ਚੰਡੀਗੜ— ਚੋਰੀ ਹੋ ਚੁੱਕੀ ਟੋਇਟਾ ਇਨੋਵਾ ਗੱਡੀ ਦੇ ਕਲੇਮ ਨੂੰ ਰਿਜੈਕਟ ਕਰਨਾ ਹੁਣ ਬੀਮਾ ਕੰਪਨੀ ਨੂੰ ਮਹਿੰਗਾ ਪੈ ਸਕਦਾ ਹੈ। ਡਿਸਟ੍ਰਿਕਟ ਕੰਜ਼ਿਊਮਰ ਡਿਸਪਿਊਟ ਰਿਡਰੈਸਲ ਫੋਰਮ ਨੇ ਇਕ ਫੈਸਲੇ 'ਚ ਰਿਲਾਇੰਸ ਜਨਰਲ ਬੀਮਾ ਕੰਪਨੀ ਨੂੰ ਸੇਵਾ 'ਚ ਕਮੀ ਦਾ ਦੋਸ਼ੀ ਠਹਿਰਾਇਆ ਹੈ। ਫੋਰਮ ਨੇ ਕੰਪਨੀ ਨੂੰ ਬੀਮੇ ਦੇ ਸਾਢੇ 11 ਲੱਖ ਰੁਪਏ ਸ਼ਿਕਾਇਤਕਰਤਾ ਨੂੰ ਦੇਣ ਦੇ ਨਾਲ 50,000 ਰੁਪਏ ਮੁਆਵਜ਼ਾ ਤੇ 10,000 ਰੁਪਏ ਅਦਾਲਤੀ ਖਰਚ ਵੀ ਦੇਣ ਦਾ ਵੀ ਫੈਸਲਾ ਸੁਣਾਇਆ ਹੈ। ਯਾਨੀ ਕੰਪਨੀ ਨੂੰ ਹੁਣ ਕੁੱਲ 12.10 ਲੱਖ ਰੁਪਏ ਦੇਣੇ ਪੈਣਗੇ।
ਇਹ ਹੈ ਮਾਮਲਾ
ਖਰੜ ਦੇ ਰਹਿਣ ਵਾਲੇ ਪਰਮਿੰਦਰ ਨੇ ਪਿਛਲੇ ਸਾਲ ਰਿਲਾਇੰਸ ਕੰਪਨੀ ਦੇ ਖਿਲਾਫ ਕੰਜ਼ਿਊਮਰ ਫੋਰਮ 'ਚ ਸ਼ਿਕਾਇਤ ਦਿੱਤੀ ਸੀ। ਪਰਮਿੰਦਰ ਨੇ ਸ਼ਿਕਾਇਤ 'ਚ ਲਿਖਿਆ ਸੀ ਕਿ ਉਸ ਨੇ 4 ਅਗਸਤ, 2013 ਨੂੰ ਆਪਣੀ ਟੋਇਟਾ ਇਨੋਵਾ ਗੱਡੀ ਦਾ ਰਿਲਾਇੰਸ ਕੰਪਨੀ ਤੋਂ ਬੀਮਾ ਕਰਵਾਇਆ ਸੀ। ਇਸ 'ਚ ਗੱਡੀ ਦੀ ਕੀਮਤ ਸਾਢੇ 11 ਲੱਖ ਰੁਪਏ ਸੀ। ਸ਼ਿਕਾਇਤ ਦੇ ਮੁਤਾਬਕ 15 ਜਨਵਰੀ, 2014 ਨੂੰ ਉਨ੍ਹਾਂ ਦੀ ਗੱਡੀ ਖਰੜ ਤੋਂ ਚੋਰੀ ਹੋ ਗਈ ਸੀ। ਚੋਰੀ ਤੋਂ ਪਹਿਲਾਂ ਗੱਡੀ ਉਨ੍ਹਾਂ ਦੇ ਭਰਾ ਦਵਿੰਦਰ ਸਿੰਘ ਦੇ ਕੋਲ ਸੀ। ਪਰਮਿੰਦਰ ਨੇ ਗੱਡੀ ਚੋਰੀ ਹੋਣ ਦੀ ਜਾਣਕਾਰੀ ਕੰਪਨੀ ਨੂੰ ਦਿੱਤੀ ਅਤੇ 20 ਜਨਵਰੀ, 2014 ਨੂੰ ਕਲੇਮ ਲਈ ਸਾਰੇ ਜ਼ਰੂਰੀ ਡਾਕੂਮੈਂਟਸ ਵੀ ਕੰਪਨੀ ਨੂੰ ਦੇ ਦਿੱਤੇ ਪਰ 10 ਨਵੰਬਰ, 2014 ਨੂੰ ਕੰਪਨੀ ਨੇ ਉਨ੍ਹਾਂ ਦਾ ਕਲੇਮ ਬੰਦ ਕਰ ਦਿੱਤਾ। ਕੰਪਨੀ ਨੇ ਫਾਈਨਲ ਨਾਨ-ਟਰਾਂਸੇਬਲ ਰਿਪੋਰਟ, ਆਰ. ਸੀ. ਅਤੇ ਇੰਜਣ ਅਤੇ ਚੈਸੀਜ਼ ਨੰਬਰ ਦੇਣ ਦੀ ਗੱਲ ਕਹਿ ਕੇ ਉਨ੍ਹਾਂ ਦਾ ਕਲੇਮ ਰਿਜੈਕਟ ਕਰ ਦਿੱਤਾ। ਉਸ ਨੇ 16 ਫਰਵਰੀ, 2016 ਨੂੰ ਕੰਪਨੀ ਨੂੰ ਨਾਨ-ਟਰਾਂਸੇਬਲ ਰਿਪੋਰਟ ਵੀ ਜਮ੍ਹਾ ਕਰਵਾ ਦਿੱਤੀ। ਇਸ ਸਭ ਦੇ ਬਾਵਜੂਦ ਉਨ੍ਹਾਂ ਨੂੰ ਰਕਮ ਨਹੀਂ ਮਿਲੀ, ਜਿਸ ਤੋਂ ਬਾਅਦ ਉਨ੍ਹਾਂ ਕੰਜ਼ਿਊਮਰ ਫੋਰਮ 'ਚ ਸ਼ਿਕਾਇਤ ਦਰਜ ਕਰਵਾਈ।
ਇਹ ਕਿਹਾ ਫੋਰਮ ਨੇ
ਦੋਵਾਂ ਪੱਖਾਂ ਦੀ ਸੁਣਵਾਈ ਤੋਂ ਬਾਅਦ ਕੰਜ਼ਿਊਮਰ ਫੋਰਮ ਨੇ ਕੰਪਨੀ ਨੂੰ ਸੇਵਾ 'ਚ ਕਮੀ ਦਾ ਦੋਸ਼ੀ ਮੰਨਿਆ ਹੈ ਅਤੇ ਉਸ ਨੂੰ ਸਾਢੇ 11 ਲੱਖ ਰੁਪਏ ਦੇਣ ਦਾ ਫੈਸਲਾ ਸੁਣਾਇਆ। ਫੋਰਮ ਨੇ ਕੰਪਨੀ ਨੂੰ 50 ਹਜ਼ਾਰ ਰੁਪਏ ਮੁਆਵਜ਼ਾ ਅਤੇ 10 ਹਜ਼ਾਰ ਰੁਪਏ ਅਦਾਲਤੀ ਖਰਚ ਵੀ ਦੇਣ ਲਈ ਵੀ ਕਿਹਾ ਹੈ।
ਜੈੱਟ ਏਅਰਵੇਜ਼ ਨੇ ਨਵੇਂ ਮਾਰਗਾਂ 'ਤੇ ਕੋਡ ਸ਼ੇਅਰ ਦੀ ਕੀਤੀ ਘੋਸ਼ਣਾ
NEXT STORY