ਸਰਬਜੀਤ ਸਿੰਘ ਬਨੂੜ
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਨਾ ਸਿਰਫ਼ ਧਰਮ ਦੇ ਰਸਤੇ 'ਤੇ ਨਹੀਂ ਤੋਰਿਆ, ਸਗੋਂ ਜ਼ਿੰਦਗੀ ਜਿਊਣ ਦਾ ਸੱਚਾ ਢੰਗ ਵੀ ਸਮਝਾਇਆ। ਉਨ੍ਹਾਂ ਦੀਆਂ ਸਿੱਖਿਆਵਾਂ ਦਾ ਨਿਚੋੜ 'ਨਾਮ ਜਪੋ, ਕਿਰਤ ਕਰੋ ਤੇ ਵੰਡ ਛਕੋ ਹੈ। ਇਹ ਤਿੰਨ ਸਿਧਾਂਤ ਸਿਰਫ ਧਾਰਮਿਕ ਉਪਦੇਸ਼ ਨਹੀਂ, ਸਗੋਂ ਇਕ ਚੰਗੇ ਸਮਾਜ ਦੀ ਨੀਂਹ ਹਨ।
ਅੱਜ 24 ਨਵੰਬਰ ਨੂੰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਦੁਨੀਆ ਭਰ ਵਿੱਚ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਜਾਵੇਗਾ। ਗੁਰਦੁਆਰੇ ਰੌਸ਼ਨੀਆਂ ਨਾਲ ਸਜਾਏ ਜਾਣਗੇ, ਨਗਰ ਕੀਰਤਨ ਸਜਣਗੇ, ਕੀਰਤਨ ਦਰਬਾਰ ਹੋਣਗੇ ਅਤੇ ਗੁਰੂ ਕੇ ਲੰਗਰ ਵਰਤਾਏ ਜਾਣਗੇ ਪਰ ਇਸ ਪਵਿੱਤਰ ਦਿਹਾੜੇ 'ਤੇ ਇਕ ਸਵਾਲ ਆਪਣੇ ਆਪ ਨੂੰ ਪੁੱਛਣਾ ਵੀ ਜ਼ਰੂਰੀ ਹੈ ਕਿ ਅਸੀਂ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਤਾਂ ਮਨਾ ਰਹੇ ਹਾਂ, ਕੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਨੂੰ ਆਪਣੀ ਜ਼ਿੰਦਗੀ ਵਿਚ ਵੀ ਵਸਾ ਰਹੇ ਹਾਂ ? ਗੁਰੂ ਨਾਨਕ ਦੇਵ ਜੀ ਨੇ 'ਨਾਮ ਜਪੋ' ਦਾ ਸੁਨੇਹਾ ਦਿੱਤਾ । ਨਾਮ ਜਪਣ ਦਾ ਅਰਥ ਸਿਰਫ ਮੂੰਹ ਨਾਲ ਵਾਹਿਗੁਰੂ-ਵਾਹਿਗੁਰੂ ਉਚਾਰਨਾ ਹੀ ਨਹੀਂ, ਸਗੋਂ ਆਪਣੇ ਮਨ ਅੰਦਰ ਹੰਕਾਰ, ਈਰਖਾ, ਨਫ਼ਰਤ, ਲਾਲਚ ਅਤੇ ਦੂਜਿਆਂ ਪ੍ਰਤੀ ਮਾੜੀ ਸੋਚ ਨੂੰ ਦੂਰ ਕਰਨਾ ਹੈ।
ਸ੍ਰੀ ਗੁਰੂ ਨਾਨਕ ਦੇਵ ਜੀ ਦਾ ਦੂਜਾ ਸੁਨੇਹਾ 'ਕਿਰਤ ਕਰੋ' ਹੈ। ਕਿਰਤ ਦਾ ਮਤਲਬ ਸਿਰਫ ਪੈਸਾ ਕਮਾਉਣਾ ਨਹੀਂ, ਸਗੋਂ ਈਮਾਨਦਾਰੀ ਨਾਲ ਰੋਜ਼ੀ-ਰੋਟੀ ਕਮਾਉਣਾ ਹੈ। ਆਪਣੇ ਹੱਥੀਂ ਮਿਹਨਤ ਕਰਨੀ, ਕਿਸੇ ਦਾ ਹੱਕ ਨਾ ਮਾਰਨਾ ਅਤੇ ਆਪਣੀ ਕਮਾਈ ਵਿਚ ਸੱਚਾਈ ਰੱਖਣੀ ਹੀ ਕਿਰਤ ਦੀ ਅਸਲ ਮਹਾਨਤਾ ਹੈ। ਤੀਜਾ ਅਤੇ ਬਹੁਤ ਮਹੱਤਵਪੂਰਨ ਸੁਨੇਹਾ ਹੈ 'ਵੰਡ ਛਕੋ'। ਇਹ ਉਹ ਸਿਧਾਂਤ ਹੈ, ਜਿਸ ਨੇ ਸਿੱਖ ਧਰਮ ਨੂੰ ਮਨੁੱਖਤਾ ਦੀ ਸੇਵਾ ਨਾਲ ਜੋੜਿਆ। ਆਪਣੀ ਕਮਾਈ ਵਿਚੋਂ ਲੋੜਵੰਦ ਦਾ ਹਿੱਸਾ ਕੱਢਣਾ, ਭੁੱਖੇ ਨੂੰ ਰੋਟੀ ਦੇਣੀ, ਦੁਖੀ ਦਾ ਦੁੱਖ ਵੰਡਾਉਣਾ ਅਤੇ ਕਿਸੇ ਮੁਸੀਬਤ ਵਿਚ ਫਸੇ ਮਨੁੱਖ ਦਾ ਸਹਾਰਾ ਬਣਨਾ ਹੀ ਵੰਡ ਛਕਣ ਦੀ ਅਸਲ ਭਾਵਨਾ ਹੈ। ਪਰ ਅੱਜ ਸਾਨੂੰ ਇਹ ਵੀ ਸੋਚਣਾ ਪਵੇਗਾ ਕਿ ਕਿਤੇ ਅਸੀਂ ਵੰਡ ਛਕਣ ਨੂੰ ਸਿਰਫ਼ ਗੁਰਦੁਆਰਿਆਂ ਦੇ ਲੰਗਰ ਤੱਕ ਹੀ ਸੀਮਤ ਤਾਂ ਨਹੀਂ ਕਰ ਦਿੱਤਾ? ਗੁਰਦੁਆਰਿਆਂ ਵਿਚ ਵੱਡੇ-ਵੱਡੇ ਲੰਗਰ ਲੱਗਦੇ ਹਨ। ਅਨੇਕ ਸੇਵਾਦਾਰ ਨਿਸ਼ਕਾਮ ਸੇਵਾ ਕਰਦੇ ਹਨ, ਜੋ ਸਿੱਖ ਪੰਥ ਦੀ ਬਹੁਤ ਵੱਡੀ ਪ੍ਰਾਪਤੀ ਹੈ। ਪਰ ਜੇ ਸਾਡੇ ਆਪਣੇ ਮੁਹੱਲੇ ਵਿਚ ਕੋਈ ਬਜ਼ੁਰਗ ਇਕੱਲਾ ਰਹਿੰਦਾ ਹੈ, ਕੋਈ ਗਰੀਬ ਪਰਿਵਾਰ ਆਪਣੇ ਬੱਚਿਆਂ ਦੀ ਪੜ੍ਹਾਈ ਦਾ ਖਰਚਾ ਨਹੀਂ ਚੁੱਕ ਸਕਦਾ ਜਾਂ ਕੋਈ ਬੀਮਾਰ ਮਨੁੱਖ ਦਵਾਈਆਂ ਲਈ ਤਰਸ ਰਿਹਾ ਹੈ, ਤਾਂ ਉਨ੍ਹਾਂ ਦੀ ਮਦਦ ਕਰਨਾ ਵੀ ਗੁਰੂ ਨਾਨਕ ਦੀ ਸਿੱਖਿਆ 'ਤੇ ਚੱਲਣਾ ਹੈ।
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਾਤ-ਪਾਤ, ਊਚ-ਨੀਚ ਅਤੇ ਮਨੁੱਖਾਂ ਵਿਚਲੇ ਭੇਦਭਾਵ ਭਾਵ ਨੂੰ ਚੁਣੌਤੀ ਦਿੱਤੀ। ਉਨ੍ਹਾਂ ਨੇ ਨੇ ਮਨੁੱਖੀ ਬਰਾਬਰੀ ਅਤੇ ਔਰਤ ਦੇ ਸਤਿ ਤਿਕਾਰ ਦੀ ਆਵਾਜ਼ ਬੁਲੰਦ ਕੀਤੀ ਪਰ ਅੱਜ ਵੀ ਸਾਡੇ ਸਮਾਜ ਵਿਚ ਕਈ ਥਾਵਾਂ ਜਾਤਾਂ ਦੇ ਨਾਂ 'ਤੇ ਵੰਡੀਆਂ, ਵਿਆਹਾਂ ਵਿਚ ਜਾਤ-ਪਾਤ ਦੀਆਂ ਕੰਧਾਂ ਅਤੇ ਅਮੀਰ-ਗਰੀਬ ਦੇ ਫ਼ਰਕ ਨਜ਼ਰ ਆਉਂਦੇ ਹਨ। ਕਈ ਵਾਰ ਧਾਰਮਿਕ ਸੰਸਥਾਵਾਂ ਦੀਆਂ ਪ੍ਰਬੰਧਕ ਕਮੇਟੀਆਂ ਵਿਚ ਵੀ ਸੇਵਾ ਦੀ ਥਾਂ ਅਹੁਦਿਆਂ ਅਤੇ ਚੌਧਰ ਦੀ ਲੜਾਈ ਵਧ ਜਾਂਦੀ ਹੈ। ਇਸ ਦਾ ਮਤਲਬ ਇਹ ਨਹੀਂ ਕਿ ਸਿੱਖ ਸਮਾਜ ਵਿਚ ਚੰਗਿਆਈ ਖ਼ਤਮ ਹੋ ਗਈ ਹੈ। ਦੁਨੀਆ ਦੇ ਹਰ ਕੋਨੇ ਵਿਚ ਅੱਜ ਵੀ ਅਣਗਿਣਤ ਸਿੱਖ ਬਿਨਾਂ ਕਿਸੇ ਪ੍ਰਚਾਰ ਜਾਂ ਦਿਖਾਵੇ ਦੇ ਮਨੁੱਖਤਾ ਦੀ ਸੇਵਾ ਕਰ ਰਹੇ ਹਨ। ਕੁਦਰਤੀ ਆਫ਼ਤਾਂ ਹੋਣ, ਭੁੱਖਮਰੀ ਹੋਵੇ ਜਾਂ ਕਿਸੇ ਲੋੜਵੰਦ ਦੀ ਮਦਦ ਦਾ ਮੌਕਾ, ਸਿੱਖ ਸੇਵਾ ਦੀਆਂ ਮਿਸਾਲਾਂ ਕਾਇਮ ਕਰਦੇ ਆ ਰਹੇ ਹਨ। ਪਰ ਸਾਨੂੰ ਇਹ ਵੀ ਮੰਨਣਾ ਪਵੇਗਾ ਕਿ ਸਾਡੀ ਕਹਿਣੀ ਅਤੇ ਕਰਨੀ ਵਿਚਲਾ ਫ਼ਰਕ ਦੂਰ ਕਰਨ ਲਈ ਅਜੇ ਬਹੁਤ ਕੁਝ ਕਰਨਾ ਬਾਕੀ ਹੈ।
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਕੁਦਰਤ ਨਾਲ ਪਿਆਰ ਕਰਨਾ ਵੀ ਸਿਖਾਇਆ। ਪਰ ਅੱਜ ਮਨੁੱਖ ਨੇ ਆਪਣੀ ਤਰੱਕੀ ਦੀ ਦੌੜ ਵਿੱਚ ਹਵਾ, ਪਾਣੀ ਅਤੇ ਧਰਤੀ ਨੂੰ ਵੀ ਨੁਕਸਾਨ ਪਹੁੰਚਾਇਆ ਹੈ। ਜੇ ਅਸੀਂ ਗੁਰੂ ਸਾਹਿਬ ਦੇ ਪ੍ਰਕਾਸ਼ ਪੁਰਬ 'ਤੇ ਹਜ਼ਾਰਾਂ ਦੀਵੇ ਜਗਾਉਂਦੇ ਹਾਂ, ਪਰ ਆਪਣੇ ਆਲੇ-ਦੁਆਲੇ ਦੀ ਸਫ਼ਾਈ ਅਤੇ ਵਾਤਾਵਰਣ ਦੀ ਸੰਭਾਲ ਨਹੀਂ ਕਰਦੇ, ਤਾਂ ਸਾਨੂੰ ਆਪਣੀਆਂ ਤਰਜੀਹਾਂ ਬਾਰੇ ਵੀ ਸੋਚਣਾ ਚਾਹੀਦਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੇ 557ਵੇਂ ਪ੍ਰਕਾਸ਼ ਪੁਰਬ ਮੌਕੇ ਸਾਨੂੰ ਆਪਣੇ ਆਪ ਨਾਲ ਇਕ ਵਾਅਦਾ ਕਰਨਾ ਚਾਹੀਦਾ ਹੈ ਕਿ ਅਸੀਂ ਗੁਰੂ ਨਾਨਕ ਦੇਵ ਜੀ ਦੇ ਸੁਨੇਹੇ ਨੂੰ ਸਿਰਫ ਭਾਸ਼ਣਾਂ, ਪੋਸਟਰਾਂ ਅਤੇ ਸੋਸ਼ਲ ਮੀਡੀਆ ਤੱਕ ਸੀਮਤ ਨਹੀਂ ਰੱਖਾਂਗੇ। ਆਪਣੇ ਘਰ ਤੋਂ ਸ਼ੁਰੂਆਤ ਕਰਾਂਗੇ। ਕਿਸੇ ਦਾ ਹੱਕ ਨਹੀਂ ਮਾਰਾਂਗੇ, ਆਪਣੀ ਕਿਰਤ ਨੂੰ ਈਮਾਨਦਾਰ ਰੱਖਾਂਗੇ, ਲੋੜਵੰਦ ਦੀ ਮਦਦ ਕਰਾਂਗੇ, ਬਜ਼ੁਰਗਾਂ ਦਾ ਸਤਿਕਾਰ ਕਰਾਂਗੇ ਅਤੇ ਆਪਣੇ ਬੱਚਿਆਂ ਨੂੰ ਨਫ਼ਰਤ ਦੀ ਥਾਂ ਪਿਆਰ ਤੇ ਬਰਾਬਰੀ ਦਾ ਸਬਕ ਦੇਵਾਂਗੇ। ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਸਿਰਫ਼ ਮੱਥਾ ਟੇਕਣਾ ਹੀ ਕਾਫ਼ੀ ਨਹੀਂ, ਸਗੋਂ ਉਨ੍ਹਾਂ ਦੀ ਸੋਚ ਅੱਗੇ ਆਪਣਾ ਹੰਕਾਰ ਝੁਕਾਉਣਾ ਵੀ ਜ਼ਰੂਰੀ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦਾ ਅਸਲ ਪ੍ਰਕਾਸ਼ ਪੂਰਬ ਉਸ ਦਿਨ ਹੋਵੇਗਾ, ਜਿਸ ਦਿਨ ਉਨ੍ਹਾਂ ਦੀਆਂ ਸਿੱਖਿਆਵਾਂ ਦਾ ਚਾਨਣ ਸਾਡੇ ਮਨਾਂ ਅਤੇ ਕਰਮਾਂ ਵਿਚ ਵੀ ਦਿਖਾਈ ਦੇਵੇਗਾ।
ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (24 ਨਵੰਬਰ 2026)
NEXT STORY