ਨਵੀਂ ਦਿੱਲੀ — ਵਿਦੇਸ਼ ਮੰਤਰਾਲੇ ਨੇ ਬੁੱਧਵਾਰ ਲੋਕ ਸਭਾ ਨੂੰ ਦੱਸਿਆ ਕਿ ਕੁੱਲ 72 ਭਾਰਤੀ, ਜਿਨ੍ਹਾਂ 'ਤੇ ਵਿੱਤੀ ਬੇਨਿਯਮੀਆਂ ਅਤੇ ਧਾਂਦਲੀ ਦੇ ਦੋਸ਼ ਹਨ, ਅਜੇ ਤੱਕ ਵਿਦੇਸ਼ 'ਚ ਹੀ ਹਨ ਅਤੇ ਇਨ੍ਹਾਂ ਦੋਸ਼ੀਆਂ ਨੂੰ ਵਾਪਸ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਵਿਦੇਸ਼ ਮੰਤਰਾਲੇ ਅਨੁਸਾਰ ਇਹ ਅੰਕੜਾ ਸਾਲ 2015 ਦੇ ਬਾਅਦ ਦਾ ਹੈ ਅਤੇ ਇਨ੍ਹਾਂ ਦੋਸ਼ੀਆਂ ਦੇ ਖਿਲਾਫ ਜਾਂਚ ਚਲ ਰਹੀ ਹੈ। ਵਿਦੇਸ਼ ਮੰਤਰਾਲੇ ਨੇ ਵੱਖ-ਵੱਖ ਜਾਂਚ ਏਜੰਸੀਆਂ ਤੋਂ ਮਿਲੀ ਸੂਚਨਾ ਦੇ ਆਧਾਰ 'ਤੇ ਲੋਕ ਸਭਾ ਵਿਚ ਇਹ ਜਾਣਕਾਰੀ ਦਿੱਤੀ।
ਲੋਕ ਸਭਾ ਵਿਚ ਇਕ ਸਵਾਲ ਦੇ ਜਵਾਬ ਵਿਚ ਵਿਦੇਸ਼ ਮੰਤਰਾਲੇ ਨੇ ਦੱਸਿਆ ਕਿ ਦੋਸ਼ੀਆਂ ਦੇ ਖਿਲਾਫ ਲੁੱਕ ਆਊਟ ਸਰਕੂਲਰ, ਰੈੱਡ ਕਾਰਨਰ ਨੋਟਿਸ ਅਤੇ ਸੰਬੰਧਿਤ ਦੇਸ਼ਾਂ ਨੂੰ ਹਵਾਲਗੀ ਦੀ ਅਪੀਲ ਕੀਤੀ ਗਈ ਹੈ। ਜ਼ਰੂਰੀ ਮਾਮਲਿਆਂ 'ਚ Fugitive Economic Offenders Act 2018 (FEOA) ਦੇ ਤਹਿਤ ਵੀ ਕਾਰਵਾਈ ਕੀਤੀ ਗਈ ਹੈ। ਵਿਦੇਸ਼ ਮੰਤਰਾਲੇ ਨੇ ਦੱਸਿਆ ਕਿ ਕਈ ਮਾਮਲਿਆਂ 'ਚ ਦੋਸ਼ੀਆਂ ਦੀ ਹਵਾਲਗੀ ਦੀ ਕੋਸ਼ਿਸ਼ ਹੋ ਰਹੀ ਹੈ ਪਰ ਇਹ ਕਾਨੂੰਨੀ ਤੌਰ 'ਤੇ ਮੁਸ਼ਕਲ ਪ੍ਰਕਿਰਿਆ ਹੁੰਦੀ ਹੈ।
ਸਰਕਾਰ ਨੇ ਦੱਸਿਆ ਕਿ ਵਿੱਤੀ ਬੇਨਿਯਮੀਆਂ ਕਰਕੇ ਵਿਦੇਸ਼ ਭੱਜਣ ਵਾਲੇ ਦੋਸ਼ੀਆਂ 'ਚ ਪੁਸ਼ਪੇਸ਼ ਬੈਦ, ਆਸ਼ੀਸ਼ ਜੋਬਨਪੁੱਤਰਾ, ਵਿਜੇ ਮਾਲਿਆ, ਸੰਨੀ ਕਾਲੜਾ, ਸੰਜੇ ਕਾਲੜਾ, ਐਸ.ਕੇ. ਕਾਲੜਾ, ਵਰਸ਼ਾ ਕਾਲੜਾ, ਜਤਿਨ ਮਹਿਤਾ, ਉਮੇਸ਼ ਪਾਰਿਖ , ਕਮਲੇਸ਼ ਪਾਰਿਖ , ਨਿਲੇਸ਼ ਪਾਰਿਖ, ਐਕਲਵਿਯਾ ਗਰਗ, ਵਿਨੈ ਮਿੱਤਲ, ਨੀਰਵ ਮੋਦੀ, ਨੀਸ਼ਾਲ ਮੋਦੀ ਦਾ ਨਾਮ ਸ਼ਾਮਲ ਹੈ। ਇਨ੍ਹਾਂ ਤੋਂ ਇਲਾਵਾ ਮੇਹੁਲ ਚੌਕਸੀ, ਸਭਿਆ ਸੇਠ, ਰਾਜੀਵ ਗੋਇਲ, ਅਲਕਾ ਗੋਇਲ, ਲਲਿਤ ਮੋਦੀ, ਨਿਤਿਨ ਜੈਯੰਤੀ ਲਾਲ ਸੰਦੇਸਾਰਾ, ਦੀਪਤੀਬੇਨ ਚੇਤਨ ਕੁਮਾਰ ਸੰਦੇਸਾਰਾ, ਰਿਤੇਸ਼ ਜੈਨ, ਹਿਤੇਸ਼ ਐਨ ਪਟੇਲ, ਮਿਊਰੀਬੇਨ ਪਟੇਲ ਅਤੇ ਪ੍ਰੀਤੀ ਆਸ਼ੀਸ਼ ਜੋਬਨਪੁੱਤਰਾ ਦਾ ਨਾਮ ਵੀ ਸ਼ਾਮਲ ਹੈ।
ਵਿਜੇ ਮਾਲਿਆ ਭਾਰਤ ਸਪੁਰਦਗੀ ਲਈ ਫਿਲਹਾਲ ਬ੍ਰਿਟੇਨ ਵਿਚ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰ ਰਹੇ ਹਨ। ਇਸ ਦੇ ਨਾਲ ਹੀ ਨੀਰਵ ਮੋਦੀ ਬ੍ਰਿਟੇਨ ਦੀ ਜੇਲ ਵਿਚ ਬੰਦ ਹੈ। ਹੁਣੇ ਜਿਹੇ ਬ੍ਰਿਟੇਨ ਦੀ ਅਦਾਲਤ ਨੇ ਵਿਜੇ ਮਾਲਿਆ ਦੀ ਫੋਰਸ ਇੰਡੀਆ ਦੀ ਮਾਲਕੀ ਵਾਲੀ ਲਗਜ਼ਰੀ ਯਾਟ ਨੂੰ ਵੇਚਣ ਦਾ ਆਦੇਸ਼ ਦਿੱਤਾ ਸੀ। ਯਾਟ ਨੂੰ ਵੇਚ ਕੇ ਮਿਲੀ ਰਾਸ਼ੀ ਦਾ ਕਤਰ ਨੈਸ਼ਨਲ ਬੈਂਕ ਨੂੰ ਭੁਗਤਾਨ ਕੀਤਾ ਜਾਵੇਗਾ, ਤਾਂ ਜੋ ਬੈਂਕ ਉਸਦੇ ਕੋਲ ਰੱਖੀ ਬੈਂਕ ਗਾਰੰਟੀ ਲੈ ਸਕੇ। ਵਿਜੇ ਮਾਲਿਆ ਅਤੇ ਉਸਦਾ ਬੇਟਾ ਸਿਧਾਰਥ ਮਾਲਿਆ ਇਸ ਯਾਟ ਦੇ ਮਾਲਕ ਹਨ।
ਬੀਤੇ ਸਾਲ 4 ਜਨਵਰੀ ਨੂੰ ਵਿੱਤ ਰਾਜ ਮੰਤਰੀ ਐਸ.ਪੀ. ਸ਼ੁੱਕਲਾ ਨੇ ਲੋਕ ਸਭਾ ਨੂੰ ਦਿੱਤੀ ਜਾਣਕਾਰੀ 'ਚ ਦੱਸਿਆ ਸੀ ਕਿ ਬੀਤੇ 5 ਸਾਲਾਂ ਦੌਰਾਨ ਕਰੀਬ 27 ਕਾਰੋਬਾਰੀ ਅਤੇ ਵਿੱਤੀ ਬੇਨਿਯਮੀਆਂ ਦੇ ਦੋਸ਼ੀ ਦੇਸ਼ ਛੱਡ ਕੇ ਭੱਜ ਚੁੱਕੇ ਹਨ। ਜ਼ਿਕਰਯੋਗ ਹੈ ਕਿ ਵਿਜੇ ਮਾਲਿਆ 'ਤੇ ਦੇਸ਼ ਦੇ ਵੱਖ-ਵੱਖ ਬੈਂਕਾਂ ਦਾ ਕਰੀਬ 9 ਹਜ਼ਾਰ ਕਰੋੜ ਰੁਪਿਆ ਬਕਾਇਆ ਹੈ। ਇਸ ਦੇ ਨਾਲ ਹੀ ਨੀਰਵ ਮੋਦੀ ਪੰਜਾਬ ਨੈਸ਼ਨਲ ਬੈਂਕ 'ਚ ਕਰੀਬ 13 ਹਜ਼ਾਰ ਕਰੋੜ ਰੁਪਏ ਦੇ ਘਪਲੇ ਦਾ ਦੋਸ਼ੀ ਹੈ।
ਕਾਰਪੋਰੇਸ਼ਨ ਬੈਂਕ ਦਾ ਮੁਨਾਫਾ 7 ਗੁਣਾ ਵਧਿਆ
NEXT STORY