ਦਿਲਜੀਤ ਸਿੰਘ ਬੇਦੀ
ਸਿੱਖ ਧਰਮ ਦੀ ਸਥਾਪਨਾ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਹੱਕ, ਸੱਚ, ਨਿਆਂ ਅਤੇ ਜ਼ੁਲਮ ਵਿਰੁੱਧ ਅਵਾਜ਼ ਉਠਾਉਣ ਦੇ ਉਦੇਸ਼ ਨੂੰ ਲੈ ਕੇ ਕੀਤੀ ਸੀ। ਇਸੇ ਲਈ ਸਮੇਂ ਦੀਆਂ ਜਾਬਰ ਹਕੂਮਤਾਂ ਦੇ ਅੱਤਿਆਚਾਰ, ਧੱਕੇਸ਼ਾਹੀ ਵਿਰੁੱਧ ਗੁਰੂ ਸਾਹਿਬਾਨ ਨੇ ਆਵਾਜ਼ ਉਠਾਈ ਅਤੇ ਸ਼ਹਾਦਤਾਂ ਪ੍ਰਾਪਤ ਕੀਤੀਆਂ। ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਸਿੱਖੀ ਸਿਧਾਂਤਾਂ ਨੂੰ ਮਜਬੂਤ ਕਰਨ ਲਈ ਡੱਟ ਕੇ ਪਹਿਰਾ ਦਿੱਤਾ। ਉਸ ਵਕਤ ਹਿੰਦੁਸਤਾਨ ਵਿਚ ਮੁਗ਼ਲ ਸਰਕਾਰ ਵਲੋਂ ਆਮ ਨਾਗਰਿਕਾਂ ਖਾਸ ਕਰਕੇ ਗੈਰ ਮੁਸਲਮਾਨਾਂ ਉੱਤੇ ਧਰਮ ਦੇ ਨਾਮ ਉੱਪਰ ਹੋ ਰਹੇ ਜ਼ੁਲਮ ਵਿਰੁੱਧ ਗੁਰੂ ਸਾਹਿਬ ਵੱਲੋਂ ਧਰਮ ਯੁੱਧ ਸ਼ੁਰੂ ਕਰਨ ਦਾ ਇਹ ਇਕ ਅਹਿਮ ਐਲਾਨ ਸੀ:
“ਚੁ ਕਾਰ ਅਜ਼ ਹਮਹ ਹੀਲਤੇ ਦਰ ਗੁਜ਼ਸ਼ਤ। ਹਲਾਲੱਸਤ ਬੁਰਦਨ ਬ ਸ਼ਮਸ਼ੀਰ ਦਸਤ।”
(ਭਾਵ ਹਰ ਪ੍ਰਕਾਰ ਦੇ ਸ਼ਾਂਤੀ ਭਰੇ ਸੰਵਾਦ ਦੇ ਹੀਲੇ ਸਮਾਪਤ ਹੋਣ ਉਪਰੰਤ ਹੀ ਹੱਥ ਵਿਚ ਸ਼ਮਸ਼ੀਰ ਪਕੜਨੀ।)
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਗਰੀਬਾ ਤੇ ਹੋ ਰਹੇ ਜਬਰ ਜੁਲਮ ਦੇ ਮੁਦੇ ਨੂੰ ਗੰਭੀਰਤਾ ਨਾਲ ਵਿਚਾਰਿਆ ਕਿ ਧਰਮ ਦੀ ਰੱਖਿਆ ਖ਼ਾਤਰ ਜ਼ੁਲਮੀ ਤਲਵਾਰ ਨੂੰ ਸਿਰ ਦਿੱਤਾ ਜਾਵੇ ਜਾਂ ਜ਼ੁਲਮ ਦਾ ਮੁਕਾਬਲਾ ਤੇਗ ਨਾਲ ਕੀਤਾ ਜਾਵੇ? ਸੋਚ-ਵਿਚਾਰ ਮਗਰੋਂ ਉਨ੍ਹਾਂ “ਬ ਸ਼ਮਸ਼ੀਰ ਦਸਤ” ਦਾ ਰਾਹ ਚੁਣਿਆ ਅਤੇ ਖਾਲਸੇ ਦੀ ਸਿਰਜਣਾ ਕੀਤੀ। ਭਾਰਤੀ ਲੋਕਾਂ ਦੇ ਦਿਲਾਂ ਵਿਚ ਧਾਰਮਿਕ ਅਜ਼ਾਦੀ ਲਈ ਯੁੱਧ ਕਰਨ ਦੀ ਭਾਵਨਾ, ਸਿੱਖ ਧਰਮ ਵਿਚ ਆਈ ਇਸ ਨਵੀਂ ਕ੍ਰਾਂਤੀ ਦੁਆਰਾ ਹੀ ਉਤਪੰਨ ਹੋਈ। ਸਿੱਖਾਂ ਨੇ ਇਸ ਦੀ ਅਗਵਾਈ ਵੀ ਕੀਤੀ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਸਾਜੇ ਗਏ ਖਾਲਸੇ ਨੇ ਹੱਕ-ਸੱਚ ਖ਼ਾਤਰ ਜਾਬਰ ਮੁਗ਼ਲ ਸਾਮਰਾਜ ਨਾਲ ਹਥਿਆਰਬੰਦ ਯੁੱਧਾਂ ਵਿਚ ਜਿੱਤਾਂ ਪ੍ਰਾਪਤ ਕੀਤੀਆਂ। ਸਦੀਆਂ ਤੋਂ ਬੁਜ਼ਦਿਲ ਅਤੇ ਕਾਇਰ ਸਮਝੇ ਜਾਂਦੇ ਅਖੌਤੀ ਨੀਵੀਆਂ ਜਾਤਾਂ ਦੇ ਲੋਕਾਂ ਨੇ ਵੀ ਖੰਡੇ-ਬਾਟੇ ਦੀ ਪਾਹੁਲ ਛਕ ਕਹਿੰਦੇ ਕਹਾਉਂਦੇ ਲੜਾਕੂਆਂ ਨੂੰ ਜੰਗਾਂ ਵਿਚ ਕਰਾਰੀ ਮਾਤ ਦਿੱਤੀ। ਸਤਿਗੁਰਾਂ ਦਾ ਧਰਮ ਯੁੱਧ ਕਿਸੇ ਜਾਤ ਜਾਂ ਮਜ਼ਹਬ ਵਿਰੁੱਧ ਨਹੀਂ ਸੀ। ਬਲਕਿ ਹਰ ਤਰ੍ਹਾਂ ਦੇ ਅਨਿਆਂ ਦੇ ਵਿਰੁੱਧ ਸੀ। ਪਾਤਸ਼ਾਹ ਤਾਂ ਖੁਦ ਅਕਾਲ ਉਸਤਤ ਵਿਚ ਫੁਰਮਾਉਂਦੇ ਹਨ:
‘ਹਿੰਦੂ ਤੁਰਕ ਕੋਊ ਰਾਫਜੀ ਇਮਾਮ ਸਾਫੀ ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ॥”
“ਦੇਹਰਾ ਮਸੀਤ ਸੋਈ ਪੂਜਾ ਔ ਨਿਵਾਜ ਓਈ ਮਾਨਸ ਸਬੈ ਏਕ ਪੈ ਅਨੇਕ ਕੋ ਭ੍ਰਮਾਉ ਹੈ॥”
ਪੰਥ ਦੇ ਵਾਲੀ ਦਸਮੇਸ਼ ਪਿਤਾ ਦਾ ਪ੍ਰਕਾਸ਼ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਘਰ ਮਾਤਾ ਗੁਜਰੀ ਜੀ ਦੀ ਕੁੱਖੋਂ ਪੋਹ ਸੁਦੀ ਸਤਵੀਂ ਮੁਤਾਬਿਕ 1723 ਬਿਕ੍ਰਮੀ ਨੂੰ ਪਟਨਾ ਸ਼ਹਿਰ (ਬਿਹਾਰ) ਵਿਖੇ ਹੋਇਆ:
ਤਹੀ ਪ੍ਰਕਾਸ ਹਮਾਰਾ ਭਯੋ॥ ਪਟਨਾ ਸਹਰ ਬਿਖੈ ਭਵ ਲਯੋ॥
ਇਸ ਸਮੇਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਢਾਕਾ, ਬੰਗਾਲ ਤੇ ਅਸਾਮ ਆਦਿ ਦੇ ਇਲਾਕਿਆਂ ਵਿਚ ਸਿੱਖ ਧਰਮ ਦੇ ਪ੍ਰਚਾਰ ਹਿਤ ਗਏ ਹੋਏ ਸਨ। ਦਸਮੇਸ਼ ਪਿਤਾ ਦੇ ਪਹਿਲੇ ਪੰਜ ਕੁ ਸਾਲ ਪਟਨੇ ਵਿਚ ਹੀ ਬੀਤੇ ਅਤੇ ਉਥੇ ਹੀ ਆਪ ਜੀ ਦੀ ਵਿੱਦਿਆ ਆਦਿ ਦੇ ਪ੍ਰਬੰਧ ਕੀਤੇ ਗਏ। ਆਪ ਜੀ ਨੂੰ ਗੁਰਮੁਖੀ ਅਤੇ ਗੁਰਬਾਣੀ ਦੀ ਵਿੱਦਿਆ ਦੇ ਨਾਲ-ਨਾਲ ਘੋੜ-ਸਵਾਰੀ, ਨੇਜ਼ਾ-ਬਾਜ਼ੀ, ਤਲਵਾਰ-ਬਾਜ਼ੀ ਅਤੇ ਤੀਰ-ਅੰਦਾਜ਼ੀ ਆਦਿ ਦੀ ਵੀ ਮੁੱਢਲੀ ਸਿਖਲਾਈ ਦਿੱਤੀ ਗਈ। ਪਟਨੇ ਸ਼ਹਿਰ ਦੇ ਇਕ ਬ੍ਰਾਹਮਣ ਸ਼ਿਵਦੱਤ ਨੇ ਆਪ ਜੀ ਦੇ ਬਾਲ-ਚੋਜ ਦੇਖ ਕੇ ਆਪ ਜੀ ਪ੍ਰਤੀ ਸਤਿਕਾਰ ਅਤੇ ਪਿਆਰ ਪ੍ਰਗਟ ਕੀਤਾ। ਮੁਸਲਮਾਨ ਸੱਯਦ ਪੀਰ ਭੀਖਣ ਸ਼ਾਹ ਨੇ ਵੀ ਆਪ ਜੀ ਦੇ ਪਹਿਲੀ ਨਜ਼ਰੇ ਦਰਸ਼ਨ ਕਰਦਿਆਂ ਸਿਜਦਾ ਕੀਤਾ ਸੀ।ਪਟਨੇ ਵਿਖੇ ਹੀ ਰਾਜਾ ਫਤਹਿ ਚੰਦ ਮੈਣੀ ਅਤੇ ਉਸ ਦੀ ਰਾਣੀ ਦਸਮੇਸ਼ ਪਿਤਾ ਜੀ ਦੇ ਸ਼ਰਧਾਲੂ ਬਣ ਗਏ ਅਤੇ ਗੁਰੂ ਸਾਹਿਬ ਦੀ ਚਰਨ-ਛੋਹ ਨਾਲ ਮਹੱਲ ਪਵਿੱਤਰ ਹੋ ਗਿਆ ਜੋ ਅੱਜਕਲ੍ਹ “ਮੈਣੀ ਸੰਗਤ” ਗੁਰਦੁਆਰਾ ਸਾਹਿਬ ਦੇ ਨਾਮ ਨਾਲ ਜਾਣਿਆ ਜਾਂਦਾ ਹੈ।
ਪਟਨਾ ਸਾਹਿਬ ਤੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਰਿਵਾਰ ਸਮੇਤ ਸ੍ਰੀ ਅਨੰਦਪੁਰ ਸਾਹਿਬ ਆ ਗਏ। ਏਥੇ ਹੀ ਕਸ਼ਮੀਰੀ ਪੰਡਤਾਂ ਦੀ ਪੁਕਾਰ ਸੁਣਕੇ ਆਪ ਜੀ ਨੇ ਖੁਦ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਮਜ਼ਲੂਮਾਂ ਦੀ ਰੱਖਿਆ ਖ਼ਾਤਰ ਕੁਰਬਾਨੀ ਦੇਣ ਲਈ ਦਿੱਲੀ ਨੂੰ ਤੋਰਿਆ। ਧਰਮਾਂ ਦੇ ਇਤਿਹਾਸ ਵਿਚ ਅਜਿਹੀ ਕੋਈ ਮਿਸਾਲ ਨਹੀਂ ਮਿਲਦੀ ਜਦੋਂ ਕਿਸੇ ਮਹਾਂਪੁਰਸ਼ ਵਲੋਂ ਕਿਸੇ ਦੂਜੇ ਧਰਮ ਦੇ ਅਕੀਦਿਆਂ ਦੀ ਸਲਾਮਤੀ ਲਈ ਆਪ ਸੈਂਕੜੇ ਮੀਲ ਪੈਦਲ ਜਾ ਕੇ ਆਪਾ ਵਾਰਿਆ ਹੋਵੇ।
ਅਕਾਲ ਰੂਪ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਸੰਸਾਰ ਯਾਤਰਾ : ਲੜੀਵਾਰ ਬਿਰਤਾਂਤ
NEXT STORY