾ ਵਾਧਾ ਹੈ।” ਹਾਲਾਂਕਿ, ਪਿਛਲੇ ਮਹੀਨੇ ਕੁਲ ਦੋਪਹੀਆ ਵਾਹਨਾਂ ਦੀ ਵਿਕਰੀ ਸਾਲਾਨਾ ਆਧਾਰ ’ਤੇ 9 ਫੀਸਦੀ ਦੀ ਗਿਰਾਵਟ ਨਾਲ 13,84,605 ਇਕਾਈਆਂ ਰਹਿ ਗਈ।
ਸਕੂਟਰ ਦੀ ਵਿਕਰੀ ਇਸ ਸਾਲ ਫਰਵਰੀ ’ਚ ਮਾਮੂਲੀ ਘਟ ਕੇ 5,12,783 ਇਕਾਈਆਂ ਰਹਿ ਗਈ, ਜਦੋਂਕਿ ਪਿਛਲੇ ਸਾਲ ਇਸੇ ਮਿਆਦ ’ਚ ਇਹ 5,15,340 ਇਕਾਈਆਂ ਸੀ। ਪਿਛਲੇ ਮਹੀਨੇ ਪ੍ਰਚੂਨ ਵਿਕ੍ਰੇਤਾਵਾਂ (ਡੀਲਰ) ਨੂੰ ਮੋਟਰਸਾਈਕਲ ਦੀ ਸਪਲਾਈ ਸਾਲਾਨਾ ਆਧਾਰ ’ਤੇ 13 ਫੀਸਦੀ ਘਟ ਕੇ 8,38,250 ਇਕਾਈਆਂ ਰਹਿ ਗਈ।
ਫਰਵਰੀ ’ਚ ਮੋਪੇਡ ਦੀ ਵਿਕਰੀ 18 ਫੀਸਦੀ ਘਟ ਕੇ 33,572 ਇਕਾਈਆਂ ਰਹਿ ਗਈ। ਪ੍ਰਚੂਨ ਵਿਕ੍ਰੇਤਾਵਾਂ ਨੂੰ ਕੁਲ ਤਿੰਨ ਪਹੀਆ ਵਾਹਨ ਸਪਲਾਈ ਫਰਵਰੀ ’ਚ ਸਾਲਾਨਾ ਆਧਾਰ ’ਤੇ 5 ਫੀਸਦੀ ਵਧ ਕੇ 57,788 ਇਕਾਈਆਂ ਹੋ ਗਈ। ਤਿੰਨ ਪਹੀਆ ਯਾਤਰੀ ਵਾਹਨਾਂ ਦੀ ਵਿਕਰੀ ਪਿਛਲੇ ਮਹੀਨੇ ਵਧ ਕੇ 46,111 ਇਕਾਈਆਂ ਹੋ ਗਈ।
ਫਰਵਰੀ ’ਚ ਮਾਲ ਵਾਹਕ ਤਿੰਨ ਪਹੀਆ ਵਾਹਨਾਂ ਦੀ ਵਿਕਰੀ 6 ਫੀਸਦੀ ਵਧ ਕੇ 10,603 ਇਕਾਈਆਂ ਰਹੀ। ਫਰਵਰੀ ’ਚ ਈ-ਰਿਕਸ਼ਾ ਦੀ ਵਿਕਰੀ 51 ਫੀਸਦੀ ਦੀ ਗਿਰਾਵਟ ਨਾਲ 741 ਇਕਾਈਆਂ ਰਹਿ ਗਈ। ਮੇਨਨ ਨੇ ਕਿਹਾ,“ਮਾਰਚ ’ਚ ਹੋਲੀ ਦੇ ਤਿਉਹਾਰ ਨਾਲ ਮੰਗ ’ਚ ਤੇਜ਼ੀ ਜਾਰੀ ਰਹਿਣ ਦੀ ਸੰਭਾਵਨਾ ਹੈ, ਜਿਸ ਨਾਲ ਵਿੱਤੀ ਸਾਲ 2024-25 ਕਾਫੀ ਹੱਦ ਤੱਕ ਸਾਕਾਰਾਤਮਕ ਰਹੇਗਾ।”
ਸਰਕਾਰ ਨੇ ਹੁਣ ਬਜਟ ਤੋਂ ਹਟਾਇਆ ਰੁਪਏ ਦਾ ਪ੍ਰਤੀਕ ਚਿੰਨ੍ਹ
NEXT STORY