ਚੰਡੀਗੜ੍ਹ/ਜਲੰਧਰ (ਅੰਕੁਰ, ਗੁਲਸ਼ਨ) : ਭਾਜਪਾ ਵੱਲੋਂ ਕਾਂਗਰਸ ਖ਼ਿਲਾਫ਼ ਦੇਸ਼ਵਿਆਪੀ ਅੰਦੋਲਨ ਤਹਿਤ ਪੰਜਾਬ ਭਾਜਪਾ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਦੀ ਅਗਵਾਈ ਹੇਠ ਚੰਡੀਗੜ੍ਹ ਸਥਿਤ ਪੰਜਾਬ ਕਾਂਗਰਸ ਦਫ਼ਤਰ ਬਾਹਰ ਵਿਸ਼ਾਲ ਰੋਸ-ਪ੍ਰਦਰਸ਼ਨ ਕੀਤਾ ਗਿਆ। ਭਾਜਪਾ ਨੇ ਕਾਂਗਰਸ ’ਤੇ ਅਰਾਜਕਤਾ, ਪਖੰਡ ਅਤੇ ਕੂੜ ਪ੍ਰਚਾਰ ਦੀ ਸਿਆਸਤ ਕਰਨ ਅਤੇ ਸੌੜੇ ਸਿਆਸੀ ਲਾਭ ਲਈ ਨੀਟ ਮੁੱਦੇ ਦੀ ਦੁਰਵਰਤੋਂ ਕਰਨ ਦੇ ਦੋਸ਼ ਲਾਏ। ਇਸ ਪ੍ਰਦਰਸ਼ਨ ’ਚ ਸੈਂਕੜੇ ਭਾਜਪਾ ਵਰਕਰ ਸ਼ਾਮਲ ਹੋਏ ਅਤੇ ਕਾਂਗਰਸ ਦਫ਼ਤਰ ਵੱਲ ਮਾਰਚ ਕਰਨ ਦੀ ਕੋਸ਼ਿਸ਼ ਕੀਤੀ ਪਰ ਚੰਡੀਗੜ੍ਹ ਪੁਲਸ ਨੇ ਭਾਰੀ ਬੈਰੀਕੇਡਿੰਗ ਕਰ ਕੇ ਉਨ੍ਹਾਂ ਨੂੰ ਰੋਕ ਲਿਆ। ਇਸ ਤੋਂ ਬਾਅਦ ਕੇਵਲ ਸਿੰਘ ਢਿੱਲੋਂ, ਪਾਰਟੀ ਦੇ ਕਈ ਸੀਨੀਅਰ ਆਗੂਆਂ ਤੇ ਸੈਂਕੜੇ ਵਰਕਰਾਂ ਨੂੰ ਹਿਰਾਸਤ ’ਚ ਲੈ ਕੇ ਸੈਕਟਰ-11 ਪੁਲਸ ਥਾਣੇ ਲਿਜਾਇਆ ਗਿਆ, ਜਿੱਥੋਂ ਬਾਅਦ ’ਚ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਗਿਆ।
ਗ੍ਰਿਫ਼ਤਾਰੀ ਤੋਂ ਪਹਿਲਾਂ ਮੀਡੀਆ ਨਾਲ ਗੱਲਬਾਤ ਕਰਦਿਆਂ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਲਗਾਤਾਰ ਚੋਣਾਂ ’ਚ ਹਾਰ ਤੋਂ ਬਾਅਦ ਕਾਂਗਰਸ ਨੇ ਇਕ ਵਾਰ ਫਿਰ ਜਵਾਬਦੇਹੀ ਤੋਂ ਭੱਜਦਿਆਂ ਅੰਦੋਲਨ ਦੀ ਸਿਆਸਤ ਦਾ ਰਾਹ ਅਪਣਾਇਆ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਆਪਣੀ ਖ਼ਤਮ ਹੁੰਦੀ ਸਿਆਸੀ ਜ਼ਮੀਨ ਨੂੰ ਬਚਾਉਣ ਲਈ ਵਿਦਿਆਰਥੀਆਂ ਨੂੰ ਸਿਆਸੀ ਮੋਹਰਾ ਬਣਾ ਰਹੀ ਹੈ। ਰਾਹੁਲ ਗਾਂਧੀ ’ਤੇ ਨਿਸ਼ਾਨਾ ਵਿੰਨ੍ਹਦਿਆਂ ਉਨ੍ਹਾਂ ਕਿਹਾ ਕਿ ਵਿਦੇਸ਼ ਦੌਰਿਆਂ ਤੋਂ ਵਾਪਸ ਆਉਣ ਤੋਂ ਬਾਅਦ ਉਨ੍ਹਾਂ ਨੇ ਇਕ ਵਾਰ ਫਿਰ ਵਿਦਿਆਰਥੀਆਂ ਦੇ ਨਾਂ ’ਤੇ ਸਿਆਸੀ ਨੌਟੰਕੀ ਸ਼ੁਰੂ ਕਰ ਦਿੱਤੀ ਹੈ। ਕਾਂਗਰਸ ਨੂੰ ਵਿਦਿਆਰਥੀਆਂ ਨੂੰ ਇਨਸਾਫ਼ ਦਿਵਾਉਣ ਦੀ ਚਿੰਤਾ ਨਹੀਂ, ਸਗੋਂ ਸਿਆਸੀ ਵਿਵਾਦ ਖੜ੍ਹੇ ਕਰਨ ’ਚ ਦਿਲਚਸਪੀ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਹਿਲੇ ਹੀ ਦਿਨ ਸੀ. ਬੀ. ਆਈ. ਜਾਂਚ ਦੇ ਹੁਕਮ ਦਿੱਤੇ ਅਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਯਕੀਨੀ ਬਣਾਈ।
ਹੁਣ ਤੱਕ 13 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ ਤੇ ਕੇਂਦਰ ਸਰਕਾਰ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਦੇਸ਼ ਦੇ ਨੌਜਵਾਨਾਂ ਦੇ ਭਵਿੱਖ ਨਾਲ ਖਿਲਵਾੜ ਕਰਨ ਵਾਲਿਆਂ ਨੂੰ ਕਿਸੇ ਵੀ ਕੀਮਤ ’ਤੇ ਬਖ਼ਸ਼ਿਆ ਨਹੀਂ ਜਾਵੇਗਾ। ਉਨ੍ਹਾਂ ਨੇ ਕਾਂਗਰਸ ਅਤੇ ਆਮ ਆਦਮੀ ਪਾਰਟੀ ’ਤੇ ਮਿਲੀਭੁਗਤ ਦਾ ਦੋਸ਼ ਲਾਉਂਦਿਆਂ ਫ਼ਰੀਦਕੋਟ ’ਚ ਸਾਹਮਣੇ ਆਏ ਕਥਿਤ ਫਾਰਮੇਸੀ ਪ੍ਰੀਖਿਆ ਨਕਲ ਘਪਲੇ ’ਤੇ ਦੋਵੇਂ ਪਾਰਟੀਆਂ ਦੀ ਚੁੱਪੀ ’ਤੇ ਸਵਾਲ ਉਠਾਇਆ। ਉਨ੍ਹਾਂ ਪੁੱਛਿਆ ਕਿ ਜਦੋਂ ਪੰਜਾਬ ’ਚ ਪ੍ਰੀਖਿਆ ਘਪਲੇ ਹੁੰਦੇ ਹਨ ਤਾਂ ਕਾਂਗਰਸ ਤੇ ਆਮ ਆਦਮੀ ਪਾਰਟੀ ਚੁੱਪ ਕਿਉਂ ਰਹਿੰਦੀਆਂ ਹਨ? ਉਨ੍ਹਾਂ ਕਿਹਾ ਕਿ 2004 ਤੋਂ 2014 ਦੌਰਾਨ ਕਈ ਵੱਡੇ ਪ੍ਰੀਖਿਆ ਪ੍ਰਸ਼ਨ-ਪੱਤਰ ਲੀਕ ਹੋਏ ਪਰ ਕੋਈ ਪ੍ਰਭਾਵਸ਼ਾਲੀ ਜਾਂਚ ਨਹੀਂ ਕੀਤੀ ਗਈ। ਇਸ ਦੇ ਉਲਟ ਮੋਦੀ ਸਰਕਾਰ ਨੇ ਨੀਟ ਮਾਮਲੇ ’ਚ ਤੁਰੰਤ ਕਾਰਵਾਈ, ਪਾਰਦਰਸ਼ੀ ਜਾਂਚ ਅਤੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਯਕੀਨੀ ਬਣਾਈ। ਉਨ੍ਹਾਂ ਕਿਹਾ ਕਿ ਬੈਰੀਕੇਡ, ਗ੍ਰਿਫ਼ਤਾਰੀਆਂ ਅਤੇ ਪੁਲਸ ਕਾਰਵਾਈ ਭਾਜਪਾ ਵਰਕਰਾਂ ਨੂੰ ਡਰਾ ਨਹੀਂ ਸਕਦੀ। ਭਾਜਪਾ ਪੂਰੇ ਦੇਸ਼ ’ਚ ਕਾਂਗਰਸ ਦੇ ਦੋਹਰੇ ਚਿਹਰੇ ਤੇ ਵਿਦਿਆਰਥੀ ਵਿਰੋਧੀ ਸਿਆਸਤ ਨੂੰ ਬੇਨਕਾਬ ਕਰਦੀ ਰਹੇਗੀ ਅਤੇ ਲੋਕਤੰਤਰੀ ਸੰਸਥਾਵਾਂ ਤੇ ਦੇਸ਼ ਦੇ ਨੌਜਵਾਨਾਂ ਦੇ ਭਵਿੱਖ ਦੀ ਰੱਖਿਆ ਲਈ ਵਚਨਬੱਧ ਰਹੇਗੀ।
ਪੰਜਾਬ ਦੇ ਸਰਹੱਦੀ ਪਿੰਡਾਂ ’ਚ ਖਤਰੇ ਦੀ ਘੰਟੀ, ਲਗਾਤਾਰ ਬਾਰਿਸ਼ ਲਿਆ ਸਕਦੀ ਵੱਡੀ ਆਫਤ
NEXT STORY