ਹਰਿਆਣਾ (ਰੱਤੀ) - ਕੰਢੀ ਦੇ ਪਹਾੜੀ ਇਲਾਕੇ ’ਚ ਪਏ ਭਾਰੀ ਮੀਂਹ ਕਾਰਨ ਹਰਿਆਣਾ-ਜਨੋੜੀ ਰੋਡ 'ਤੇ ਸਥਿਤ ਪਿੰਡ ਚਮਾਰ ਛੱਪੜੀ ਨੇੜੇ ਪੈਂਦੀ ਖੱਡ ’ਚ ਅਚਾਨਕ ਪਾਣੀ ਦਾ ਬਹਾਅ ਤੇਜ਼ ਹੋ ਗਿਆ। ਇਸ ਕਾਰਨ ਲੱਕੜ ਨਾਲ ਲੱਦੀ ਇਕ ਟਰੈਕਟਰ-ਟਰਾਲੀ ਖੱਡ ਵਿੱਚ ਫਸ ਗਈ ਅਤੇ ਬਾਲ-ਬਾਲ ਬਚੀ। ਹਾਲਾਂਕਿ, ਇਸ ਹਾਦਸੇ ’ਚ ਟਰਾਲੀ ’ਤੇ ਲੱਦੀ ਕਾਫ਼ੀ ਲੱਕੜ ਪਾਣੀ ਦੇ ਤੇਜ਼ ਵਹਾਅ ਵਿੱਚ ਰੁੜ੍ਹ ਗਈ ਅਤੇ ਟਰੈਕਟਰ-ਟਰਾਲੀ ਚਿੱਕੜ ’ਚ ਬੁਰੇ ਤਰੀਕੇ ਨਾਲ ਧੱਸ ਗਈ।
ਜਾਣਕਾਰੀ ਮੁਤਾਬਕ ਪਿੰਡ ਡੰਡੋਹ ਦਾ ਰਹਿਣ ਵਾਲਾ ਸੰਦੀਪ ਸਿੰਘ ਲੱਕੜ ਨਾਲ ਲੱਦੀ ਟਰੈਕਟਰ-ਟਰਾਲੀ ਨੂੰ ਕੱਚੇ ਰਸਤੇ ਰਾਹੀਂ ਮੇਨ ਰੋਡ ਵੱਲ ਲੈ ਕੇ ਜਾ ਰਿਹਾ ਸੀ। ਉਸ ਨੇ ਦੱਸਿਆ ਕਿ ਜਿਵੇਂ ਹੀ ਉਹ ਖੱਡ ਵਿੱਚੋਂ ਲੰਘਣ ਲੱਗਾ, ਤਾਂ ਕੁਝ ਹੀ ਮਿੰਟਾਂ ’ਚ ਪਹਾੜੀ ਪਾਣੀ ਆਉਣ ਨਾਲ ਖੱਡ ’ਚ ਬਹਾਅ ਬੇਹੱਦ ਤੇਜ਼ ਹੋ ਗਿਆ। ਚਾਲਕ ਵੱਲੋਂ ਕਾਫ਼ੀ ਜੱਦੋ-ਜਹਿਦ ਕਰਨ ਦੇ ਬਾਵਜੂਦ ਟਰੈਕਟਰ ਬਾਹਰ ਨਹੀਂ ਨਿਕਲ ਸਕਿਆ, ਜਿਸ ਦੌਰਾਨ ਟਰਾਲੀ ’ਤੇ ਲੱਦੀ ਲੱਕੜ ਪਾਣੀ 'ਚ ਰੁੜ੍ਹ ਗਈ, ਜਿਸ ਨਾਲ ਉਸ ਦਾ ਭਾਰੀ ਆਰਥਿਕ ਨੁਕਸਾਨ ਹੋਇਆ।
ਟਰੈਕਟਰ ਚਾਲਕ ਸੰਦੀਪ ਸਿੰਘ ਨੇ ਦੱਸਿਆ ਕਿ ਖੱਡ ਦੇ ਆਲੇ-ਦੁਆਲੇ ਦੇ ਲੋਕਾਂ ਵੱਲੋਂ ਨਾਜਾਇਜ਼ ਕਬਜ਼ੇ ਕਰਕੇ ਖੱਡ ਦਾ ਕੁਦਰਤੀ ਰਸਤਾ ਕਾਫ਼ੀ ਹੱਦ ਤੱਕ ਬੰਦ ਕਰ ਦਿੱਤਾ ਗਿਆ ਹੈ। ਇਹੋ ਰਸਤਾ ਉਸ ਦੇ ਘਰ ਨੂੰ ਆਉਣ-ਜਾਣ ਦਾ ਮੁੱਖ ਮਾਰਗ ਹੈ ਅਤੇ ਬਰਸਾਤਾਂ ’ਚ ਪਿੰਡ ਡੰਡੋਹ ਦੀ ਖੱਡ ਦਾ ਪਾਣੀ ਵੀ ਇਸੇ ਲੰਘੇ ਰਸਤੇ ’ਚੋਂ ਗੁਜ਼ਰਦਾ ਹੈ। ਰਸਤਾ ਤੰਗ ਹੋਣ ਕਰ ਕੇ ਅਚਾਨਕ ਆਏ ਪਾਣੀ ਨੇ ਵਿਕਰਾਲ ਰੂਪ ਧਾਰਨ ਕਰ ਲਿਆ।
ਜਲੰਧਰ ਤੋਂ ਵੱਡੀ ਖਬਰ: ਐਕਸਾਈਜ਼ ਟੀਮ ਤੇ ਨਸ਼ਾ ਤਸਕਰ ਵਿਚਾਲੇ ਚੱਲੀਆਂ ਗੋਲੀਆਂ, ਇਲਾਕੇ 'ਚ ਤਣਾਅ ਦਾ ਮਾਹੌਲ
NEXT STORY