ਨਵੀਂ ਦਿੱਲੀ— ਲੋਕ ਆਪਣੇ ਬਚਤ ਖਾਤੇ 'ਚ ਆਪਣੀ ਕਮਾਈ ਰੱਖਦੇ ਹਨ ਤਾਂ ਕਿ ਲੋੜ ਪੈਣ ਤਾਂ ਉਸ ਨੂੰ ਕਢਾ ਸਕਣ ਅਤੇ ਵਿਆਜ ਨਾਲ ਪੈਸਾ ਵਧਦਾ ਰਹੇ ਪਰ ਖਾਤੇ 'ਚ ਪੈਸੇ ਨਾ ਰੱਖਣ 'ਤੇ ਹੁਣ ਪਹਿਲਾਂ ਜਿੰਨਾ ਫਾਇਦਾ ਨਹੀਂ ਮਿਲ ਸਕੇਗਾ ਕਿਉਂਕਿ ਦੇਸ਼ ਦੇ 7 ਵੱਡੇ ਬੈਂਕਾਂ ਨੇ ਵਾਰੀ-ਵਾਰੀ ਬਚਤ ਖਾਤਿਆਂ 'ਤੇ ਵਿਆਜ ਘਟਾ ਦਿੱਤਾ ਹੈ। ਬਚਤ ਖਾਤਿਆਂ 'ਚ ਰੱਖੇ ਪੈਸਿਆਂ ਦੇ ਵਧਣ ਦੀ ਰਫਤਾਰ ਤਾਂ ਪਹਿਲਾਂ ਹੀ ਬਹੁਤ ਹੌਲੀ ਹੁੰਦੀ ਸੀ ਹੁਣ ਬੈਂਕਾਂ ਦੇ ਇਸ ਕਦਮ ਕਾਰਨ ਇਹ ਹੋਰ ਘੱਟ ਜਾਵੇਗੀ। ਐੱਸ. ਬੀ. ਆਈ., ਐਕਸਿਸ ਬੈਂਕ ਸਮੇਤ ਕਈ ਬੈਂਕਾਂ ਨੇ ਬਚਤ ਖਾਤੇ 'ਤੇ ਵਿਆਜ ਘਟਾ ਦਿੱਤਾ ਹੈ ਪਰ ਅਜੇ ਵੀ ਕੁਝ ਥਾਵਾਂ ਹਨ ਜਿੱਥੇ 3.50 ਫੀਸਦੀ ਤੋਂ ਜ਼ਿਆਦਾ ਵਿਆਜ ਮਿਲ ਰਿਹਾ ਹੈ।
1. ਕੋਟਕ ਮਹਿੰਦਰਾ ਬੈਂਕ
ਕੋਟਕ ਮਹਿੰਦਰਾ ਬੈਂਕ ਨੇ ਹਾਲ ਹੀ 'ਚ ਐਲਾਨ ਕੀਤਾ ਸੀ ਕਿ ਉਹ ਆਪਣੇ ਗਾਹਕਾਂ ਨੂੰ ਪਹਿਲੇ ਦੀ ਤਰ੍ਹਾਂ ਹੀ ਵਿਆਜ ਦਿੰਦਾ ਰਹੇਗਾ। ਕੋਟਕ ਮਹਿੰਦਰਾ ਬੈਂਕ ਦੇ ਗਾਹਕਾਂ ਨੂੰ ਬਚਤ ਖਾਤੇ 'ਚ 1 ਲੱਖ ਰੁਪਏ ਤਕ ਦੀ ਰਾਸ਼ੀ ਰੱਖਣ 'ਤੇ ਸਾਲਾਨਾ 5 ਫੀਸਦੀ ਵਿਆਜ ਮਿਲਦਾ ਹੈ। ਜਦੋਂ ਕਿ 1 ਲੱਖ ਰੁਪਏ ਤੋਂ ਉਪਰ ਅਤੇ 1 ਕਰੋੜ ਰੁਪਏ ਤਕ ਦੀ ਜਮ੍ਹਾ ਰਾਸ਼ੀ 'ਤੇ 6 ਫੀਸਦੀ ਵਿਆਜ ਮਿਲਦਾ ਹੈ।
2. ਯੈੱਸ ਬੈਂਕ
ਹਾਲਾਂਕਿ ਯੈੱਸ ਬੈਂਕ ਵੀ ਉਨ੍ਹਾਂ ਬੈਂਕਾਂ 'ਚ ਸ਼ਾਮਲ ਹੈ ਜਿਨ੍ਹਾਂ ਨੇ ਹਾਲ ਹੀ 'ਚ ਬਚਤ ਖਾਤਿਆਂ 'ਤੇ ਵਿਆਜ ਘਟਾਇਆ ਹੈ ਪਰ ਫਿਰ ਵੀ ਬਾਕੀ ਬੈਂਕਾਂ ਨਾਲੋਂ ਜ਼ਿਆਦਾ ਵਿਆਜ ਦੇ ਰਿਹਾ ਹੈ। ਯੈੱਸ ਬੈਂਕ ਦੇ ਬਚਤ ਖਾਤਾ ਧਾਰਕਾਂ ਨੂੰ ਸਤੰਬਰ 2017 ਤੋਂ 1 ਲੱਖ ਰੁਪਏ ਤਕ ਦੀ ਜਮ੍ਹਾ ਰਾਸ਼ੀ 'ਤੇ ਸਾਲਾਨਾ 5 ਫੀਸਦੀ ਵਿਆਜ ਮਿਲੇਗਾ। ਮੌਜੂਦਾ ਸਮੇਂ ਬੈਂਕ 6 ਫੀਸਦੀ ਸਾਲਾਨਾ ਵਿਆਜ ਦੇ ਰਿਹਾ ਹੈ। ਉੱਥੇ ਹੀ, ਜੇਕਰ ਤੁਸੀਂ ਆਪਣੇ ਬਚਤ ਖਾਤੇ 'ਚ 1 ਲੱਖ ਰੁਪਏ ਤੋਂ ਉਪਰ ਪੈਸੇ ਰੱਖਦੇ ਹੋ ਤਾਂ ਤੁਹਾਨੂੰ ਪਹਿਲੇ ਦੀ ਤਰ੍ਹਾਂ ਹੀ 6 ਫੀਸਦੀ ਵਿਆਜ ਮਿਲਦਾ ਰਹੇਗਾ।
3. ਡਾਕਘਰ
ਜੇਕਰ ਤੁਹਾਡਾ ਬਚਤ ਖਾਤਾ ਭਾਰਤੀ ਡਾਕਘਰ 'ਚ ਹੈ ਤਾਂ ਤੁਸੀਂ ਸਾਲਾਨਾ 4 ਫੀਸਦੀ ਵਿਆਜ ਕਮਾ ਸਕਦੇ ਹੋ। ਇੰਡੀਆ ਪੋਸਟ ਦੀ ਵੈੱਬਸਾਈਟ ਮੁਤਾਬਕ, ਡਾਕ ਬਚਤ ਖਾਤਾ ਖੋਲ੍ਹਣ ਲਈ ਘੱਟੋ-ਘੱਟ ਸਿਰਫ 20 ਰੁਪਏ ਜਮ੍ਹਾ ਕਰਾਉਣੇ ਹੁੰਦੇ ਹਨ। ਉੱਥੇ ਹੀ, ਇਕ ਮਾਲ੍ਹੀ ਵਰ੍ਹੇ 'ਚ 10,000 ਰੁਪਏ ਤਕ ਦੀ ਵਿਆਜ ਕਮਾਈ 'ਤੇ ਕੋਈ ਟੈਕਸ ਨਹੀਂ ਲੱਗਦਾ। ਜੇਕਰ ਤੁਸੀਂ ਆਪਣੇ ਖਾਤੇ 'ਤੇ ਚੈੱਕ ਦੀ ਸੁਵਿਧਾ ਵੀ ਲੈਣਾ ਚਾਹੁੰਦੇ ਹੋ ਤਾਂ ਸਿਰਫ 500 ਰੁਪਏ 'ਚ ਖਾਤਾ ਖੋਲ੍ਹ ਸਕਦੇ ਹੋ। ਜੇਕਰ ਤੁਸੀਂ ਚੈੱਕ ਦੀ ਸੁਵਿਧਾ ਨਹੀਂ ਵੀ ਲੈਣਾ ਚਾਹੁੰਦੇ ਤਾਂ ਤੁਹਾਨੂੰ ਖਾਤੇ 'ਚ ਘੱਟੋ-ਘੱਟ 50 ਰੁਪਏ ਰੱਖਣੇ ਜ਼ਰੂਰੀ ਹਨ।
4. ਏਅਰਟੈੱਲ ਪੇਮੈਂਟ ਬੈਂਕ
ਹਾਲ ਹੀ 'ਚ ਸ਼ੁਰੂ ਹੋਇਆ ਏਅਰਟੈੱਲ ਪੇਮੈਂਟ ਬੈਂਕ ਸਭ ਤੋਂ ਵਧ ਵਿਆਜ ਦੇ ਰਿਹਾ ਹੈ। ਏਅਰਟੈੱਲ ਪੇਮੈਂਟ ਬੈਂਕ ਆਪਣੇ ਖਾਤਾ ਧਾਰਕਾਂ ਨੂੰ 7.25 ਫੀਸਦੀ ਵਿਆਜ ਦੇ ਰਿਹਾ ਹੈ। ਇਸ ਦੇ ਨਾਲ ਹੀ 1 ਲੱਖ ਰੁਪਏ ਤਕ ਦਾ ਨਿੱਜੀ ਦੁਰਘਟਨਾ ਬੀਮਾ ਮੁਫਤ ਦੇ ਰਿਹਾ ਹੈ। ਹਾਲਾਂਕਿ ਜੇਕਰ ਤੁਸੀਂ ਏਅਰਟੈੱਲ ਪੇਮੈਂਟ ਬੈਂਕ ਦੇ ਇਲਾਵਾ ਕਿਸੇ ਹੋਰ ਬੈਂਕ 'ਚ ਇੰਟਰਨੈੱਟ ਬੈਂਕਿੰਗ, ਮੋਬਾਇਲ ਐਪ ਜਾਂ ਕਿਸੇ ਹੋਰ ਤਰੀਕੇ ਨਾਲ ਪੈਸੇ ਟਰਾਂਸਫਰ ਕਰਦੇ ਹੋ ਤਾਂ ਟਰਾਂਸਫਰ ਰਕਮ 'ਤੇ 0.5 ਫੀਸਦੀ ਦਾ ਚਾਰਜ ਲੱਗਦਾ ਹੈ। ਜ਼ਿਆਦਾ ਜਾਣਕਾਰੀ ਲਈ ਤੁਸੀਂ ਏਅਰਟੈੱਲ ਪੇਮੈਂਟ ਬੈਂਕ ਦੀ ਵੈੱਬਸਾਈਟ 'ਤੇ ਜਾ ਸਕਦੇ ਹੋ।
ਦੀਵਾਲੀਆ ਕਾਨੂੰਨ ਨਾਲ ਬਾਂਡ ਬਾਜ਼ਾਰ ਨੂੰ ਮਜ਼ਬੂਤ ਬਣਾਉਣ 'ਚ ਮਿਲੇਗੀ ਮਦਦ : ਤਿਆਗੀ
NEXT STORY