ਕਰਨਾਟਕ- ਕਰਨਾਟਕ ਦੇ ਕੋਡਾਗੂ ਜ਼ਿਲ੍ਹੇ ਤੋਂ ਰੌਂਗਟੇ ਖੜ੍ਹੇ ਕਰ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ। ਇੱਥੇ ਕੋਡਾਗੁ 'ਚ ਇਕ 32 ਸਾਲ ਦੇ ਮੰਗੇਤਰ ਨੇ ਨਾਬਾਲਗ ਕੁੜੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਮਾਪਿਆਂ ਦੇ ਸਾਹਮਣੇ ਉਸਦਾ ਸਿਰ ਧੜ ਤੋਂ ਵੱਖ ਕਰ ਦਿੱਤਾ।
ਜਾਣਕਾਰੀ ਮੁਤਾਬਕ, ਕਰਨਾਟਕ ਦੇ ਕੋਡਾਗੂ ਜ਼ਿਲੇ ਦੇ ਪਿੰਡ ਸੁਰਲੱਬੀ 'ਚ ਵਿਆਹ 'ਚ ਵਿਘਨ ਪੈਣ ਤੋਂ ਨਾਰਾਜ਼ ਨੌਜਵਾਨ ਨੇ ਆਪਣੀ ਮੰਗੇਤਰ ਦਾ ਸਿਰ ਕਲਮ ਕਰ ਦਿੱਤਾ। ਪੁਲਸ ਸੂਤਰਾਂ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਦੋਸ਼ੀ ਪ੍ਰਕਾਸ਼ ਨੇ ਇਸ ਘਟਨਾ ਨੂੰ ਉਦੋਂ ਅੰਜਾਮ ਦਿੱਤਾ ਜਦੋਂ ਉਸ ਦੇ ਅਤੇ ਉਸ ਦੀ ਮੰਗੇਤਰ ਮੀਨਾ (16) ਦੇ ਪਰਿਵਾਰ ਵਾਲਿਆਂ ਨੇ ਉਨ੍ਹਾਂ ਦਾ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ।
ਉਨ੍ਹਾਂ ਦੱਸਿਆ ਕਿ ਪ੍ਰਕਾਸ਼ ਅਤੇ ਮੀਨਾ ਦੀ ਮੰਗਣੀ ਹੋ ਚੁੱਕੀ ਸੀ। ਇਸ ਦੌਰਾਨ ਕਿਸੇ ਨੇ ਬਾਲ ਕਲਿਆਣ ਵਿਭਾਗ ਦੇ ਅਧਿਕਾਰੀਆਂ ਨੂੰ ਮੀਨਾ ਦੇ ਘੱਟ ਉਮਰ 'ਚ ਵਿਆਹ ਬਾਰੇ ਸੂਚਨਾ ਦਿੱਤੀ। ਕਾਨੂੰਨੀ ਕਾਰਵਾਈ ਕਰਦੇ ਹੋਏ ਅਧਿਕਾਰੀਆਂ ਨੇ ਦੋਵਾਂ ਪਰਿਵਾਰਾਂ ਨੂੰ ਕਿਹਾ ਕਿ ਪੋਕਸੋ ਅਤੇ ਬਾਲ ਵਿਆਹ ਕਾਨੂੰਨ ਦੀਆਂ ਧਾਰਾਵਾਂ ਅਨੁਸਾਰ ਕੁੜੀ ਦਾ ਵਿਆਹ ਉਦੋਂ ਹੀ ਕੀਤਾ ਜਾ ਸਕਦਾ ਹੈ ਜਦੋਂ ਉਹ 18 ਸਾਲ ਦੀ ਹੋ ਜਾਂਦੀ ਹੈ।
ਇਸ ਤੋਂ ਬਾਅਦ ਦੋਵਾਂ ਪਰਿਵਾਰਾਂ ਵਿਚ ਸਮਝੌਤਾ ਹੋ ਗਿਆ ਪਰ ਇਸ ਗੱਲ ਨੂੰ ਲੈ ਕੇ ਪ੍ਰਕਾਸ਼ ਨੂੰ ਗੁੱਸਾ ਆ ਗਿਆ ਅਤੇ ਵੀਰਵਾਰ ਸ਼ਾਮ ਕਰੀਬ 5:30 ਵਜੇ ਉਸ ਨੇ ਮੀਨਾ ਦੇ ਘਰ ਜਾ ਕੇ ਉਸ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਅਤੇ ਮੀਨਾ ਦਾ ਸਿਰ ਧੜ ਤੋਂ ਵੱਖ ਕਰ ਦਿੱਤਾ ਅਤੇ ਮੌਕੇ ਤੋਂ ਫਰਾਰ ਹੋ ਗਿਆ। ਇਸ ਦੌਰਾਨ ਮੀਨਾ ਦੇ ਮਾਤਾ-ਪਿਤਾ ਵੀ ਜ਼ਖਮੀ ਹੋ ਗਏ। ਦੋਵਾਂ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ।
ਪੁਲਸ ਸੁਪਰਡੈਂਟ ਕੇ. ਰਾਮਰਾਜਨ ਨੇ ਕਿਹਾ ਕਿ ਮੁਲਜ਼ਮਾਂ ਖ਼ਿਲਾਫ਼ ਭਾਰਤੀ ਦੰਡਾਵਲੀ (ਆਈ.ਪੀ.ਸੀ.) ਦੀਆਂ ਸਬੰਧਤ ਧਾਰਾਵਾਂ ਅਤੇ ਜਿਨਸੀ ਅਪਰਾਧਾਂ ਤੋਂ ਬੱਚਿਆਂ ਦੀ ਸੁਰੱਖਿਆ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਉਸ ਦੀ ਭਾਲ ਕੀਤੀ ਜਾ ਰਹੀ ਹੈ।
ਭਿਆਨਕ ਗਰਮੀ ਕਾਰਨ 13 ਮਈ ਤੋਂ ਬਦਲਿਆ ਸਕੂਲਾਂ ਦਾ ਸਮਾਂ
NEXT STORY