ਜਲੰਧਰ (ਗੁਲਸ਼ਨ) : ਇਕ ਪਾਸੇ ਜਿਥੇ ਸ਼ਹਿਰ ਨਵੇਂ ਸਾਲ ਦਾ ਜਸ਼ਨ ਮਨਾ ਰਿਹਾ ਸੀ, ਉਥੇ ਹੀ ਚੋਰ-ਲੁਟੇਰੇ ਪੁਲਸ ਦੀ ਸਖ਼ਤੀ ਨੂੰ ਟਿੱਚ ਦੱਸਦਿਆਂ ਆਪਣੇ ਕਾਰਨਾਮਿਆਂ ਨੂੰ ਅੰਜਾਮ ਦੇ ਰਹੇ ਸਨ। ਨਵੇਂ ਸਾਲ ਤੋਂ ਪਹਿਲਾਂ ਦੀ ਸ਼ਾਮ ਮੰਡੀ ਰੋਡ ਦੇ ਬਾਰਦਾਨਾ ਬਾਜ਼ਾਰ ਵਿਚ ਘਿਓ ਤੇ ਤੇਲ ਦੇ ਕਾਰੋਬਾਰ ਦੀ ਨਾਮਵਰ ਫਰਮ ਪੁਰਸ਼ੋਤਮ ਲਾਲ-ਵਿਸ਼ਵਨਾਥ ’ਤੇ ਚੋਰਾਂ ਨੇ ਧਾਵਾ ਬੋਲਦਿਆਂ ਦੁਕਾਨ ਦਾ ਸ਼ਟਰ ਤੋੜ ਕੇ ਅੰਦਰ ਪਿਆ ਸਾਮਾਨ ਅਤੇ ਨਕਦੀ ਚੋਰੀ ਕਰ ਲਈ।
ਇਸ ਸਬੰਧ 'ਚ ਜਾਣਕਾਰੀ ਦਿੰਦਿਆਂ ਦੁਕਾਨ ਦੇ ਮਾਲਕ ਵਿਨੈ ਗੁਪਤਾ ਅਤੇ ਉਨ੍ਹਾਂ ਦੇ ਭਤੀਜੇ ਵੈਭਵ ਗੁਪਤਾ ਨੇ ਦੱਸਿਆ ਕਿ ਉਹ 31 ਦਸੰਬਰ ਦੀ ਰਾਤ ਨੂੰ ਦੁਕਾਨ ਬੰਦ ਕਰ ਕੇ ਘਰ ਗਏ ਸਨ। ਸਵੇਰੇ ਲੱਗਭਗ 8 ਵਜੇ ਉਨ੍ਹਾਂ ਨੂੰ ਬਾਜ਼ਾਰ ਵਿਚੋਂ ਕਿਸੇ ਦਾ ਫੋਨ ਆਇਆ ਕਿ ਤੁਹਾਡੀ ਦੁਕਾਨ ਦਾ ਸ਼ਟਰ ਖੁੱਲ੍ਹਿਆ ਹੋਇਆ ਹੈ। ਜਦੋਂ ਉਨ੍ਹਾਂ ਨੇ ਮੌਕੇ ’ਤੇ ਆ ਕੇ ਦੇਖਿਆ ਤਾਂ ਸ਼ਟਰ ਖੁੱਲ੍ਹਿਆ ਹੋਇਆ ਸੀ ਅਤੇ ਅੰਦਰ ਲੱਗੇ ਐਲੂਮੀਨੀਅਮ ਦੇ ਗੇਟ ਦਾ ਤਾਲਾ ਵੀ ਟੁੱਟਾ ਹੋਇਆ ਸੀ।

ਵੈਭਵ ਗੁਪਤਾ ਨੇ ਦੱਸਿਆ ਕਿ ਸੀ. ਸੀ. ਟੀ. ਵੀ. ਫੁਟੇਜ ਚੈੱਕ ਕਰਨ ’ਤੇ ਪਤਾ ਲੱਗਾ ਕਿ ਇਕ ਮੋਟਰਸਾਈਕਲ ਅਤੇ ਇਕ ਐਕਟਿਵਾ ’ਤੇ ਸਵੇਰੇ 4 ਚੋਰ ਲੱਗਭਗ ਤੜਕੇ 3.15 ਵਜੇ ਆਏ ਅਤੇ ਉਨ੍ਹਾਂ ਦੀ ਦੁਕਾਨ ਦਾ ਸ਼ਟਰ ਤੋੜ ਕੇ 3 ਚੋਰ ਅੰਦਰ ਦਾਖਲ ਹੋਏ, ਜਦਕਿ 1 ਚੋਰ ਸਕੂਟਰ ’ਤੇ ਬਾਹਰ ਖੜ੍ਹਾ ਰਿਹਾ। ਚੋਰਾਂ ਨੇ 9 ਰਿਫਾਇੰਡ ਤੇਲ ਦੇ ਟੀਨ, 25 ਕਿਲੋ ਦੇਸੀ ਘਿਓ ਅਤੇ ਗੱਲੇ ਵਿਚ ਪਈ ਲੱਗਭਗ ਸਵਾ ਲੱਖ ਰੁਪਏ ਦੀ ਨਕਦੀ ਚੋਰੀ ਕਰ ਲਈ।
ਉਨ੍ਹਾਂ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਚੋਰ ਪਹਿਲਾਂ ਕੁਝ ਸਾਮਾਨ ਚੁੱਕ ਕੇ ਲੈ ਗਏ। ਚੋਰਾਂ ਦੇ ਹੌਸਲੇ ਇੰਨੇ ਬੁਲੰਦ ਸਨ ਕਿ ਉਹ 7 ਮਿੰਟਾਂ ਬਾਅਦ ਦੁਬਾਰਾ ਆਏ ਅਤੇ ਬੋਰੀ ਵਿਚ ਸਾਮਾਨ ਭਰ ਕੇ ਕਾਊਂਟਰ ਦੇ ਸਾਰੇ ਦਰਾਜ ਛਾਣੇ। ਉਨ੍ਹਾਂ ਰੁਪਿਆਂ ਦੇ ਨਾਲ-ਨਾਲ ਗੱਲੇ ਵਿਚ ਪਏ ਸਿੱਕਿਆਂ ਨੂੰ ਵੀ ਨਹੀਂ ਛੱਡਿਆ। ਵਿਨੈ ਨੇ ਕਿਹਾ ਕਿ ਚੋਰ ਸਾਮਾਨ ਪਹਿਲਾਂ ਕਿਥੇ ਰੱਖ ਕੇ ਆਏ, ਇਹ ਜਾਂਚ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਘਟਨਾ ਦੀ ਸੂਚਨਾ ਥਾਣਾ ਨੰਬਰ 3 ਵਿਚ ਦੇ ਦਿੱਤੀ ਗਈ। ਫਿਲਹਾਲ ਪੁਲਸ ਚੋਰਾਂ ਦਾ ਸੁਰਾਗ ਨਹੀਂ ਲਾ ਸਕੀ ਹੈ।

ਦੱਸਣਯੋਗ ਹੈ ਕਿ 31 ਦਸੰਬਰ ਦੀ ਰਾਤ ਨੂੰ ਪੁਲਸ ਵੱਲੋਂ ਸ਼ਹਿਰ ਵਿਚ ਕਈ ਥਾਵਾਂ ’ਤੇ ਨਾਕਾਬੰਦੀ ਕੀਤੀ ਗਈ ਸੀ। ਪੁਲਸ ਕਮਿਸ਼ਨਰ ਧਨਪ੍ਰੀਤ ਕੌਰ ਵੀ ਸੁਰੱਖਿਆ ਵਿਵਸਥਾ ਦਾ ਜਾਇਜ਼ਾ ਲੈਣ ਲਈ ਫੀਲਡ ਵਿਚ ਸਨ। ਪੁਲਸ ਦੀ ਸਖ਼ਤੀ ਦੇ ਬਾਵਜੂਦ ਮੇਨ ਬਾਜ਼ਾਰ ਦੀ ਦੁਕਾਨ ਵਿਚ ਚੋਰੀ ਹੋਣ ਨਾਲ ਪੁਲਸ ਦੀ ਕਾਰਗੁਜ਼ਾਰੀ ’ਤੇ ਵੀ ਸਵਾਲੀਆ ਨਿਸ਼ਾਨ ਲੱਗ ਰਿਹਾ ਹੈ। ਘਟਨਾ ਦੇ ਬਾਅਦ ਮੰਡੀ ਰੋਡ ਦੇ ਦੁਕਾਨਦਾਰਾਂ ਵਿਚ ਵੀ ਕਾਫੀ ਰੋਸ ਪਾਇਆ ਜਾ ਰਿਹਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਪੰਜਾਬ 'ਚ ਵੱਡੀ ਵਾਰਦਾਤ! ਕੈਨੇਡਾ ਤੋਂ ਆਈ ਮਹਿਲਾ ਦਾ ਦਿਨ-ਦਿਹਾੜੇ ਗੋਲ਼ੀਆਂ ਮਾਰ ਕੇ ਕਤਲ
NEXT STORY