ਚੰਡੀਗੜ੍ਹ: ਬੀਤੇ ਦਿਨੀਂ ਸਰਵਉੱਚ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਵਿਧਾਇਕਾਂ ਦੀ ਹਾਜ਼ਰੀ ਦੌਰਾਨ ਕਾਂਗਰਸੀ ਆਗੂਆਂ ਵੱਲੋਂ ਜੂਨ 1984 ਦੀਆਂ ਘਟਨਾਵਾਂ ਬਾਰੇ ਚੁੱਪੀ ਸਾਧੇ ਰੱਖਣ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਤਿੱਖਾ ਪ੍ਰਤੀਕਰਮ ਦਿੱਤਾ ਹੈ। ਢਿੱਲੋਂ ਨੇ ਕਿਹਾ ਕਿ ਕਾਂਗਰਸ ਦੇ ਇੱਕ-ਇੱਕ ਵਿਧਾਇਕ ਨੂੰ ਬੋਲਣ ਲਈ ਸਮਾਂ ਮਿਲਿਆ ਪਰ ਇਸਦੇ ਬਾਵਜੂਦ ਕਿਸੇ ਇੱਕ ਨੇ ਵੀ 1984 ਦੇ ਹਮਲੇ ਬਾਰੇ ਮੁਆਫ਼ੀ ਮੰਗਣੀ ਮੁਨਾਸਿਬ ਨਾ ਸਮਝੀ।
ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਸਰਵਉੱਚ ਧਾਰਮਿਕ ਅਸਥਾਨ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ 'ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਐਕਟ 2026' ਦੀਆਂ ਖ਼ਾਮੀਆਂ ਪ੍ਰਤੀ ਜੱਥੇਦਾਰ ਸਾਹਿਬ ਨੇ ਤਲਬ ਕਰਕੇ ਸਰਕਾਰ ਦੀ ਜਵਾਬਦੇਹੀ ਤੈਅ ਕੀਤੀ ਹੈ। ਪਰ ਕਾਂਗਰਸ ਨੇ ਇਸ ਸੰਵੇਦਨਸ਼ੀਲ ਮੁੱਦੇ 'ਤੇ ਵੀ ਰਾਜਨੀਤੀ ਹੀ ਕੀਤੀ ਹੈ। ਜਦਕਿ ਇਸ ਇਤਿਹਾਸਕ ਮੌਕੇ ਕਾਂਗਰਸ ਪਾਰਟੀ ਨੂੰ 1984 ਹਮਲੇ ਦੀ ਮੁਆਫ਼ੀ ਮੰਗਣੀ ਚਾਹੀਦੀ ਸੀ। ਤਖ਼ਤ ਸਾਹਿਬ 'ਤੇ ਪੇਸ਼ ਹੋਏ ਕਾਂਗਰਸ ਦੇ ਕਿਸੇ ਵੀ ਵਿਧਾਇਕ ਨੇ ਜੂਨ 1984 ਵਿੱਚ ਤਤਕਾਲੀ ਕਾਂਗਰਸ ਸਰਕਾਰ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਕੀਤੇ ਹਮਲੇ ਬਾਰੇ ਇੱਕ ਸ਼ਬਦ ਤੱਕ ਕਿਉਂ ਨਹੀਂ ਬੋਲਿਆ।
ਢਿੱਲੋਂ ਨੇ ਕਿਹਾ ਕਿ ਕਾਂਗਰਸ ਸਰਕਾਰ ਵਲੋਂ 1984 ਦਾ ਹਮਲਾ ਸਿੱਖਾਂ ਦੀ ਰੂਹਾਨੀਅਤ 'ਤੇ ਹਮਲਾ ਸੀ, ਜਿਸਨੂੰ ਕੋਈ ਵੀ ਸਿੱਖ ਭੁਲਾ ਨਹੀਂ ਸਕਦਾ। ਪਰ ਕਾਂਗਰਸੀ ਵਿਧਾਇਕਾਂ ਕੋਲ ਆਪਣੇ ਪਾਰਟੀ ਦੇ ਇਤਿਹਾਸ ਨਾਲ ਜੁੜੇ ਇਸ ਸੰਵੇਦਨਸ਼ੀਲ ਮਾਮਲੇ 'ਤੇ ਪਸ਼ਚਾਤਾਪ ਪ੍ਰਗਟ ਕਰਨ ਦਾ 42 ਸਾਲਾਂ ਬਾਅਦ ਇਤਿਹਾਸਕ ਮੌਕਾ ਸੀ। ਜੇਕਰ ਉਹ ਚਾਹੁੰਦੇ ਤਾਂ ਸਿੰਘ ਸਾਹਿਬ ਤੋਂ ਕੁਝ ਸਮਾਂ ਮੰਗ ਕੇ ਸਮੁੱਚੇ ਸਿੱਖ ਜਗਤ ਦੇ ਸਾਹਮਣੇ ਜੂਨ 1984 ਦੀਆਂ ਘਟਨਾਵਾਂ ਲਈ ਖੇਦ ਪ੍ਰਗਟ ਕਰ ਸਕਦੇ ਸਨ, ਪਰ ਉਨ੍ਹਾਂ ਨੇ ਅਜਿਹਾ ਕਰਨਾ ਵੀ ਜ਼ਰੂਰੀ ਨਹੀਂ ਸਮਝਿਆ। ਇਹ ਉਨ੍ਹਾਂ ਦੀ ਨੀਅਤ ਅਤੇ ਸੋਚ ਨੂੰ ਬੇਨਕਾਬ ਕਰਦਾ ਹੈ। ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਕਾਂਗਰਸ ਦੀ ਤਰ੍ਹਾਂ ਆਮ ਆਦਮੀ ਪਾਰਟੀ ਨੇ ਵੀ ਬੇਅਦਬੀ ਵਿਰੋਧੀ ਕਾਨੂੰਨ ਬਣਾਉਣ ਸਮੇਂ ਸਿੱਖਾਂ ਦੀਆਂ ਭਾਵਨਾਵਾਂ ਦਾ ਖ਼ਿਆਲ ਨਹੀਂ ਰੱਖਿਆ, ਜੋ ਹੁਣ ਸਭ ਦੇ ਸਾਹਮਣੇ ਹੈ। ਉਹਨਾਂ ਕਿਹਾ ਕਿ ਪੰਜਾਬ ਦੇ ਲੋਕ ਅਤੇ ਸਮੁੱਚਾ ਸਿੱਖ ਜਗਤ ਸਭ ਕੁਝ ਦੇਖ ਅਤੇ ਸਮਝ ਰਿਹਾ ਹੈ। ਕਾਂਗਰਸ ਅਤੇ ਆਪ ਨੂੰ ਪੰਜਾਬ ਦੇ ਲੋਕ ਇਸ ਬੇਈਮਾਨੀ ਲਈ ਢੁੱਕਵਾਂ ਜਵਾਬ ਦੇਣਗੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਢਿੱਲੋਂ ਨੇ ਗਡਕਰੀ ਨਾਲ ਕੀਤੀ ਮੁਲਾਕਾਤ, ਪੰਜਾਬ ਦੇ ਵਿਕਾਸ ਪ੍ਰੋਜੈਕਟਾਂ ‘ਤੇ ਹੋਈ ਚਰਚਾ
NEXT STORY