ਪੰਜਾਬੀ ਫਿਲਮ ‘ਜੇ ਜੱਟ ਵਿਗੜ ਗਿਆ’ 17 ਮਈ ਨੂੰ ਦੁਨੀਆ ਭਰ ’ਚ ਰਿਲੀਜ਼ ਹੋ ਰਹੀ ਹੈ। ਇਸ ਫਿਲਮ ’ਚ ਜੈ ਰੰਧਾਵਾ, ਪਵਨ ਮਲਹੋਤਰਾ ਅਤੇ ਦੀਪ ਸਹਿਗਲ ਮੁੱਖ ਕਿਰਦਾਰ ’ਚ ਹਨ। ਇਨ੍ਹਾਂ ਤੋਂ ਇਲਾਵਾ ਪੰਜਾਬੀ ਸਿਨੇਮਾ ਦੇ ਕਈ ਹੋਰ ਨਾਮੀ ਚਿਹਰੇ ਵੀ ਮਹੱਤਵਪੂਰਨ ਕਿਰਦਾਰਾਂ ’ਚ ਵਿਖਾਈ ਦੇਣਗੇ। ਫਿਲਮ ਦੇ ਕਹਾਣੀਕਾਰ ਜੇ ਮਹਾਰਿਸ਼ੀ, ਸਕ੍ਰੀਨ ਪਲੇਅ ਅਤੇ ਡਾਇਲਾਗ ਲੇਖਕ ਅਮਰਜੀਤ ਸਿੰਘ ਸਰਾਓ, ਐਕਸ਼ਨ ਡਾਇਰੈਕਟਰ ਪਰਮਜੀਤ ਢਿੱਲੋਂ, ਕੈਮਰਾਮੈਨ ਨੀਰਜ ਸਿੰਘ, ਸੰਪਾਦਕ ਮਨਦੀਪ ਸਿੰਘ, ਕ੍ਰਿਏਟਿਵ ਹੈਡ ਗੈਰੀ ਸੋਮਲ ਹਨ। ਫਿਲਮ ਦੀ ਪ੍ਰਮੋਸ਼ਨ ਦੇ ਸਿਲਸਿਲੇ ’ਚ ਜੈ ਰੰਧਾਵਾ ਨਾਲ ਖ਼ਾਸ ਗੱਲਬਾਤ ਕੀਤੀ ਗਈ, ਜਿਸ ਦੇ ਮੁੱਖ ਅੰਸ਼ ਹੇਠਾਂ ਹਨ–
ਤੁਹਾਡੇ ਲਈ ਅਸਲ ਜ਼ਿੰਦਗੀ ’ਚ ਪਰਿਵਾਰ ਦੀ ਕੀ ਮਹੱਤਤਾ ਹੈ?
ਫਿਲਮ ਉਹੀ ਚੀਜ਼ ’ਤੇ ਵਧੀਆ ਬਣਦੀ ਹੈ, ਜੋ ਸਾਡੀ ਆਮ ਜ਼ਿੰਦਗੀ ’ਚ ਚੀਜ਼ਾਂ ਹੋਈਆਂ ਹੁੰਦੀਆਂ ਹਨ। ਜੇਕਰ ਤੁਸੀਂ ਘਰ ’ਚ ਮਾਂ ਨੂੰ ਪਿਆਰ ਕਰਦੇ ਹੋ ਤਾਂ ਤੁਸੀਂ ਫਿਲਮ ’ਚ ਵੀ ਇਸ ਚੀਜ਼ ਨੂੰ ਚੰਗੀ ਤਰ੍ਹਾਂ ਕਰ ਸਕਦੇ ਹੋ। ਸਾਡੀ ਫ਼ਿਲਮ ਹਿਊਮਨ ਇਮੋਸ਼ਨ ਤੇ ਹਿਊਮਨ ਰਿਲੇਸ਼ਨ ’ਤੇ ਆਧਾਰਿਤ ਹੈ।
ਜਦੋਂ ਤੁਸੀਂ ਵੱਡੇ ਹੋ ਰਹੇ ਸੀ ਤਾਂ ਤੁਹਾਡੇ ਘਰ ਦਾ ਮਾਹੌਲ ਕਿਵੇਂ ਦਾ ਸੀ?
ਸਾਡੇ ਘਰ ਦਾ ਮਾਹੌਲ ਬਹੁਤ ਵਧੀਆ ਸੀ। ਵਿਅਕਤੀ ਤਾਂ ਜ਼ਿੰਦਗੀ ਭਰ ਵੱਡਾ ਹੁੰਦਾ ਰਹਿੰਦਾ ਹੈ ਪਰ ਕਈ ਬੱਚੇ 10 ਸਾਲ ਦੀ ਉਮਰ ’ਚ ਹੀ ਵੱਡੇ ਹੋ ਜਾਂਦੇ ਹਨ ਯਾਨੀ ਕਿ ਉਹ ਸਿਆਣੇ ਹੋ ਜਾਂਦੇ ਹਨ ਅਤੇ ਕਈ ਅਜਿਹੇ ਲੋਕ ਵੀ ਹੁੰਦੇ ਹਨ, ਜੋ 60 ਦੀ ਉਮਰ ’ਚ ਜਾ ਕੇ ਵੀ ਬੇਅਕਲੇ ਰਹਿੰਦੇ ਹਨ। ਸਾਰੀ ਉਮਰ ਲੰਘਾ ਕੇ ਵੀ ਉਨ੍ਹਾਂ ਨੂੰ ਅਕਲ ਨਹੀਂ ਆਉਂਦੀ। ਇਥੇ ਇਹ ਮਾਅਨੇ ਰੱਖਦਾ ਹੈ ਕਿ ਵਿਅਕਤੀ ਕਿਹੜੇ ਟਾਈਮ ’ਚ ਗਰੋਅ ਕਰ ਰਿਹਾ ਹੈ। ਵਿਅਕਤੀ ਪੂਰੀ ਜ਼ਿੰਦਗੀ ’ਚ ਕੁਝ ਨਾ ਕੁਝ ਸਿੱਖਦਾ ਰਹਿੰਦਾ ਹੈ। ਜ਼ਿੰਦਗੀ ਦੇ ਵੀ ਕਈ ਪੜਾਅ ਹੁੰਦੇ ਹਨ।
ਮੈਡੀਕਲ ਲਾਈਨ ’ਚ ਹੋਣ ਦੇ ਬਾਵਜੂਦ ਤੁਸੀਂ ਅਦਾਕਾਰੀ ਦੇ ਖ਼ੇਤਰ ’ਚ ਕਿਵੇਂ ਆਏ?
ਘਰਦੇ ਕਹਿੰਦੇ ਸਨ ਅਸੀਂ ਤੈਨੂੰ ਡਾਕਟਰ ਬਣਾਉਣਾ ਹੈ। ਮੈਂ ਮੈਡੀਕਲ ਕਾਲਜ ’ਚ ਪੀ. ਐੱਚ. ਡੀ. ਕੀਤੀ ਸੀ ਪਰ ਮੈਂ ਇੱਧਰ ਅਦਾਕਾਰੀ ਵਾਲੇ ਪਾਸੇ ਆਉਣਾ ਚਾਹੁੰਦਾ ਸੀ। ਮੈਂ ਦੋਵੇਂ ਪਾਸੇ ਚੱਲ ਰਿਹਾ ਸੀ। ਮੈਂ ਆਪਣੀ ਮਾਂ-ਪਿਓ ਦਾ ਸੁਫ਼ਨਾ ਪੂਰਾ ਕੀਤਾ।
ਤੁਹਾਡੀ ਜ਼ਿੰਦਗੀ ’ਚ ਤਰੱਕੀ ਦਾ ਕੀ ਮਤਲਬ ਹੈ?
ਤਰੱਕੀ ਦਾ ਮਤਲਬ ਇਹ ਹੈ ਕਿ ਤੁਸੀਂ ਸੰਸਾਰ ’ਚ ਆਏ ਹੋ, ਤੁਸੀਂ ਆਪਣੀ ਜ਼ਿੰਦਗੀ ਇੰਨੇ ਵਧੀਆ ਤਰੀਕੇ ਨਾਲ ਜਿਉਂ ਕੇ ਜਾਓ ਕਿ ਤੁਹਾਨੂੰ ਜ਼ਿੰਦਗੀ ਦਾ ਸਵਾਦ ਆਵੇ। ਤੁਹਾਡੇ ਜਾਣ ਮਗਰੋਂ ਲੋਕ ਤੁਹਾਨੂੰ ਯਾਦ ਕਰ ਕੇ ਗੱਲਾਂ ਕਰਨ ਤਾਂ ਉਨ੍ਹਾਂ ਨੂੰ ਵੀ ਸਵਾਦ ਆਉਣਾ ਚਾਹੀਦਾ। ਉਹ ਤੁਹਾਡੀ ਅਸਲ ਤਰੱਕੀ ਹੈ।
ਕੀ ਤੁਸੀਂ ਪਰਮਾਤਮਾ ’ਚ ਵਿਸ਼ਵਾਸ਼ ਰੱਖਦੇ ਹੋ? ਜੋ ਤੁਸੀਂ ਚਾਹਿਆ, ਉਹ ਤੁਹਾਨੂੰ ਮਿਲਿਆ?
ਮੇਰੀ ਜ਼ਿੰਦਗੀ ਦਾ ਇਕ ਹੀ ਅਸੂਲ ਹੈ ਕਿ ਮੈਂ ਕਰਮਾਂ ’ਤੇ ਬਹੁਤ ਯਕੀਨ ਕਰਦਾ ਹਾਂ। ਇਕ ਕਰਮਾ ਅੰਗਰੇਜ਼ੀ ਦਾ ਵਰਲਡ ਹੈ ਤੇ ਇਕ ਘਰਦੇ ਆਖਦੇ ਨੇ ਕਿ ਇਹਦੇ ਤਾਂ ਕਰਮਾਂ ’ਚ ਹੀ ਲਿਖਿਆ ਹੈ। ਤੁਹਾਡੀ ਜ਼ਿੰਦਗੀ ’ਚ ਕੁਝ ਵੀ ਪ੍ਰਮਾਤਮਾ ਨੇ ਲਿਖ ਕੇ ਭੇਜਿਆ ਹੈ ਤਾਂ ਤੁਸੀਂ ਉਸ ਨੂੰ ਬਦਲ ਸਕਦੇ ਹੋ। ਜਦੋਂ ਅਸੀਂ ਕਿਸੇ ਦੇ ਭਲੇ ਵਾਸਤੇ ਇਕ ਕਦਮ ਅੱਗੇ ਵਧਾਉਂਦੇ ਹੋ, ਉਸ ਦਾ ਭਲਾ ਕਰਦੇ ਹੋ ਤਾਂ ਮੈਨੂੰ ਨਹੀਂ ਲੱਗਦਾ ਕਿ ਦੁਨੀਆ ’ਚ ਕੋਈ ਅਜਿਹਾ ਇਕ ਵਿਅਕਤੀ ਵੀ ਹੋਵੇ, ਜਿਸ ਦਾ ਕੋਈ ਕੰਮ ਰੁਕਿਆ ਹੋਵੇ ਪਰ ਇਹ ਕਰਮ ਕਮਾਉਣ ਲਈ ਸਾਨੂੰ ਆਪਣਾ ਲਾਲਚ ਇਕ ਪਾਸੇ ਰੱਖਣਾ ਪੈਂਦਾ ਹੈ।
ਜ਼ਿੰਦਗੀ ’ਚ ਉਤਰਾਅ-ਚੜਾਅ ਆਉਣੇ ਜ਼ਰੂਰੀ ਹਨ?
ਜ਼ਿੰਦਗੀ ’ਚ ਔਖਾ ਕੁਝ ਵੀ ਨਹੀਂ ਹੁੰਦਾ ਹੈ, ਉਤਰਾਅ-ਚੜਾਅ ਬਹੁਤ ਜ਼ਰੂਰੀ ਹਨ। ਇਸ ਨਾਲ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ। ਜੇਕਰ ਕਿਸੇ ਨੂੰ ਸਮਝਾਉਣ ਲਈ ਮੈਨੂੰ 2 ਆਪਸ਼ਨ ਦਿੱਤੇ ਜਾਣ ਲੜਾਈ ਜਾਂ ਪਿਆਰ? ਤਾਂ ਮੈਂ ਪਿਆਰ ਨਾਲ ਸਮਝਾਉਣ ’ਚ ਜ਼ਿਆਦਾ ਵਿਸ਼ਵਾਸ ਰੱਖਦਾ ਹਾਂ। ਗੁੱਸਾ ਆਉਣਾ ਵੀ ਬਹੁਤ ਜ਼ਰੂਰੀ ਹੈ। ਤੁਹਾਡੇ ਸਾਰੇ ਐਸਪੈੱਕਟ ਜ਼ਿੰਦਗੀ ਦੇ ਤੁਹਾਡੇ ਇਮੋਸ਼ਨ ਨਾਲ ਜੁੜੇ ਹੋਏ ਹਨ। ਜਦੋਂ ਤੁਹਾਡੇ ਨਾਲ ਗ਼ਲਤ ਹੋਵੇਗਾ ਤਾਂ ਗੁੱਸਾ ਆਉਣਾ ਲਾਜ਼ਮੀ ਹੈ।
ਇੰਡਸਟਰੀ ਦੇ ਲੋਕਾਂ ਨਾਲ ਤੁਹਾਡਾ ਮੇਲ-ਜੋਲ ਵਧਿਆ?
ਮੇਰੇ 10 ਸਾਲ ਪੁਰਾਣੇ ਦੋਸਤ ਅੱਜ ਵੀ ਮੇਰੇ ਨਾਲ ਹੀ ਹਨ। ਮੈਨੂੰ ਇਕ ਵਾਰ ਡਾਇਰੈਕਟਰ ਜਗਦੀਪ ਸਿੱਧੂ ਨੇ ਕਿਹਾ ਸੀ ਕਿ ਤੇਰਾ ਕੰਮ ਬੋਲਦਾ ਹੈ, ਤੈਨੂੰ ਬਾਕੀਆਂ ਦੀਆਂ ਗੱਲਾਂ ’ਤੇ ਧਿਆਨ ਨਹੀਂ ਦੇਣਾ ਚਾਹੀਦਾ ਕਿ ਕੌਣ ਕੀ ਬੋਲ ਰਿਹਾ ਹੈ। ਮੈਂ ਸਿਰਫ਼ ਆਪਣਾ ਕੰਮ ਕਰਨਾ ਹੈ, ਮੈਂ ਲੋਕਾਂ ਨੂੰ ਐਂਟਰਟੇਨ ਕਰਨ ਲਈ ਫਿਲਮਾਂ ਬਣਾਉਂਦਾ ਹਾਂ, ਜਿਸ ਤੋਂ ਮੇਰਾ ਘਰ ਚੱਲਦਾ ਹੈ।
ਕਿਸੇ ਵੱਡੇ ਪ੍ਰੋਡਕਸ਼ਨ ਹਾਊਸ ਨਾਲ ਕੰਮ ਕਰਨਾ ਚਾਹੁੰਦੇ ਹੋ?
ਇਨਸਾਨ ਆਪਣੀ ਜ਼ਿੰਦਗੀ ’ਚ ਜੋ ਕੁਝ ਪਾਉਣਾ ਚਾਹੁੰਦਾ ਹੈ, ਜੋ ਉਸ ਨੂੰ ਦਿਖਾਈ ਦੇ ਰਿਹਾ ਹੈ, ਫਿਰ ਕੌਣ ਵੱਡਾ ਤੇ ਕੌਣ ਛੋਟਾ ਇਸ ਨਾਲ ਕੋਈ ਫਰਕ ਨਹੀਂ ਪੈਂਦਾ। ਮੈਂ ਕੰਮ ਕਰਨਾ ਚਾਹੁੰਦਾ ਹਾਂ ਉਨ੍ਹਾਂ ਲੋਕਾਂ ਨਾਲ ਜਿਹੜੇ ਕੰਮ ਨੂੰ ਈਮਾਨਦਾਰੀ ਨਾਲ ਕਰਦੇ ਹਨ। ਮੈਨੂੰ ਕਿਸੇ ਦਾ ਕੋਈ ਲਾਲਚ ਨਹੀਂ ਤੇ ਨਾ ਹੀ ਕਿਸੇ ਦਾ ਡਰ ਹੈ। ਜੇ ਮੇਰਾ ਕੰਮ ਵਧੀਆ ਹੈ ਤੇ ਕੋਈ ਮੇਰੇ ਨਾਲ ਕਰਨਾ ਚਾਹੁੰਦਾ ਹੈ ਤਾਂ ਉਨ੍ਹਾਂ ਲਈ ਹਾਜ਼ਰ ਹਾਂ। ਮੈਂ ਕਿਸੇ ਦੇ ਹਾੜੇ ਨਹੀਂ ਕੱਢ ਸਕਦਾ ਕਿਉਂਕਿ ਜਦੋਂ ਮੈਂ ਤਰਲੇ ਕੱਢੇ ਸਨ, ਉਦੋਂ ਕਿਸੇ ਨੇ ਕੁਝ ਨਹੀਂ ਜਾਣਿਆ, ਹੁਣ ਮੈਂ ਅਜਿਹਾ ਕੁਝ ਨਹੀਂ ਕਰ ਸਕਦਾ। ਪਰਮਾਤਮਾ ਨੇ ਜਿੰਨਾ ਦਿੱਤਾ ਹੈ, ਮੈਂ ਉਹਦੇ 'ਚ ਬਹੁਤ ਖ਼ੁਸ਼ ਹਾਂ।
ਜਦੋਂ ਤੁਸੀਂ ਕਰੀਅਰ ਦੀ ਸ਼ੁਰੂਆਤ ਕੀਤੀ ਉਦੋਂ ਤੁਹਾਨੂੰ ਯਕੀਨ ਸੀ ਕਿ ਇਥੋਂ ਤੱਕ ਪਹੁੰਚੋਗੇ?
ਸ਼ੁਰੂਆਤੀ ਦੌਰ ’ਚ ਮੈਂ ਬਹੁਤ ਜਗ੍ਹਾ ਕੰਮ ਲਈ ਘੁੰਮਿਆ। ਮੈਨੂੰ ਯਕੀਨ ਸੀ ਕਿ ਮੈਂ ਕੁਝ ਨਾ ਕੁਝ ਕਰਾਂਗਾ। ਜੇਕਰ ਆਪਣੇ ’ਤੇ ਯਕੀਨ ਨਾ ਹੋਵੇ ਤਾਂ ਅਸੀਂ ਘਰ ਤੋਂ ਬਾਹਰ ਵੀ ਨਹੀਂ ਨਿਕਲ ਸਕਦੇ। ਲੋਕਾਂ ਦਾ ਕੰਮ ਹੈ ਦੂਜੇ ਦੀ ਖਿੱਚੋਤਾਣ ਕਰਨਾ। ਮੈਂ ਕਿਸੇ ਦੀ ਗੱਲ ਨਹੀਂ ਸੁਣਦਾ। ਸਿਰਫ਼ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਤੁਸੀਂ ਕੀ ਕਰਨਾ ਚਾਹੁੰਦੇ ਹੋ, ਬਾਕੀ ਜੋ ਕੋਈ ਜਿੰਨਾ ਮਰਜ਼ੀ ਆਖੀ ਜਾਵੇ ਸਾਨੂੰ ਫਰਕ ਨਹੀਂ ਪੈਂਦਾ।
ਤੁਹਾਡੇ ਮਾਤਾ ਜੀ ਅੱਜ ਦੇ ‘ਜੈ’ ਨੂੰ ਵੇਖ ਕੇ ਕਿੰਨਾ ਖ਼ੁਸ਼ ਹੁੰਦੇ ਹਨ?
ਮੇਰੀ ਮਾਂ ਨੇ ਮੈਨੂੰ ਵੇਖਿਆ ਹੈ ਕਿ ਮੈਂ ਇਸ ਮੁਕਾਮ ਤੱਕ ਪਹੁੰਚਣ ਲਈ ਕਿਹੜੇ-ਕਿਹੜੇ ਸਮੇਂ ਨੂੰ ਆਪਣੇ ’ਤੇ ਹੰਢਾਇਆ ਹੈ। ਅੱਜ ਮੈਨੂੰ ਇਸ ਮੁਕਾਮ ’ਤੇ ਵੇਖ ਕੇ ਮਾਂ ਬਹੁਤ ਖ਼ੁਸ਼ ਹੁੰਦੀ ਹੈ। ਬਚਪਨ ’ਚ ਮੈਂ ਘਰੋਂ 10 ਰੁਪਏ ਲੈ ਜਾ ਕੇ ਖ਼ਰਚ ਆਉਂਦਾ ਸੀ ਤਾਂ ਮਾਂ ਆਖਦੀ ਸੀ ਕਿ ਥੋੜ੍ਹੇ ਪੈਸੇ ਤਾਂ ਬਚਾ ਲੈਂਦਾ। ਮੈਂ ਉਦੋ ਆਖਦਾ ਹੁੰਦਾ ਸੀ ਕਿ ਮੰਮੀ ਜੇ ਮੈਂ ਅੱਜ 10 ਰੁਪਏ ਖ਼ਰਚਾਂਗਾ ਤਾਂ ਹੀ ਮੈਨੂੰ ਹੋਰ 10 ਰੁਪਏ ਮਿਲਣਗੇ। ਮੇਰੀ ਮਾਂ ਅੱਜ ਵੀ ਖਰਚਿਆਂ ਦਾ ਬਹੁਤ ਧਿਆਨ ਰੱਖਦੀ ਹੈ ਕਿ ਮੈਂ ਕਿੱਧਰੇ ਕੋਈ ਫਾਲਤੂ ਪੈਸੇ ਨਾ ਖ਼ਰਚਾਂ। ਬਾਹਰ ਜਦੋਂ ਲੋਕੀਂ ਮੇਰੀ ਮਾਂ ਕੋਲ ਮੇਰੀਆਂ ਤੇ ਮੇਰੇ ਕੰਮ ਦੀਆਂ ਤਾਰੀਫ਼ਾਂ ਕਰਦੇ ਹਨ ਤਾਂ ਮੈਨੂੰ ਬਹੁਤ ਖ਼ੁਸ਼ੀ ਹੁੰਦੀ ਹੈ।
‘ਜੇ ਜੱਟ ਵਿਗੜ ਗਿਆ’ ਦੇ ਕੈਰੇਟਰ ਨੂੰ ਤੁਸੀਂ ਕੀ ਸੋਚ ਕੇ ਹਾਂ ਕੀਤੀ?
ਜਦੋਂ ਕੋਈ ਮੇਰੇ ਕੋਲ ਫ਼ਿਲਮ ਲੈ ਕੇ ਆਉਂਦਾ ਹੈ ਤਾਂ 99 ਫੀਸਦੀ ਪਸੰਦ ਨਹੀਂ ਆਉਂਦੀ। ਮੈਂ ਆਪਣੀ ਮਰਜ਼ੀ ਨਾਲ ਕੰਮ ਕਰਦਾ ਹਾਂ। ਮੈਨੂੰ ਚੰਗੀ ਸਕਰਿਪਟ ਲੱਭਣ ’ਚ ਬਹੁਤ ਸਮਾਂ ਲੱਗਦਾ ਹੈ। ਮੈਨੂੰ ਲੱਗਦਾ ਹੈ ਕਿ ਅਜਿਹੀ ਕੋਈ ਫਿਲਮ ਨਹੀਂ ਬਣੀ, ਜੋ ਪੰਜਾਬ ਦੇ ਪਰਿਵਾਰਾਂ ਦੇ ਰਿਸ਼ਤਿਆਂ ’ਤੇ ਬਣੀ ਹੋਵੇ, ਪਰਿਵਾਰ ਲਈ ਵਿਅਕਤੀ ਕੀ-ਕੀ ਕਰ ਸਕਦਾ ਹੈ। ‘ਜੇ ਜੱਟ ਵਿਗੜ ਗਿਆ’ ਪੰਜਾਬ ਦੀ ਅਸਲੀਅਤ ਨੂੰ ਦਰਸਾਉਂਦੀ ਹੈ। ਬਚਪਨ ’ਚ ਦਲੇਰ ਨੂੰ ਇਕ ਸੱਟ ਲੱਗੀ ਸੀ, ਜਿਸ ਕਾਰਨ ਉਸ ਨੂੰ ਜਦੋਂ ਵੀ ਗੁੱਸਾ ਆਉਂਦਾ ਤਾਂ 10 ਸੈਕਿੰਡ ਲਈ ਉਹਦੀ ਧੋਣ ਹੋਲਡ ਹੋ ਜਾਂਦੀ। ਅਸਲ ’ਚ ਇਹ ਸਟੋਰੀ ਮੇਰੇ ਦੋਸਤ ਦੀ ਹੈ, ਜਿਸ ਦਾ ਕੈਰੇਕਟਰ ਅਸੀਂ ਫ਼ਿਲਮ ’ਚ ਪਾਇਆ ਹੈ।
ਦੀਪ ਸਹਿਗਲ ਨਾਲ ਕੰਮ ਕਰਨ ਦਾ ਤਜਰਬਾ ਕਿਵੇਂ ਦਾ ਰਿਹਾ ਹੈ?
ਮੈਂ ਹਰ ਫਿਲਮ ’ਚ ਨਵੀਂ ਕੁੜੀ ਨਾਲ ਕੰਮ ਕੀਤਾ। ਬਹੁਤ ਕੁੜੀਆਂ ਅਜਿਹੀਆਂ ਵੀ ਹਨ, ਜਿਨ੍ਹਾਂ ਨੇ ਮੇਰੀਆਂ ਫਿਲਮਾਂ ਨਾਲ ਡੈਬਿਊ ਕੀਤਾ ਹੈ। ਮੇਰਾ ਸਾਰੀਆਂ ਕੁੜੀਆਂ ਨਾਲ ਬਹੁਤ ਚੰਗਾ ਤਜਰਬਾ ਰਿਹਾ ਹੈ। ਸਾਰੀਆਂ ਕੁੜੀਆਂ ਬਹੁਤ ਮਿਹਨਤੀ ਹਨ।
ਗਾਜ਼ਾ-ਇਜ਼ਰਾਈਲ ਜੰਗ 'ਤੇ ਗੱਲ ਨਾ ਕਰਨਾ ਪ੍ਰਿਅੰਕਾ ਸਮੇਤ ਇਨ੍ਹਾਂ ਸਿਤਾਰਿਆਂ ਨੂੰ ਪਿਆ ਭਾਰੀ
NEXT STORY