ਜਲੰਧਰ (ਖੁਰਾਣਾ) – ਕਰੋੜਾਂ ਰੁਪਏ ਖਰਚ ਕਰਨ ਅਤੇ ਕਈ ਯਤਨਾਂ ਦੇ ਬਾਵਜੂਦ ਸ਼ਹਿਰ ਵਿਚ ਨਾ ਤਾਂ ਸਾਫ-ਸਫਾਈ ਅਤੇ ਕੂੜੇ ਦੀ ਸਮੱਸਿਆ ਖਤਮ ਹੋ ਰਹੀ ਹੈ ਅਤੇ ਨਾ ਹੀ ਸੜਕਾਂ ਦੇ ਕਿਨਾਰੇ ਲੱਗਣ ਵਾਲੇ ਕੂੜੇ ਦੇ ਡੰਪ ਸਥਾਨ ਦੀ ਸਮੱਸਿਆ ਦਾ ਹੱਲ ਹੋ ਰਿਹਾ ਹੈ, ਜਿਸ ਕਾਰਣ ਕਾਂਗਰਸ ਪਾਰਟੀ ਨੂੰ ਕਾਫੀ ਨਾਮੋਸ਼ੀ ਝੱਲਣੀ ਪੈ ਰਹੀ ਹੈ।
ਇਸ ਨਾਮੋਸ਼ੀ ਕਾਰਣ ਪਿਛਲੇ ਦਿਨੀਂ ਵਿਧਾਇਕ ਪਰਗਟ ਸਿੰਘ, ਮੇਅਰ ਜਗਦੀਸ਼ ਰਾਜਾ ਅਤੇ ਨਿਗਮ ਕਮਿਸ਼ਨਰ ਕਰਣੇਸ਼ ਸ਼ਰਮਾ ਨੇ ਸੈਨੀਟੇਸ਼ਨ ਕਮੇਟੀ ਦੇ ਚੇਅਰਮੈਨ ਬਲਰਾਜ ਠਾਕੁਰ ਨੂੰ ਨਾਲ ਲੈ ਕੇ ਕਈ ਯੋਜਨਾਵਾਂ 'ਤੇ ਵਿਚਾਰ ਕੀਤਾ ਸੀ, ਜਿਸ ਤਹਿਤ ਮੇਨ ਸੜਕਾਂ ਤੋਂ ਕੂੜੇ ਦੇ ਡੰਪ ਹਟਾਏ ਜਾਣ ਜਾਂ ਸ਼ਿਫਟ ਕਰਨ ਦੀ ਯੋਜਨਾ 'ਤੇ ਚਰਚਾ ਹੋਈ ਸੀ। ਇਸ ਚਰਚਾ ਦੌਰਾਨ ਇਹ ਪ੍ਰਪੋਜ਼ਲ ਵੀ ਬਣਾਈ ਗਈ ਸੀ ਕਿ ਮਾਡਲ ਟਾਊਨ ਸ਼ਮਸ਼ਾਨਘਾਟ ਦੇ ਸਾਹਮਣੇ ਲੱਗਣ ਵਾਲੇ ਡੰਪ ਨੂੰ ਜਾਂ ਤਾਂ ਸ਼ਮਸ਼ਾਨਘਾਟ ਦੇ ਪਿੱਛੇ ਪੈਂਦੀ ਜਗ੍ਹਾ 'ਤੇ ਸ਼ਿਫਟ ਕਰ ਦਿੱਤਾ ਜਾਵੇ ਜਾਂ ਇਸ ਨੂੰ ਸੀਵਰੇਜ ਬੋਰਡ ਰੈਸਟ ਹਾਊਸ ਅਤੇ ਮਾਡਲ ਟਾਊਨ ਟੈਲੀਫੋਨ ਐਕਸਚੇਂਜ ਵਿਚਕਾਰ ਪੈਂਦੀ ਜਗ੍ਹਾ 'ਤੇ ਲਿਜਾਇਆ ਜਾਵੇ। ਹੁਣ ਇਨ੍ਹਾਂ ਦੋਵਾਂ ਹੀ ਪ੍ਰਪੋਜ਼ਲਾਂ 'ਤੇ ਬਖੇੜਾ ਖੜ੍ਹਾ ਹੋ ਗਿਆ ਹੈ।
ਇਕ ਪਾਸੇ ਜਿੱਥੇ ਗਾਰਡਨ ਕਾਲੋਨੀ ਅਤੇ ਆਸ-ਪਾਸ ਦੇ ਵਾਸੀਆਂ ਨੇ ਅੱਜ ਰੋਸ ਪ੍ਰਦਰਸ਼ਨ ਕੀਤਾ ਅਤੇ ਸ਼ਮਸ਼ਾਨਘਾਟ ਦੇ ਪਿੱਛੇ ਡੰਪ ਸ਼ਿਫਟ ਕਰਨ 'ਤੇ ਵਿਰੋਧ ਜਤਾਇਆ, ਉਥੇ ਹੀ ਕੌਂਸਲਰ ਅਰੁਣਾ ਅਰੋੜਾ ਅਤੇ ਉਨ੍ਹਾਂ ਦੇ ਪਤੀ ਮਨੋਜ ਅਰੋੜਾ ਨੇ ਸੀਵਰੇਜ ਬੋਰਡ ਰੈਸਟ ਹਾਊਸ ਨਾਲ ਲੱਗਦੀ ਜਗ੍ਹਾ 'ਤੇ ਡੰਪ ਸ਼ਿਫਟ ਕਰਨ ਦਾ ਜ਼ੋਰਦਾਰ ਵਿਰੋਧ ਕਰਦੇ ਹੋਏ ਕਿਹਾ ਕਿ ਉਹ ਆਪਣੇ ਘਰ ਦੀ ਕੰਧ ਦੇ ਠੀਕ ਪਿੱਛੇ ਡੰਪ ਸ਼ਿਫਟ ਨਹੀਂ ਹੋਣ ਦੇਣਗੇ। ਉਨ੍ਹਾਂ ਕਿਹਾ ਕਿ ਜੀ. ਟੀ. ਬੀ. ਨਗਰ ਅਤੇ ਮਾਡਲ ਟਾਊਨ ਸਾਰਾ ਰਿਹਾਇਸ਼ੀ ਅਤੇ ਪਾਸ਼ ਖੇਤਰ ਹੈ, ਜਿੱਥੇ 8 ਵਾਰਡਾਂ ਦਾ ਕੂੜਾ-ਕਰਕਟ ਬਿਲਕੁਲ ਨਹੀਂ ਆਉਣ ਦਿੱਤਾ ਜਾਵੇਗਾ ਅਤੇ ਇਸ ਡੰਪ ਦਾ ਹਰ ਪੱਧਰ 'ਤੇ ਵਿਰੋਧ ਕੀਤਾ ਜਾਵੇਗਾ। ਇਸ ਮਾਮਲੇ ਵਿਚ ਮਨੋਜ ਅਰੋੜਾ ਨੇ ਵੀ ਕਾਫੀ ਜਜ਼ਬਾਤੀ ਹੋ ਕੇ ਬਿਆਨ ਦਿੱਤਾ ਕਿ ਉਹ ਕਿਸੇ ਕੀਮਤ 'ਤੇ ਇਸ ਖੇਤਰ ਵਿਚ ਡੰਪ ਸ਼ਿਫਟ ਨਹੀਂ ਹੋਣ ਦੇਣਗੇ। ਪਤਾ ਲੱਗਾ ਹੈ ਕਿ ਕੌਂਸਲਰ ਅਰੁਣਾ ਅਰੋੜਾ ਨੇ ਇਸ ਮਾਮਲੇ 'ਚ ਮੇਅਰ ਨੂੰ ਵੀ ਆਪਣੇ ਵਿਰੋਧ ਤੋਂ ਜਾਣੂ ਕਰਵਾ ਦਿੱਤਾ ਹੈ।
ਇਕ ਪਾਸੇ ਬਿਊਟੀਫਿਕੇਸ਼ਨ, ਦੂਜੇ ਪਾਸੇ ਡੰਪ, ਮਾਮਲਾ ਸਮਝ ਤੋਂ ਪਰ੍ਹੇ : ਪੱਪੀ ਅਰੋੜਾ
ਇਸ ਦੌਰਾਨ ਪਤਾ ਲੱਗਾ ਹੈ ਕਿ ਨਗਰ ਨਿਗਮ ਨੇ ਮਾਡਲ ਟਾਊਨ ਡੇਅਰੀਆਂ ਵਾਲੇ ਚੌਕ ਤੋਂ ਲੈ ਕੇ ਮੈਨਬਰੋ ਚੌਕ ਤੱਕ ਦੇ ਡਿਵਾਈਡਰ ਦੀ ਬਿਊਟੀਫਿਕੇਸ਼ਨ ਦਾ ਕੰਮ ਲੈਂਡਮਾਰਕ ਕਾਲੋਨਾਈਜ਼ਰ ਗਰੁੱਪ ਨੂੰ ਸੌਂਪਣ ਬਾਰੇ ਪ੍ਰਕਿਰਿਆ ਚਲਾ ਰੱਖੀ ਹੈ। ਇਸੇ ਗਰੁੱਪ ਦੇ ਐੱਮ. ਡੀ. ਪੱਪੀ ਅਰੋੜਾ ਨੇ ਡੰਪ ਦੀ ਪ੍ਰਪੋਜ਼ਲ 'ਤੇ ਕਿਹਾ ਕਿ ਇਕ ਪਾਸੇ ਤਾਂ ਨਿਗਮ ਇਸ ਖੇਤਰ ਦੀ ਬਿਊਟੀਫਿਕੇਸ਼ਨ ਦੀਆਂ ਗੱਲਾਂ ਕਰ ਰਿਹਾ ਹੈ, ਜਦਕਿ ਦੂਜੇ ਪਾਸੇ ਇਥੇ ਡੰਪ ਸ਼ਿਫਟ ਕਰਨ ਦਾ ਪਲਾਨ ਬਣਾਇਆ ਜਾ ਰਿਹਾ ਹੈ, ਜੋ ਸਮਝ ਤੋਂ ਪਰ੍ਹੇ ਹੈ। ਉਨ੍ਹਾਂ ਕਿਹਾ ਕਿ ਸਮਾਰਟ ਸਿਟੀ ਯੋਜਨਾ ਤਹਿਤ ਇਸ ਸਾਰੇ ਖੇਤਰ ਨੂੰ ਸੁੰਦਰ ਬਣਾਉਣ ਵੱਲ ਫੋਕਸ ਕੀਤਾ ਜਾਣਾ ਚਾਹੀਦਾ ਹੈ, ਨਾ ਕਿ ਇਸ ਖੇਤਰ 'ਚ ਡੰਪ ਬਣਾ ਕੇ ਲੋਕਾਂ ਦੀਆਂ ਸਮੱਸਿਆਵਾਂ ਵਿਚ ਵਾਧਾ ਕਰਨਾ ਚਾਹੀਦਾ ਹੈ।
60 ਸਾਲਾ ਬਜ਼ੁਰਗ ਬੀਬੀ ਨੇ ਸਰਪੰਚ ਤੇ ਇਕ ਹੋਰ ਵਿਅਕਤੀ 'ਤੇ ਲਾਏ ਕੁੱਟਮਾਰ ਕਰਨ ਦੇ ਦੋਸ਼
NEXT STORY