ਕਿਸੇ ਪਿੰਡ ਵਿਚ ਇਕ ਗਰੀਬ ਮੁੰਡਾ ਰਹਿੰਦਾ ਸੀ। ਉਸ ਦੇ ਘਰ ਦੀ ਮਾਲੀ ਹਾਲਤ ਚੰਗੀ ਨਹੀਂ ਸੀ। ਪਰਿਵਾਰ ਵਾਲਿਆਂ ਨੇ ਬੜੀ ਮੁਸ਼ਕਿਲ ਨਾਲ ਉਸ ਨੂੰ ਪੜ੍ਹਾਇਆ, ਗ੍ਰੈਜੂਏਸ਼ਨ ਕਰਵਾਈ ਪਰ ਬੇਰੋਜ਼ਗਾਰੀ ਕਾਰਨ ਉਸ ਨੂੰ ਨੌਕਰੀ ਨਹੀਂ ਮਿਲੀ।
ਘਰ ਵਿਚ ਦੋ ਵੇਲੇ ਦੀ ਰੋਟੀ ਦਾ ਵੀ ਜੁਗਾੜ ਨਹੀਂ ਬਣਦਾ ਸੀ। ਇਕ ਵਾਰ ਉਹ ਮੁੰਡਾ ਰੇਲ ਗੱਡੀ ਰਾਹੀਂ ਸ਼ਹਿਰ ’ਚ ਇੰਟਰਵਿਊ ਦੇਣ ਜਾ ਰਿਹਾ ਸੀ। ਉਸ ਕੋਲ ਖਾਣ ਲਈ ਛੋਟੇ ਜਿਹੇ ਟਿਫਨ ਵਿਚ 4 ਰੋਟੀਆਂ ਸਨ ਅਤੇ ਸਬਜ਼ੀ ਤਾਂ ਸੀ ਹੀ ਨਹੀਂ।
ਰੇਲ ਗੱਡੀ ਆਪਣੀ ਰਫਤਾਰ ਨਾਲ ਜਾ ਰਹੀ ਸੀ। ਮੁੰਡੇ ਨੂੰ ਭੁੱਖ ਲੱਗੀ ਤਾਂ ਉਸ ਨੇ ਟਿਫਨ ਖੋਲ੍ਹਿਆ। ਉਸ ਨੇ ਰੋਟੀਆਂ ਬਾਹਰ ਕੱਢੀਆਂ ਅਤੇ ਬੁਰਕੀ ਤੋੜ ਕੇ ਟਿਫਨ ਵਿਚ ਇੰਝ ਪਾਈ ਜਿਵੇਂ ਉਸ ਵਿਚ ਸਬਜ਼ੀ ਹੋਵੇ। ਫਿਰ ਉਹ ਬੁਰਕੀ ਖਾਣ ਲੱਗਾ। ਕੋਲ ਬੈਠੇ ਇਕ ਆਦਮੀ ਨੇ ਦੇਖਿਆ ਤਾਂ ਉਸ ਨੂੰ ਬੜਾ ਅਜੀਬ ਲੱਗਾ।
ਮੁੰਡੇ ਨੇ ਫਿਰ ਬੁਰਕੀ ਲੈ ਕੇ ਟਿਫਨ ਵਿਚ ਇੰਝ ਪਾਈ ਜਿਵੇਂ ਟਿਫਨ ਵਿਚ ਸਬਜ਼ੀ ਹੋਵੇ। ਫਿਰ ਉਹ ਰੋਟੀ ਖਾਣ ਲੱਗਾ। ਕੁਝ ਲੋਕ ਉਸ ਦੀ ਇਹ ਹਰਕਤ ਦੇਖ ਕੇ ਹੈਰਾਨ ਹੋ ਰਹੇ ਸਨ ਕਿ ਟਿਫਨ ਤਾਂ ਖਾਲੀ ਹੈ ਪਰ ਫਿਰ ਵੀ ਇਹ ਵਾਰ-ਵਾਰ ਇੰਝ ਕਿਉਂ ਕਰ ਰਿਹਾ ਹੈ, ਜਿਵੇਂ ਸਬਜ਼ੀ ਨਾਲ ਰੋਟੀ ਖਾ ਰਿਹਾ ਹੋਵੇ?
ਇੰਨੇ ਨੂੰ ਇਕ ਆਦਮੀ ਤੋਂ ਰਿਹਾ ਨਾ ਗਿਆ ਤਾਂ ਉਸ ਨੇ ਮੁੰਡੇ ਨੂੰ ਪੁੱਛ ਹੀ ਲਿਆ, ‘‘ਭਰਾ, ਤੇਰਾ ਟਿਫਨ ਤਾਂ ਖਾਲੀ ਹੈ, ਫਿਰ ਬੁਰਕੀ ਟਿਫਨ ਵਿਚ ਪਾ ਕੇ ਇੰਝ ਕਿਉਂ ਖਾ ਰਿਹਾ ਏਂ?’’
ਮੁੰਡਾ ਬੋਲਿਆ, ‘‘ਮੈਨੂੰ ਪਤਾ ਹੈ ਕਿ ਟਿਫਨ ਖਾਲੀ ਹੈ ਪਰ ਮੈਂ ਇਹ ਸੋਚਿਆ ਹੋਇਆ ਹੈ ਕਿ ਟਿਫਨ ਵਿਚ ਅਚਾਰ ਹੈ ਅਤੇ ਮੈਂ ਅਚਾਰ ਨਾਲ ਰੋਟੀ ਖਾ ਰਿਹਾ ਹਾਂ।’’
ਫਿਰ ਆਦਮੀ ਨੇ ਪੁੱਛਿਆ, ‘‘ਇੰਝ ਕਰਨ ਨਾਲ ਕੀ ਤੈਨੂੰ ਅਚਾਰ ਦਾ ਸਵਾਦ ਆ ਰਿਹਾ ਹੈ?’’
ਮੁੰਡਾ ਬੋਲਿਆ, ‘‘ਹਾਂ, ਮੈਨੂੰ ਅਚਾਰ ਦਾ ਸਵਾਦ ਆ ਰਿਹਾ ਹੈ। ਮੈਨੂੰ ਇਹ ਰੋਟੀ ਸਵਾਦਿਸ਼ਟ ਲੱਗ ਰਹੀ ਹੈ ਕਿਉਂਕਿ ਸੋਚਣ ਨਾਲ ਹੀ ਮੈਨੂੰ ਅਚਾਰ ਦਾ ਸਵਾਦ ਆ ਰਿਹਾ ਹੈ।’’
ਇੰਨੇ ਨੂੰ ਪਿੱਛਿਓਂ ਕਿਸੇ ਵਿਅਕਤੀ ਨੇ ਆਵਾਜ਼ ਲਾਈ, ‘‘ਓ ਭਰਾ, ਜਦੋਂ ਸੋਚਣਾ ਹੀ ਸੀ ਤਾਂ ਮਟਰ-ਪਨੀਰ ਜਾਂ ਸ਼ਾਹੀ ਪਨੀਰ ਸੋਚਦਾ, ਘੱਟੋ-ਘੱਟ ਪਨੀਰ ਦਾ ਤਾਂ ਸਵਾਦ ਆ ਜਾਂਦਾ।’’
ਇਹ ਸੁਣਦਿਆਂ ਹੀ ਆਸ-ਪਾਸ ਬੈਠੇ ਸਾਰੇ ਮੁਸਾਫਿਰ ਹੱਸ ਪਏ। ਸਹੀ ਹੀ ਤਾਂ ਕਿਹਾ ਉਸ ਵਿਅਕਤੀ ਨੇ। ਜਦੋਂ ਸੋਚਣਾ ਹੀ ਹੈ ਤਾਂ ਵੱਡਾ ਸੋਚੋ, ਛੋਟਾ ਸੋਚ ਕੇ ਕੀ ਫਾਇਦਾ?
ਸਵਰਗੀ ਅਬਦੁਲ ਕਲਾਮ ਜੀ ਨੇ ਕਿਹਾ ਹੈ ਕਿ ਜਦੋਂ ਵੀ ਸੋਚੋ, ਵੱਡਾ ਸੋਚੋ ਕਿਉਂਕਿ ਵੱਡਾ ਸੋਚਣ ਵਾਲਿਆਂ ਦੇ ਸੁਪਨੇ ਪੂਰੇ ਹੁੰਦੇ ਹਨ। ਅਸੀਂ ਰੋਜ਼ਾਨਾ ਬਹੁਤ ਸਾਰੀਆਂ ਗੱਲਾਂ ਸਿੱਖਦੇ ਹਾਂ, ਪੜ੍ਹਦੇ ਹਾਂ, ਦੇਖਦੇ ਹਾਂ ਅਤੇ ਸੋਚਦੇ ਹਾਂ। ਬਈ ਜਦੋਂ ਸੋਚਣਾ ਹੀ ਹੈ ਤਾਂ ਵੱਡਾ ਸੋਚੋ ਨਾ।
ਭਵਿੱਖਫਲ: ਸਿਤਾਰਾ ਸਿਹਤ ਲਈ ਰਹੇਗਾ ਕਮਜ਼ੋਰ, ਇਸ ਲਈ ਖਾਣ-ਪੀਣ ਦਾ ਰੱਖੋ ਧਿਆਣ
NEXT STORY