ਗੁਰੂ ਨਾਨਕ ਦੇਵ ਜੀ ਦੇ ਧਰਮ ਭਾਵ 'ਸਿੱਖੀ' ਨੂੰ ਧਾਰਨ ਕਰਨ ਵਾਲੀ ਸਭ ਤੋਂ ਪਹਿਲੀ ਸ਼ਖ਼ਸੀਅਤ ਬੇਬੇ ਨਾਨਕੀ ਜੀ ਹੋਏ ਹਨ। ਬੇਬੇ ਨਾਨਕੀ ਜੀ ਨੂੰ ਸਿੱਖ ਕੌਮ ਦੀ ਸਭ ਤੋਂ ਪਹਿਲੀ ਸ਼ਖ਼ਸੀਅਤ ਵਜੋਂ ਯਾਦ ਕੀਤਾ ਜਾਂਦਾ ਹੈ ਜਿਨ੍ਹਾਂ ਨੇ ਸਿੱਖੀ ਧਾਰਨ ਕੀਤੀ। ਬੇਬੇ ਨਾਨਕੀ ਜੀ ਸਿੱਖੀ ਦੇ ਮੋਢੀ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਭੈਣ ਸਨ, ਜੋ ਗੁਰੂ ਸਾਹਿਬ ਤੋਂ 5 ਸਾਲ ਵੱਡੇ ਸਨ। ਉਹ ਬੇਬੇ ਨਾਨਕੀ ਹੀ ਸਨ, ਜਿਨ੍ਹਾਂ ਨੇ ਗੁਰੂ ਨਾਨਕ ਦੇਵ ਜੀ ’ਚ ਉਸ ਅਕਾਲ ਪੁਰਖ ਦੀ ਜੋਤ ਨੂੰ ਵੇਖਿਆ ਤੇ ਉਸਨੂੰ ਸਮਝਿਆ। ਬੇਬੇ ਨਾਨਕੀ ਜੀ ਨੇ ਗੁਰੂ ਨਾਨਕ ਨੂੰ ‘ਵੀਰ’ ਕਰਕੇ ਨਹੀਂ ‘ਪੀਰ’ ਕਰਕੇ ਜਾਣਿਆ। ਬੇਬੇ ਨਾਨਕੀ ਨੂੰ ਆਪਣੇ ਵੀਰ ’ਤੇ ਅਥਾਹ ਭਰੋਸਾ ਸੀ ਤੇ ਗੁਰੂ ਸਾਹਿਬ ਵੀ ਆਪਣੀ ਭੈਣ ਦਾ ਕਦੇ ਕਿਹਾ ਨਹੀਂ ਮੋੜਦੇ ਸਨ। ਜਦੋਂ ਗੁਰੂ ਨਾਨਕ ਦੇਵ ਜੀ ਇਸ ਲੋਕਾਈ ਨੂੰ ਸੋਧਣ ਲਈ ਉਦਾਸੀਆਂ ’ਤੇ ਚੱਲੇ ਤਾਂ ਭਾਈ ਮਰਦਾਨਾ ਜੀ ਨੂੰ ਨਵੀਂ ਰਬਾਬ ਫਿਰੰਦੇ ਕੋਲੋਂ ਬਣਵਾ ਕੇ ਦਿੱਤੀ। ਉਸ ਵੇਲੇ ਰੁਪਏ ਬੇਬੇ ਨਾਨਕੀ ਜੀ ਤੋਂ ਹੀ ਲਏ। ਬਿਨਾਂ ਸ਼ੱਕ ਉਸ ਵੇਲੇ ਗੁਰੂ ਸਾਹਿਬ ਦੇ ਖਾਤੇ ’ਚ ਮੋਦੀਖਾਨੇ ਦੇ ਹਿਸਾਬ ਮੁਤਾਬਕ 760 ਰੁਪਏ ਜਮ੍ਹਾਂ ਸਨ ਪਰ ਭੈਣ ਕੋਲੋਂ ਪੈਸੇ ਲੈ ਕੇ ਰਬਾਬ ਬਣਾਉਣ ਪਿੱਛੇ ਕਾਰਨ ਸਿਰਫ਼ ਇਹ ਸੀ ਕਿ ਉਦਾਸੀ ਸਮੇਂ ਭੈਣ ਦਾ ਪਿਆਰ ਨਾਲ ਰਹੇ।

ਬੇਬੇ ਨਾਨਕੀ ਦਾ ਜਨਮ ਆਪਣੇ ਨਾਨਕੇ ਘਰ ਪਿੰਡ ਚਾਹਲ, ਜ਼ਿਲ੍ਹਾ ਲਾਹੌਰ ਸੰਨ 1464 ’ਚ ਹੋਇਆ। ਬੇਬੇ ਨਾਨਕੀ ਜੀ ਦਾ ਵਿਆਹ ਸੁਲਤਾਨਪੁਰ ਦੇ ਭਾਈ ਜੈਰਾਮ ਜੀ ਨਾਲ ਹੋਇਆ। ਸੁਲਤਾਨਪੁਰ ਹੀ ਉਹ ਪਾਵਨ ਘਰ ਹੈ, ਜਿਥੇ ਬੇਬੇ ਨਾਨਕੀ ਜੀ ਕਰੀਬ 43 ਸਾਲ ਰਹੇ। ਉਨ੍ਹਾਂ ਵਲੋਂ ਲਗਵਾਇਆ ਗਿਆ ਖੂਹ ਅਜੇ ਵੀ ਮੌਜੂਦ ਹੈ। ਗੁਰੂ ਨਾਨਕ ਦੇਵ ਜੀ ਪਹਿਲੀ ਉਦਾਸੀ ਤੋਂ ਬਾਅਦ ਸਿੱਧੇ ਸੁਲਤਾਨਪੁਰ ਲੋਧੀ ਭੈਣ ਨਾਨਕੀ ਨੂੰ ਮਿਲਣ ਪਹੁੰਚੇ। ਫਿਰ ਦੂਜੀ ਉਦਾਸੀ ਉਪਰੰਤ ਜਦੋਂ ਗੁਰੂ ਸਾਹਿਬ 1518 ’ਚ ਸੁਲਤਾਨਪੁਰ ਪੁੱਜੇ ਤਾਂ ਭੈਣ ਨਾਨਕੀ ਨੇ ਉਨ੍ਹਾਂ ਨੂੰ ਇਹ ਕਹਿ ਕੇ ਰੋਕ ਲਿਆ ਕਿ ਉਨ੍ਹਾਂ ਦਾ ਆਖਰੀ ਸਮਾਂ ਨੇੜੇ ਹੈ। ਬੇਬੇ ਨਾਨਕੀ ਦੇ ਅਕਾਲ ਚਲਾਣੇ ਮਗਰੋਂ ਗੁਰੂ ਨਾਨਕ ਦੇਵ ਜੀ ਨੇ ਆਪਣੇ ਹੱਥੀਂ ਅੰਤਿਮ ਸੰਸਕਾਰ ਕੀਤਾ। ਬੇਬੇ ਨਾਨਕੀ ਮਗਰੋਂ ਤੀਜੇ ਦਿਨ ਭਾਈ ਜੈਰਾਮ ਜੀ ਵੀ ਚੜ੍ਹਾਈ ਕਰ ਗਏ, ਉਨ੍ਹਾਂ ਦਾ ਅੰਤਿਮ ਸੰਸਕਾਰ ਵੀ ਗੁਰੂ ਜੀ ਨੇ ਆਪਣੇ ਹੱਥੀਂ ਕੀਤਾ ਤੇ ਦੋਵਾਂ ਦੀਆਂ ਅਸਥੀਆਂ ਇਕੱਠੀਆਂ ਵੇਈਂ ’ਚ ਜਲ ਪ੍ਰਵਾਹ ਕੀਤੀਆਂ।
ਪਵਿੱਤਰ ਅਤੇ ਮੁਕੱਦਸ ਅਸਥਾਨ ਗੁਰਦੁਆਰਾ ਗੁਰੂ ਕੇ ਮਹਿਲ
NEXT STORY