ਜਲੰਧਰ (ਚੋਪੜਾ)–ਆਟੋਮੇਟਿਡ ਡਰਾਈਵਿੰਗ ਟੈਸਟ ਸੈਂਟਰ ’ਤੇ ਲੱਗਦਾ ਹੈ ਕਿ ਕੋਰੋਨਾ ਦਾ ਪ੍ਰਛਾਵਾਂ ਪੂਰੀ ਤਰ੍ਹਾਂ ਪੈ ਰਿਹਾ ਹੈ, ਜਿਸ ਕਾਰਨ ਮੰਗਲਵਾਰ ਸੈਂਟਰ ’ਤੇ ਲਾਇਸੈਂਸ ਬਣਵਾਉਣ ਆਏ ਬਿਨੈਕਾਰਾਂ ਵਿਚੋਂ 5 ਕੋਰੋਨਾ ਪਾਜ਼ੇਟਿਵ ਪਾਏ ਗਏ, ਜਿਨ੍ਹਾਂ ਨੂੰ ਸਿਹਤ ਮੁਲਾਜ਼ਮਾਂ ਨੇ ਵਾਪਸ ਭੇਜ ਕੇ ਆਪਣੇ ਘਰਾਂ ਵਿਚ ਇਕਾਂਤਵਾਸ ਵਿਚ ਰਹਿਣ ਦੀ ਹਦਾਇਤ ਦਿੱਤੀ। ਜ਼ਿਕਰਯੋਗ ਹੈ ਕਿ ਸੈਂਟਰ ਵਿਚ ਲਾਇਸੈਂਸ ਬਣਵਾਉਣ ਲਈ ਆਉਣ ਵਾਲੇ ਹਰੇਕ ਬਿਨੈਕਾਰ ਦੇ ਕੋਰੋਨਾ ਟੈਸਟ ਦੀ ਜਾਂਚ ਲਈ ਰੋਜ਼ਾਨਾ ਸਿਹਤ ਮਹਿਕਮੇ ਦੀ ਟੀਮ ਤਾਇਨਾਤ ਹੁੰਦੀ ਹੈ, ਜਿਹੜੀ ਬਿਨੈਕਾਰ ਦਾ ਸੈਂਪਲ ਲੈ ਕੇ ਉਸ ਦੀ ਜਾਂਚ ਕਰਦੀ ਹੈ। ਜਿਹੜੇ ਬਿਨੈਕਾਰਾਂ ਦੀ ਕੋਰੋਨਾ ਰਿਪੋਰਟ ਨੈਗੇਟਿਵ ਆਉਂਦੀ ਹੈ, ਸਿਰਫ਼ ਉਨ੍ਹਾਂ ਬਿਨੈਕਾਰਾਂ ਨੂੰ ਲਾਇਸੈਂਸ ਪ੍ਰਕਿਰਿਆ ਨੂੰ ਪੂਰੀ ਕਰਨ ਲਈ ਸੈਂਟਰ ਦੇ ਅੰਦਰ ਜਾਣ ਦਿੱਤਾ ਜਾਂਦਾ ਹੈ।
ਇਹ ਵੀ ਪੜ੍ਹੋ: 'ਲਵ ਮੈਰਿਜ' ਕਰਵਾਉਣ ਦੀ ਭਰਾ ਨੇ ਦਿੱਤੀ ਖ਼ੌਫ਼ਨਾਕ ਸਜ਼ਾ, ਦੋਸਤ ਨਾਲ ਮਿਲ ਕੇ ਗੋਲ਼ੀਆਂ ਮਾਰ ਕੀਤਾ ਭੈਣ ਦਾ ਕਤਲ
ਪਰ ਸੈਂਟਰ ਵਿਚ ਬਿਨੈਕਾਰਾਂ ਦੀ ਰੋਜ਼ਾਨਾ ਲੱਗਣ ਵਾਲੀ ਭੀੜ ਕਾਰਨ ਹਾਲਾਤ ਬੇਹੱਦ ਨਾਜ਼ੁਕ ਬਣੇ ਰਹਿੰਦੇ ਹਨ। ਉਂਝ ਤਾਂ ਸੈਂਟਰ ਦੇ ਅੰਦਰ ਸੋਸ਼ਲ ਡਿਸਟੈਂਸ ਅਤੇ ਫੇਸ ਮਾਸਕ ਵਰਗੀਆਂ ਗਾਈਡਲਾਈਨਜ਼ ਦੀ ਪਾਲਣਾ ਨੂੰ ਯਕੀਨੀ ਬਣਾਇਆ ਜਾਂਦਾ ਹੈ ਪਰ ਸੈਂਟਰ ਦੇ ਬਾਹਰ ਬਿਨੈਕਾਰਾਂ ਦੀ ਭੀੜ ਕੋਵਿਡ ਨਿਯਮਾਂ ਦੀ ਜੰਮ ਕੇ ਉਲੰਘਣਾ ਕਰਦੀ ਵੇਖੀ ਜਾ ਸਕਦੀ ਹੈ। ਲੋਕ ਆਪਣੀ ਵਾਰੀ ਦੀ ਉਡੀਕ ਵਿਚ ਕਈ-ਕਈ ਘੰਟੇ ਲਾਈਨ ਵਿਚ ਖੜ੍ਹੇ ਰਹਿੰਦੇ ਹਨ ਪਰ ਅਜਿਹੇ ਹਾਲਾਤ ਵਿਚ ਜਿਹੜੇ ਬਿਨੈਕਾਰ ਕੋਰੋਨਾ ਪਾਜ਼ੇਟਿਵ ਪਾਏ ਜਾਂਦੇ ਹਨ, ਉਹ ਵੀ ਆਮ ਲੋਕਾਂ ਵਾਂਗ ਇਸ ਸਮੇਂ ਤੱਕ ਭੀੜ ਦਾ ਹਿੱਸਾ ਬਣੇ ਰਹਿੰਦੇ ਹਨ, ਜਦੋਂ ਤੱਕ ਉਨ੍ਹਾਂ ਦਾ ਸੈਂਟਰ ਦੇ ਮੁੱਖ ਦਰਵਾਜ਼ੇ ਨੇੜੇ ਤਾਇਨਾਤ ਸਿਹਤ ਵਿਭਾਗ ਦੀ ਟੀਮ ਵੱਲੋਂ ਸੈਂਪਲ ਲੈ ਕੇ ਜਾਂਚ ਨਹੀਂ ਕਰ ਲਈ ਜਾਂਦੀ।
ਇਹ ਵੀ ਪੜ੍ਹੋ: ਜਲੰਧਰ: ਕੋਰੋਨਾ ਨੇ ਖ਼ੂਨ ਦੇ ਰਿਸ਼ਤੇ ’ਚ ਪੈਦਾ ਕੀਤੀਆਂ ਦੂਰੀਆਂ, ਸ਼ਮਸ਼ਾਨਘਾਟਾਂ 'ਚੋਂ ਸਾਹਮਣੇ ਆ ਰਹੀਆਂ ਦਰਦਨਾਕ ਤਸਵੀਰਾਂ
ਮੰਗਲਵਾਰ ਵੀ ਜਿਹੜੇ 5 ਬਿਨੈਕਾਰ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ, ਉਹ ਵੀ ਪਤਾ ਨਹੀਂ ਕਿੰਨਾ ਸਮਾਂ ਹੋਰ ਬਿਨੈਕਾਰਾਂ ਦੀ ਭੀੜ ਦਾ ਹਿੱਸਾ ਬਣੇ ਰਹੇ ਸਨ। ਜੇਕਰ ਇਨ੍ਹਾਂ 5 ਲੋਕਾਂ ਤੋਂ ਕੋਰੋਨਾ ਇਨਫੈਕਸ਼ਨ ਨੇ ਹੋਰ ਲੋਕਾਂ ਨੂੰ ਆਪਣੀ ਲਪੇਟ ਵਿਚ ਲੈ ਲਿਆ ਹੋਵੇ ਤਾਂ ਖੁਦ ਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਕੋਰੋਨਾ ਦੀ ਚੇਨ ਕਿੰਨੀ ਲੰਬੀ ਹੋ ਜਾਵੇਗੀ।
ਤਹਿਸੀਲ ਕੰਪਲੈਕਸ ’ਚ ਵੀ ਕੋਵਿਡ ਨਿਯਮਾਂ ਨਾਲ ਜੰਮ ਕੇ ਹੁੰਦੈ ਖਿਲਵਾੜ
ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਵਿਚ ਸਥਿਤ ਤਹਿਸੀਲ ਕੰਪਲੈਕਸ ਵਿਚ ਵੀ ਕੋਵਿਡ ਨਿਯਮਾਂ ਨਾਲ ਜੰਮ ਕੇ ਖਿਲਵਾੜ ਹੁੰਦਾ ਹੈ। ਕੰਪਲੈਕਸ ਵਿਚ ਬਣੇ ਅਰਜ਼ੀਨਵੀਸਾਂ ਅਤੇ ਏਜੰਟਾਂ ਦੇ ਬੂਥਾਂ ’ਤੇ ਸਬਜ਼ੀ ਮੰਡੀ ਵਰਗੇ ਦ੍ਰਿਸ਼ ਆਮ ਵੇਖੇ ਜਾ ਸਕਦੇ ਹਨ। ਛੋਟੇ-ਛੋਟੇ ਬੂਥਾਂ ’ਤੇ 8-10 ਲੋਕਾਂ ਦੀ ਭੀੜ ਜਮ੍ਹਾ ਰਹਿੰਦੀ ਹੈ, ਜਿਹੜੇ ਪ੍ਰਾਪਰਟੀ ਦੀ ਰਜਿਸਟਰੀ, ਵਸੀਅਤ, ਇੰਤਕਾਲ, ਬਿਆਨਾ ਆਦਿ ਕੰਮਾਂ ਸਬੰਧੀ ਆਏ ਹੁੰਦੇ ਹਨ।
ਇਸ ਦੌਰਾਨ ਭੀੜ ਵਿਚ ਸ਼ਾਮਲ ਲੋਕ ਫੇਸ ਮਾਸਕ ਪਹਿਨਣਾ ਵੀ ਆਪਣੀ ਸ਼ਾਨ ਦੇ ਖ਼ਿਲਾਫ਼ ਸਮਝਦੇ ਹਨ ਅਤੇ ਬਿਨਾਂ ਮਾਸਕ ਪਹਿਨੀ ਅਤੇ ਝੁੰਡ ਬਣਾ ਕੇ ਜਗ੍ਹਾ-ਜਗ੍ਹਾ ਬੈਠੇ ਨਜ਼ਰ ਆਉਂਦੇ ਹਨ। ਅਜਿਹੇ ਹੀ ਹਾਲਾਤ ਪ੍ਰਸ਼ਾਸਕੀ ਕੰਪਲੈਕਸ ਦੇ ਮੁੱਖ ਗੇਟ ’ਤੇ ਬਣੇ ਪਾਰਕਿੰਗ ਸਥਾਨ ’ਤੇ ਖੁੱਲ੍ਹੇ ਵਿਚ ਬੈਂਚ ਲਾ ਕੇ ਬੈਠੇ ਏਜੰਟਾਂ ਦੇ ਕਾਊਂਟਰਾਂ ’ਤੇ ਵੀ ਆਮ ਦੇਖਣ ਨੂੰ ਮਿਲਦੇ ਹਨ। ਜੇਕਰ ਪ੍ਰਸ਼ਾਸਕੀ ਅਧਿਕਾਰੀ ਤਹਿਸੀਲ ਕੰਪਲੈਕਸ ਵਿਚ ਹੀ ਕੋਵਿਡ ਗਾਈਡਲਾਈਨਜ਼ ਨੂੰ ਲਾਗੂ ਕਰਵਾਉਣ ਵਿਚ ਅਸਫ਼ਲ ਸਾਬਿਤ ਹੋ ਰਹੇ ਹਨ ਤਾਂ ਕੋਵਿਡ ਨਿਯਮਾਂ ਦੇ ਪਾਲਣ ਸਬੰਧੀ ਜ਼ਿਲ੍ਹੇ ਭਰ ਦੀ ਜਨਤਾ ਤੋਂ ਕੀ ਉਮੀਦ ਰੱਖੀ ਜਾ ਸਕੇਗੀ।
ਇਹ ਵੀ ਪੜ੍ਹੋ: ਜਲੰਧਰ: ਲਾਕਡਾਊਨ ਦੌਰਾਨ ਬੱਸਾਂ 'ਚ ਸਫ਼ਰ ਕਰਨ ਵਾਲੇ ਮੁਸਾਫ਼ਰਾਂ ਲਈ ਪੰਜਾਬ ਰੋਡਵੇਜ਼ ਨੇ ਦਿੱਤੀ ਵੱਡੀ ਸਹੂਲਤ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
ਜਲੰਧਰ: ਮਾਡਲ ਟਾਊਨ ਦੇ ਇਕ ਪਰਿਵਾਰ ਦੇ 8 ਮੈਂਬਰਾਂ ਸਣੇ 590 ਪਾਜ਼ੇਟਿਵ, 9 ਨੇ ਤੋੜਿਆ ਦਮ
NEXT STORY