ਮੁੰਬਈ— ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ, ਲਗਾਤਾਰ ਦੂਜੇ ਹਫਤੇ ਸਰਕੂਲੇਸ਼ਨ 'ਚ ਮੌਜੂਦ ਨਕਦੀ 'ਚ ਕਮੀ ਆਈ ਹੈ, ਯਾਨੀ ਲੋਕਾਂ ਨੇ ਡਿਜੀਟਲ ਲੈਣ-ਦੇਣ ਜ਼ਿਆਦਾ ਕੀਤੇ ਹਨ। ਇਸ ਦਾ ਮਤਲਬ ਹੈ ਕਿ ਅਰਥਵਿਵਸਥਾ 'ਚ ਨਕਦੀ ਹੇਠਲੇ ਪੱਧਰ 'ਤੇ ਬਣੀ ਹੋਈ ਹੈ, ਜਿਸ ਦੇ ਨਤੀਜੇ ਵਜੋਂ ਨੋਟਬੰਦੀ ਤੋਂ ਬਾਅਦ ਹੁਣ ਤਕ 2.3 ਲੱਖ ਕਰੋੜ ਤੋਂ ਵਧ ਦੀ ਨਕਦੀ ਬੈਂਕਾਂ 'ਚ ਜਮ੍ਹਾ ਪਈ ਹੈ। ਨਵੰਬਰ 2016 'ਚ ਨੋਟਬੰਦੀ ਦੇ ਬਾਅਦ ਸਰਕੂਲੇਸ਼ਨ 'ਚ ਮੌਜੂਦ ਤਕਰੀਬਨ 17.9 ਲੱਖ ਕਰੋੜ ਰੁਪਏ ਦੀ ਕਰੰਸੀ ਜਨਵਰੀ ਤਕ ਘੱਟ ਕੇ ਸਿਰਫ 9 ਲੱਖ ਕਰੋੜ ਰੁਪਏ ਰਹਿ ਗਈ ਸੀ। ਉਦੋਂ ਤੋਂ ਹੁਣ ਤਕ ਅਰਥਵਿਵਸਥਾ 'ਚ ਨਕਦੀ ਦਾ ਪਸਾਰ ਹਫਤੇ ਦਰ ਹਫਤੇ ਵਧ ਰਿਹਾ ਹੈ ਕਿਉਂਕਿ ਆਰ. ਬੀ. ਆਈ. ਦੀਆਂ ਪ੍ਰਿੰਟਿੰਗ ਪ੍ਰੈੱਸਾਂ ਦਿਨ-ਰਾਤ ਕੰਮ ਕਰ ਰਹੀਆਂ ਹਨ। ਹਾਲਾਂਕਿ ਪਿਛਲੇ ਦੋ ਹਫਤਿਆਂ ਤੋਂ ਬੈਂਕ ਪੈਸੇ ਕਢਾਉਣ ਦੇ ਮੁਕਾਬਲੇ ਕੇਂਦਰੀ ਬੈਂਕ ਕੋਲ ਜ਼ਿਆਦਾ ਨਕਦੀ ਜਮ੍ਹਾ ਕਰਾ ਰਹੇ ਹਨ, ਜਿਸ ਦਾ ਮਤਲਬ ਹੈ ਕਿ ਨਕਦੀ ਦੀ ਜ਼ਰੂਰਤ ਹੁਣ ਸਥਿਰ ਹੋ ਗਈ ਹੈ।
ਸਰਕਾਰ ਵੱਲੋਂ ਕਈ ਮਕਸਦਾਂ ਨੂੰ ਪੂਰਾ ਕਰਨ ਲਈ ਕੀਤੀ ਗਈ ਨੋਟਬੰਦੀ ਦੇ ਦੋ ਅਹਿਮ ਟਾਰਗੇਟ ਸਨ, ਇਕ ਤਾਂ ਸਿਸਟਮ 'ਚੋਂ ਕਾਲੇ ਧਨ ਨੂੰ ਖਤਮ ਕਰਨਾ ਅਤੇ ਦੂਜਾ ਨਕਦ ਲੈਣ-ਦੇਣ 'ਤੇ ਨਿਰਭਰਤਾ ਨੂੰ ਘੱਟ ਕਰਨਾ। ਸਰਕਾਰ ਨੂੰ ਉਮੀਦ ਸੀ ਕਿ ਨੋਟਬੰਦੀ ਨਾਲ ਕਾਲੇ ਧਨ 'ਤੇ ਵੱਡੀ ਸੱਟ ਲੱਗੇਗੀ ਅਤੇ ਬਹੁਤ ਵੱਡੀ ਮਾਤਰਾ 'ਚ ਪੈਸੇ ਬੈਂਕਾਂ 'ਚ ਨਹੀਂ ਆਉਣਗੇ ਅਤੇ ਬੇਕਾਰ ਹੋ ਜਾਣਗੇ। ਹਾਲਾਂਕਿ 99 ਫੀਸਦੀ ਨਕਦੀ ਬੈਂਕਾਂ 'ਚ ਵਾਪਸ ਆ ਗਈ। ਭਾਵੇਂ ਹੀ ਕਾਲੇ ਧਨ 'ਤੇ ਇੰਨੀ ਸਫਲਤਾ ਹੱਥ ਨਹੀਂ ਲੱਗੀ ਪਰ ਕੈਸ਼ 'ਤੇ ਨਿਰਭਰਤਾ ਘੱਟ ਕਰਨ ਦਾ ਮਕਸਦ ਪੂਰਾ ਹੋ ਗਿਆ ਹੈ।
ਸਰਕਾਰ ਨੇ ਮਾਰਚ 2018 ਤਕ ਹਰ ਮਹੀਨੇ 2,500 ਕਰੋੜ ਦੇ ਡਿਜੀਟਲ ਟ੍ਰਾਂਜੈਕਸ਼ਨ ਦਾ ਟੀਚਾ ਰੱਖਿਆ ਹੈ। ਇਸ ਦੇ ਉਲਟ ਮੌਜੂਦਾ ਮਹੀਨਾਵਾਰ ਟ੍ਰਾਂਜੈਕਸ਼ਨ 1000 ਕਰੋੜ ਤੋਂ ਥੋੜ੍ਹੇ ਜ਼ਿਆਦਾ ਹਨ। ਡਿਜੀਟਲ ਪੇਮੈਂਟ ਵਧਣ ਦੇ ਨਾਲ-ਨਾਲ, ਰੀਅਲ ਅਸਟੇਟ 'ਚ ਗਿਰਾਵਟ ਕਾਰਨ ਵੀ ਕੈਸ਼ ਦੀ ਮੰਗ ਘੱਟ ਹੋਈ ਹੈ।
ਅਗਸਤ 'ਚ 88 ਕਰੋੜ ਤੋਂ ਪਾਰ ਡਿਜੀਟਲ ਟ੍ਰਾਂਜੈਕਸ਼ਨ!
ਰਿਜ਼ਰਵ ਬੈਂਕ ਨੇ ਅਗਸਤ ਮਹੀਨੇ ਦੇ ਜਿਹੜੇ ਅਸਥਾਈ ਅੰਕੜੇ ਜਾਰੀ ਕੀਤੇ ਹਨ, ਉਸ ਮੁਤਾਬਕ ਇਸ ਮਹੀਨੇ 88 ਕਰੋੜ ਤੋਂ ਵੱਧ ਡਿਜੀਟਲ ਲੈਣ-ਦੇਣ ਹੋਏ, ਜਿਨ੍ਹਾਂ ਦੀ ਗਿਣਤੀ ਜੁਲਾਈ 'ਚ 86 ਕਰੋੜ ਅਤੇ ਜੂਨ 'ਚ 84.4 ਕਰੋੜ ਸੀ। ਅਗਸਤ ਮਹੀਨੇ ਦੇ ਅੰਕੜੇ ਇਸ ਸਾਲ ਮਾਰਚ ਦੇ ਅੰਕੜਿਆਂ ਦੇ ਬਹੁਤ ਕਰੀਬ ਹਨ, ਉਦੋਂ 89.3 ਕਰੋੜ ਟ੍ਰਾਂਜੈਕਸ਼ਨ ਹੋਏ ਸਨ। ਨੋਟਬੰਦੀ ਦੇ ਬਾਅਦ ਸਭ ਤੋਂ ਵੱਧ ਡਿਜੀਟਲ ਲੈਣ-ਦੇਣ ਮਾਰਚ ਮਹੀਨੇ 'ਚ ਹੀ ਹੋਏ ਸਨ। ਜਦੋਂ ਕਿ ਨੋਟਬੰਦੀ ਦੇ ਬਾਅਦ ਯੂ. ਪੀ. ਆਈ. ਟ੍ਰਾਂਜੈਕਸ਼ਨ 'ਚ ਸਭ ਤੋਂ ਵੱਧ 45 ਫੀਸਦੀ ਵਾਧਾ ਅਗਸਤ ਮਹੀਨੇ ਹੋਇਆ ਹੈ। ਇਸ ਮਹੀਨੇ ਯੂ. ਪੀ. ਆਈ. ਜ਼ਰੀਏ 1.66 ਕਰੋੜ ਟ੍ਰਾਂਜੈਕਸ਼ਨ ਹੋਏ ਹਨ।
HC ਸੈਂਟਰ ਤੋਂ ਪੁੱਛਿਆ, GST ਸਿਸਟਮ ਦੀ ਨਾਕਾਮੀ ਦੀ ਸਜ਼ਾ ਕਿਉਂ ਭੁਗਤਨ ਕਾਰੋਬਾਰੀ ?
NEXT STORY