ਨਵੀਂ ਦਿੱਲੀ (ਭਾਸ਼ਾ) - ਮਾਰੂਤੀ ਸੁਜ਼ੂਕੀ, ਹੁੰਡਈ ਅਤੇ ਟਾਟਾ ਮੋਟਰਜ਼ ਵਰਗੀਆਂ ਪ੍ਰਮੁੱਖ ਵਾਹਨ ਨਿਰਮਾਤਾ ਕੰਪਨੀਆਂ ਦੀ ਵਿਕਰੀ ’ਚ 2022 ’ਚ ਜ਼ਬਰਦਸਤ ਉਛਾਲ ਦਰਜ ਕੀਤਾ ਗਿਆ ਹੈ। ਇਸ ਦੌਰਾਨ ਯਾਤਰੀ ਵਾਹਨਾਂ ਦੀ ਘਰੇਲੂ ਵਿਕਰੀ 23 ਫੀਸਦੀ ਵਧ ਕੇ 37.93 ਲੱਖ ਯੂਨਿਟ ਦੇ ਰਿਕਾਰਡ ਪੱਧਰ ’ਤੇ ਪਹੁੰਚ ਗਈ। ਵਿਸ਼ਵ ਪੱਧਰ ’ਤੇ ਸੈਮੀਕੰਡਕਟਰ ਦੀ ਉਪਲਬਧਤਾ ’ਚ ਸੁਧਾਰ ਹੋਣ ਦੇ ਨਾਲ ਹੀ ਬਕਾਇਆ ਮੰਗ ਆਉਣ ਕਾਰਨ ਵਾਹਨ ਕੰਪਨੀਆਂ ਨੇ ਇਸ ਸਾਲ ਡੀਲਰਾਂ ਨੂੰ ਚੋਖੀ ਗਿਣਤੀ ’ਚ ਵਾਹਨਾਂ ਦੀ ਸਪਲਾਈ ਕੀਤੀ। ਖਾਸ ਕਰ ਕੇ ਐੱਸ. ਯੂ. ਵੀ. ਸ਼੍ਰੇਣੀ ’ਚ ਮੰਗ ਕਾਫੀ ਮਜ਼ਬੂਤ ਰਹੀ। ਟੋਇਟਾ ਕਿਰਲੋਸਕਰ ਮੋਟਰ (ਟੀ. ਕੇ. ਐੱਮ.) ਅਤੇ ਸਕੋਡਾ ਇੰਡੀਆ ਵਰਗੇ ਨਿਰਮਾਤਾਵਾਂ ਨੇ ਵੀ 2022 ’ਚ ਚੰਗੀ ਵਿਕਰੀ ਦਰਜ ਕੀਤੀ।
ਦੇਸ਼ ਦੀ ਸਭ ਤੋਂ ਵੱਡੀ ਕਾਰ ਕੰਪਨੀ ਮਾਰੂਤੀ ਸੁਜ਼ੂਕੀ ਇੰਡੀਆ (ਐੱਮ. ਐੱਸ. ਆਈ.) ਦੇ ਸੀਨੀਅਰ ਕਾਰਜਕਾਰੀ ਅਧਿਕਾਰੀ (ਵਿਕਰੀ ਅਤੇ ਮਾਰਕੀਟਿੰਗ) ਸ਼ਸ਼ਾਂਕ ਸ਼੍ਰੀਵਾਸਤਵ ਨੇ ਇਕ ਵਰਚੁਅਲ ਕਾਨਫਰੰਸ ’ਚ ਪੱਤਰਕਾਰਾਂ ਨੂੰ ਦੱਸਿਆ, “ਪਿਛਲੇ ਸਾਲ ਜਨਵਰੀ ਤੋਂ ਦਸੰਬਰ ਦੌਰਾਨ ਉਦਯੋਗ ਦੀ ਥੋਕ ਵਿਕਰੀ 23 ਫੀਸਦੀ ਦੇ ਵਾਧੇ ਨਾਲ 37.93 ਲੱਖ ਇਕਾਈ ਦੇ ਨਾਲ ਕੁੱਲ ਵਕਤੀ ਉੱਚੇ ਪੱਧਰ ’ਤੇ ਪਹੁੰਚ ਗਈ। ਇਹ 2021 ’ਚ 30.82 ਲੱਖ ਇਕਾਈ ਰਹੀ ਸੀ।’’ ਉਨ੍ਹਾਂ ਕਿਹਾ ਕਿ 2022 ’ਚ ਵਾਹਨਾਂ ਦੀ ਥੋਕ ਵਿਕਰੀ ‘ਉਦਯੋਗ ’ਚ ਇਕ ਕੈਲੰਡਰ ਸਾਲ ਲਈ ਹੁਣ ਤੱਕ ਦੀ ਸਭ ਤੋਂ ਵੱਧ ਹੈ।’ ਇਸ ਦਾ ਪਿਛਲਾ ਉੱਚਾ ਪੱਧਰ ਸਾਲ 2018 ’ਚ ਸੀ, ਜਦੋਂ 33.3 ਲੱਖ ਵਾਹਨ ਵੇਚੇ ਗਏ ਸਨ। ਐੱਮ. ਜੀ. ਮੋਟਰ ਇੰਡੀਆ ਨੇ ਦੱਸਿਆ ਕਿ ਦਸੰਬਰ 2022 ’ਚ ਉਸ ਦੀ ਪ੍ਰਚੂਨ ਵਿਕਰੀ 53 ਫੀਸਦੀ ਵਧ ਕੇ 3.899 ਲੱਖ ਇਕਾਈ ਹੋ ਗਈ।
ਹੁੰਡਈ ਮੋਟਰ ਇੰਡੀਆ ਲਿਮਟਿਡ ਨੇ ਵੀ 2022 ’ਚ 5,52,511 ਯੂਨਿਟਾਂ ਦੀ ਹੁਣ ਤੱਕ ਦੀ ਸਭ ਤੋਂ ਵੱਧ ਘਰੇਲੂ ਵਿਕਰੀ ਦਰਜ ਕੀਤੀ। ਇਹ 2021 ’ਚ 5,05,033 ਇਕਾਈਆਂ ਦੇ ਮੁਕਾਬਲੇ 9.4 ਫੀਸਦੀ ਜ਼ਿਆਦਾ ਹੈ। ਕੰਪਨੀ ਦੀ ਘਰੇਲੂ ਥੋਕ ਵਿਕਰੀ ਪਿਛਲੇ ਮਹੀਨੇ 20.2 ਫੀਸਦੀ ਵਧ ਕੇ 38,831 ਇਕਾਈ ਹੋ ਗਈ। ਇਕ ਸਾਲ ਪਹਿਲਾਂ ਇਸੇ ਮਹੀਨੇ ਇਹ 32,312 ਯੂਨਿਟ ਰਹੀ ਸੀ। ਇਸੇ ਤਰ੍ਹਾਂ, ਟਾਟਾ ਮੋਟਰਜ਼ ਪੈਸੰਜਰ ਵਹੀਕਲਜ਼ ਲਿਮਟਿਡ ਅਤੇ ਟਾਟਾ ਪੈਸੰਜਰ ਇਲੈਕਟ੍ਰਿਕ ਮੋਬਿਲਿਟੀ ਲਿਮਟਿਡ ਦੇ ਮੈਨੇਜਿੰਗ ਡਾਇਰੈਕਟਰ ਸ਼ੈਲੇਸ਼ ਚੰਦਰਾ ਨੇ ਕਿਹਾ, “2022 ਯਾਤਰੀ ਵਾਹਨ ਖੇਤਰ ਲਈ ਮਹੱਤਵਪੂਰਨ ਸਾਲ ਰਿਹਾ ਹੈ। ਅਸੀਂ ਇਸ ਸਮੇਂ ਦੌਰਾਨ 5,26,798 ਯੂਨਿਟਾਂ ਦੀ ਵਿਕਰੀ ਦੇ ਨਾਲ ਇਕ ਮੀਲ ਪੱਥਰ ਹਾਸਲ ਕੀਤਾ ਹੈ।” ਪਿਛਲੇ ਮਹੀਨੇ ਕੰਪਨੀ ਦੀ ਘਰੇਲੂ ਯਾਤਰੀ ਵਾਹਨਾਂ ਦੀ ਵਿਕਰੀ 13.4 ਫੀਸਦੀ ਵਧ ਕੇ 40,043 ਯੂਨਿਟ ਹੋ ਗਈ।
ਇਕ ਹੋਰ ਨਿਰਮਾਤਾ, ਟੋਇਟਾ ਕਿਰਲੋਸਕਰ ਮੋਟਰ ਨੇ ਸਮੀਖਿਆ ਅਧੀਨ ਮਿਆਦ ਦੌਰਾਨ ਕੁੱਲ 1,60,357 ਯੂਨਿਟਾਂ ਦੀ ਥੋਕ ਵਿਕਰੀ ਦਰਜ ਕੀਤੀ। ਇਹ 2021 ’ਚ 1,30,768 ਯੂਨਿਟਾਂ ਨਾਲੋਂ 23 ਪ੍ਰਤੀਸ਼ਤ ਵੱਧ ਸੀ। ਹਾਲਾਂਕਿ ਟੀ. ਕੇ. ਐੱਮ. ਦੀ ਪਿਛਲੇ ਮਹੀਨੇ ਥੋਕ ਵਿਕਰੀ 3.8 ਫੀਸਦੀ ਡਿੱਗ ਕੇ 10,421 ਯੂਨਿਟ ਰਹੀ। ਕੰਪਨੀ ਨੇ ਦਸੰਬਰ 2021 ’ਚ ਡੀਲਰਾਂ ਨੂੰ 10,834 ਯੂਨਿਟਸ ਭੇਜੇ ਸਨ। ਉੱਥੇ ਹੀ, ਹੌਂਡਾ ਕਾਰਸ ਇੰਡੀਆ ਲਿਮਟਿਡ ਦੀ ਵਿਕਰੀ ਵੀ ਪਿਛਲੇ ਸਾਲ 7 ਫੀਸਦੀ ਵਧ ਕੇ 95,022 ਇਕਾਈ ਰਹੀ। ਕੰਪਨੀ ਨੇ 2021 ’ਚ ਘਰੇਲੂ ਬਾਜ਼ਾਰ ’ਚ 89,152 ਇਕਾਈਆਂ ਵੇਚੀਆਂ ਸਨ। ਪਿਛਲੇ ਮਹੀਨੇ ਕੰਪਨੀ ਦੀ ਘਰੇਲੂ ਵਿਕਰੀ 7,062 ਇਕਾਈ ਰਹੀ ਅਤੇ ਇਸ ਨੇ 1,388 ਇਕਾਈਆਂ ਦੀ ਬਰਾਮਦ ਕੀਤੀ।
ਇਸੇ ਤਰ੍ਹਾਂ ਸਕੋਡਾ ਆਟੋ ਇੰਡੀਆ ਨੇ ਕਿਹਾ ਕਿ ਕੰਪਨੀ ਨੇ ਪੂਰੇ ਸਾਲ 2022 ਲਈ ਕੁੱਲ 53,721 ਵਾਹਨ ਵੇਚੇ ਹਨ। ਮੋਟਰਸਾਈਕਲ ਕੰਪਨੀ ਰਾਇਲ ਐਨਫੀਲਡ ਦੀ ਪਿਛਲੇ ਮਹੀਨੇ ਕੁੱਲ ਵਿਕਰੀ 7 ਫੀਸਦੀ ਘਟ ਕੇ 68,400 ਇਕਾਈ ਰਹੀ। ਦਸੰਬਰ 2021 ’ਚ, ਕੰਪਨੀ ਨੇ 73,739 ਇਕਾਈਆਂ ਵੇਚੀਆਂ ਸਨ। ਇਸ ਦੀ ਘਰੇਲੂ ਵਿਕਰੀ ਵੀ ਪਿਛਲੇ ਮਹੀਨੇ 8 ਫੀਸਦੀ ਘੱਟ ਕੇ 59,821 ਇਕਾਈ ਰਹੀ। ਉੱਥੇ ਹੀ, ਆਈਸ਼ਰ ਮੋਟਰਜ਼ ਦੀ ਦਸੰਬਰ ’ਚ ਕੁੱਲ ਘਰੇਲੂ ਵਿਕਰੀ 28.49 ਫੀਸਦੀ ਵਧ ਕੇ 6,671 ਇਕਾਈ ਰਹੀ, ਜੋ ਇਕ ਸਾਲ ਪਹਿਲਾਂ ਦੀ ਮਿਆਦ ’ਚ 5,192 ਇਕਾਈਆਂ ਸੀ।
ਨਵੇਂ ਸਾਲ ਦੇ ਪਹਿਲੇ ਕਾਰੋਬਾਰੀ ਸੈਸ਼ਨ 'ਚ ਸ਼ੇਅਰ ਬਾਜ਼ਾਰ ਦੀ ਮਜ਼ਬੂਤ ਸ਼ੁਰੂਆਤ
NEXT STORY