ਬਹੁਤ ਹੀ ਪਿਆਰੇ ਅਤੇ ਸਤਿਕਾਰਯੋਗ ਦੋਸਤੋ,
ਪੋਹ ਮਹੀਨੇ ਦੇ ਇਤਿਹਾਸਕ ਸ਼ਹੀਦੀ ਪੰਦਰਵਾੜੇ ਦਾ ਅੱਜ ਚੌਥਾ ਦਿਨ (4 ਪੋਹ) ਹੈ। ਗੌਰਵਸ਼ਾਲੀ ਸਿੱਖ ਇਤਿਹਾਸ ਦੱਸਦਾ ਹੈ ਕਿ ਤੁਰਕ ਅਤੇ ਪਹਾੜੀ ਰਾਜਿਆਂ ਦੀ ਆਨੰਦਪੁਰ ਨਗਰ ਨੂੰ ਵਾਰ-ਵਾਰ ਚਾਰੇ ਪਾਸਿਓਂ ਘੇਰ ਕੇ ਬੈਠਣ ਦੀ ਜਾਬਰਾਨਾ ਬਦਨੀਤੀ ਜਾਂ ਘਟੀਆ ਰਣਨੀਤੀ ਨੇ ਭਾਵੇਂ ਪਹਿਲਾਂ ਵੀ ਕਈ ਜੰਗਾਂ ਦੌਰਾਨ ਗੁਰੂ ਦੇ ਪਿਆਰੇ ਸਿੰਘ ਸੂਰਮਿਆਂ ਦੇ ਸਮਰਪਣ ਭਾਵ, ਜ਼ਬਤ, ਸਬਰ, ਸੰਤੋਖ, ਸਿਦਕ ਅਤੇ ਜੁਝਾਰੂਪਣ ਦਾ ਕਰੜਾ ਇਮਤਿਹਾਨ ਲਿਆ ਸੀ। ਪਰ ਆਨੰਦਪੁਰ ਦੀ ਪੰਜਵੀਂ ਅਤੇ ਆਖ਼ਰੀ ਸਭ ਤੋਂ ਵੱਧ ਲਮੇਰੀ, ਅਕਾ ਅਤੇ ਥਕਾ ਦੇ ਰੱਖ ਦੇਣ ਵਾਲੀ ਜੰਗ, ਜੋ ਅੰਦਾਜ਼ਨ 22 ਜੇਠ ਸੰਮਤ 1761 ਬਿਕਰਮੀ (20 ਮਈ, ਸੰਨ 1704 ਈਸਵੀ) ਤੋਂ ਆਰੰਭ ਹੋ ਕੇ, ਉਪਰੰਤ ਰੁਕ-ਰੁਕ ਕੇ ਚੱਲਦੀ ਹੋਈ 06 ਪੋਹ, ਸੰਮਤ 1761 ਬਿਕਰਮੀ (21 ਦਸੰਬਰ, ਸੰਨ 1704 ਈਸਵੀ) ਅਰਥਾਤ ਸਤਿਗੁਰਾਂ ਦੇ ਆਨੰਦਪੁਰ ਛੱਡਣ ਤੱਕ ਨਿਰੰਤਰ ਜਾਰੀ ਰਹੀ, ਉਨ੍ਹਾਂ ਦੇ ਸਮਰਪਣ ਭਾਵ, ਪਿਆਰ ਅਤੇ ਸਿੱਖੀ ਸਿਦਕ ਨੂੰ ਪਰਖਣ ਵਾਲੀ ਸਭ ਤੋਂ ਵੱਧ ਕਰੜੀ ਪ੍ਰੀਖਿਆ ਸੀ।
ਦਸਮ ਪਿਤਾ ਵੱਲੋਂ ਜਾਬਰ ਮੁਗ਼ਲ ਅਤੇ ਪਹਾੜੀ ਹਾਕਮਾਂ ਵਿਰੁੱਧ ਲੜੀ ਜਾ ਰਹੀ ਆਨੰਦਪੁਰ ਦੀ ਇਹ ਪੰਜਵੀਂ ਸਭ ਤੋਂ ਲੰਮੇਰੀ ਜੰਗ 19 ਦਸੰਬਰ 1704 ਈਸਵੀ (4 ਪੋਹ, 1761 ਬਿਕਰਮੀ) ਤੱਕ ਆਪਣੇ ਬਿਲਕੁਲ ਆਖ਼ਰੀ ਬਹੁਤ ਹੀ ਨਾਜ਼ੁਕ ਅਤੇ ਸੰਕਟਮਈ ਪੜਾਅ 'ਤੇ ਪੁੱਜ ਚੁੱਕੀ ਸੀ। ਪਿਛਲੇ ਲਗਭਗ 7-8 ਮਹੀਨਿਆਂ ਤੋਂ ਜਾਰੀ ਆਨੰਦਪੁਰੀ ਦੀ ਜੰਗੀ ਅਤੇ ਆਰਥਿਕ ਨਾਕੇਬੰਦੀ ਦੀ ਜਕੜ ਹੁਣ ਹੋਰ ਪੀਢੀ ਹੋ ਗਈ ਸੀ। ਅੰਨ੍ਹ-ਪਾਣੀ ਦੀ ਘਾਟ ਨੇ ਸਿੰਘਾਂ ਦਾ ਜੀਉਣਾ ਮੁਹਾਲ ਕੀਤਾ ਹੋਇਆ ਸੀ। ਮਾਝੇ ਦੇ ਚਾਲੀ ਸਿੰਘ ਸਤਿਗੁਰਾਂ ਨੂੰ ਬੇਦਾਵਾ ਦੇ ਕੇ ਜਾ ਚੁੱਕੇ ਸਨ। 4 ਪੋਹ ਤੋਂ ਲੈ ਕੇ ਆਨੰਦਪੁਰ ਛੱਡਣ ਤੱਕ (6 ਪੋਹ) ਦੇ ਅਗਲੇ ਦੋ-ਤਿੰਨ ਦਿਨਾਂ ਵਿੱਚ ਲਗਭਗ 500/600 ਸਿੰਘ ਸੂਰਮੇ ਜੰਗ ਵਿੱਚ ਸ਼ਹਾਦਤ ਦਾ ਜਾਮ ਪੀ ਗਏ ਸਨ।
ਦੂਜੇ ਪਾਸੇ ਲਗਾਤਾਰ ਚਲ ਰਹੀ ਜੰਗ ਵਿੱਚ ਕਾਮਯਾਬ ਨਾ ਹੋਣ ਕਾਰਣ, ਮੁਗ਼ਲ ਅਤੇ ਪਹਾੜੀ ਹੁਕਮਰਾਨ ਕਿਸੇ ਨਾ ਕਿਸੇ ਤਰ੍ਹਾ ਸਤਿਗੁਰਾਂ ਨੂੰ ਆਨੰਦਪੁਰ ਤੋਂ ਬਾਹਰ ਕੱਢਣ ਦੀਆਂ ਕੁਹਜੀਆਂ ਰਾਜਨੀਤਕ ਸ਼ਾਜ਼ਿਸ਼ਾਂ ਰਚਣ ਦੇ ਆਹਰ ਵਿੱਚ ਸਨ। ਇਨ੍ਹਾਂ ਵਿੱਚ ਇੱਕ ਸਾਜਿਸ਼ ਕੁਰਆਨ ਦੀ ਜਿਲਦ 'ਤੇ ਲਿਖਿਆ ਇਕਰਾਰਨਾਮਾ ਸੀ, ਜਿਸ ਦਾ ਜ਼ਿਕਰ ਬੀਤੇ ਕੱਲ੍ਹ ਕੀਤਾ ਜਾ ਚੁੱਕਾ ਹੈ। ਔਰੰਗਜ਼ੇਬ ਦੇ ਇਸ ਪਰਵਾਨੇ ਤੋਂ ਇਲਾਵਾ ਉਸ ਨਾਲ ਰਲੇ ਪਹਾੜੀ ਰਾਜਿਆਂ ਨੇ ਵੀ ਯਕੀਨ-ਦਹਾਨੀ ਲਈ ਆਟੇ ਦੀ ਗਊ ਸਹਿਤ ਇੱਕ ਲਿਖਤੀ ਸਹੁੰ ਸਤਿਗੁਰਾਂ ਵੱਲ ਭੇਜੀ। ਮੁਗ਼ਲਾਂ ਅਤੇ ਪਹਾੜੀ ਰਾਜਿਆਂ ਵੱਲੋਂ ਕੀਤੇ ਜਾ ਰਹੇ ਇਹਨਾਂ (ਝੂਠੇ) ਕੌਲ-ਇਕਰਾਰਾਂ ਨੂੰ ਵੇਖਦਿਆਂ, ਕਿਲ੍ਹਿਆਂ ਅੰਦਰ ਘਿਰੇ ਅਨੇਕ ਦਿਲਗੀਰ ਅਤੇ ਉਦਾਸ ਸਿੰਘਾਂ ਨੂੰ ਆਸ ਦੀ ਇੱਕ ਚਿਣਗ ਵਿਖਾਈ ਦਿੱਤੀ ਪਰ ਆਸ ਦੀ ਇਸ ਚਿਣਗ ਨੂੰ ਕਿੰਨਾ ਕੁ ਬੂਰ ਪਿਆ? ਇਸ ਬਾਰੇ ਅਗਲੇ ਪੋਹ 'ਚ ਜਾਣਕਾਰੀ ਸਾਂਝੀ ਕਰਾਂਗੇ।
ਜਗਜੀਵਨ ਸਿੰਘ (ਡਾ.)
ਐਸੋਸੀਏਟ ਪ੍ਰੋਫ਼ੈਸਰ
ਮਾਤਾ ਗੁਜਰੀ ਕਾਲਜ, ਫ਼ਤਹਿਗੜ੍ਹ ਸਾਹਿਬ
ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (19 ਦਸੰਬਰ 2023)
NEXT STORY