ਜਲੰਧਰ (ਸੁਧੀਰ)— ਪੰਜਾਬ ਸਰਕਾਰ ਵੱਲੋਂ ਜਾਰੀ ਕੀਤੀ ਗਈ ਤਬਾਦਲਿਆਂ ਦੀ ਨਵੀਂ ਸੂਚੀ ਅਨੁਸਾਰ ਅੱਜ ਨਰੇਸ਼ ਡੋਗਰਾ (ਡੀ. ਸੀ. ਪੀ. ਲਾਅ ਐਂਡ ਆਰਡਰ) ਅਤੇ ਅਮਰੀਕ ਸਿੰਘ ਪਵਾਰ ਨੇ ਡੀ. ਸੀ. ਪੀ. (ਇਨਵੈਸਟੀਗੇਸ਼ਨ) ਅਤੇ ਅਰੁਣ ਸੈਣੀ ਨੇ ਡੀ. ਸੀ. ਪੀ. ਹੈੱਡ ਕੁਆਰਟਰ ਦਾ ਚਾਰਜ ਸੰਭਾਲ ਲਿਆ ਹੈ। ਚਾਰਜ ਸੰਭਾਲਣ ਤੋਂ ਪਹਿਲਾਂ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਸਾਰੇ ਨਵੇਂ ਅਧਿਕਾਰੀਆਂ ਨਾਲ ਕਰੀਬ ਇਕ ਘੰਟੇ ਤੱਕ ਸ਼ਹਿਰ 'ਚ ਲਾਅ ਐਂਡ ਆਰਡਰ ਨੂੰ ਯਕੀਨੀ ਬਣਾਉਣ ਅਤੇ ਸੋਢਲ ਮੇਲੇ 'ਚ ਸੁਰੱਖਿਆ ਪ੍ਰਬੰਧਾਂ ਬਾਰੇ ਮੀਟਿੰਗ ਕੀਤੀ, ਜਿਸ ਤੋਂ ਬਾਅਦ ਤਿੰਨਾਂ ਅਧਿਕਾਰੀਆਂ ਨੇ ਚਾਰਜ ਸੰਭਾਲਿਆ।
ਇਸ ਦੇ ਨਾਲ ਹੀ ਗੁਰਮੀਤ ਸਿੰਘ ਨੂੰ ਹੁਣ ਡੀ. ਸੀ. ਪੀ. (ਪੀ. ਬੀ. ਆਈ.) ਦਾ ਚਾਰਜ ਸੌਂਪਿਆ ਗਿਆ ਹੈ। ਉਥੇ ਹੁਣ ਜਲੰਧਰ ਕਮਿਸ਼ਨਰੇਟ ਸਿਸਟਮ 'ਚ ਕੁੱਲ 4 ਡੀ. ਸੀ. ਪੀ. ਤਾਇਨਾਤ ਰਹਿਣਗੇ, ਜਿਨ੍ਹਾਂ 'ਚ ਨਰੇਸ਼ ਡੋਗਰਾ, ਅਮਰੀਕ ਸਿੰਘ ਪਵਾਰ, ਅਰੁਣ ਸੈਣੀ ਅਤੇ ਗੁਰਮੀਤ ਸਿੰਘ ਸ਼ਾਮਲ ਹਨ। ਕਮਿਸ਼ਨਰੇਟ ਸਿਸਟਮ ਵਿਚ ਆਉਣ ਵਾਲੀਆਂ ਸ਼ਿਕਾਇਤਾਂ 'ਤੇ ਰੋਕ ਲਈ ਜ਼ਿੰਮੇਵਾਰੀ ਹੁਣ ਇਕ ਡੀ. ਸੀ. ਪੀ. ਦੇ ਹੱਥ ਵਿਚ ਨਹੀਂ ਸਗੋਂ 4 ਡੀ. ਸੀ. ਪੀ. ਨੂੰ ਵੰਡ ਕੇ ਸੌਂਪੀ ਜਾਵੇਗੀ। ਚਾਰੇ ਡੀ. ਸੀ. ਪੀ. ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਦੀ ਸੁਪਰਵਿਜ਼ਨ ਵਿਚ ਕੰਮ ਕਰ ਕੇ ਉਨ੍ਹਾਂ ਨੂੰ ਸ਼ਿਕਾਇਤਾਂ ਅਤੇ ਹੋਰ ਕੰਮਾਂ ਸਬੰਧੀ ਰਿਪੋਰਟ ਕਰਨਗੇ।
ਸ਼ਹਿਰ 'ਚ ਇਕੋ ਸਮੇਂ ਆਏ ਤਿੰਨ ਨਵੇਂ ਡੀ. ਸੀ. ਪੀ. ਨੂੰ ਕਮਰੇ ਦੇਣ ਲਈ ਪਹਿਲਾਂ ਤਾਂ ਕੁਝ ਦੇਰ ਭੱਜ-ਦੌੜ ਮਚੀ ਰਹੀ, ਜਿਸ ਤੋਂ ਬਾਅਦ ਅਧਿਕਾਰੀ ਆਪਣੇ ਕਮਰੇ ਦੇਖਣ ਲਈ ਕਮਿਸ਼ਨਰ ਦਫਤਰ ਵਿਚ ਉੱਪਰ-ਹੇਠਾਂ ਉਤਰਦੇ ਦਿਸੇ, ਜਿਸ ਤੋਂ ਬਾਅਦ ਡੀ. ਸੀ. ਪੀ. ਨਰੇਸ਼ ਡੋਗਰਾ ਨੂੰ ਤੀਜੀ ਮੰਜ਼ਿਲ 'ਤੇ, ਅਮਰੀਕ ਸਿੰਘ ਪਵਾਰ ਨੂੰ ਦੂਜੀ ਮੰਜ਼ਿਲ 'ਤੇ ਅਤੇ ਗੁਰਮੀਤ ਸਿੰਘ ਨੂੰ ਪਹਿਲੀ ਮੰਜ਼ਿਲ ਤੋਂ ਗਰਾਊਂਡ ਫਲੋਰ 'ਤੇ ਪੁਲਸ ਕਮਿਸ਼ਨਰ ਦਫਤਰ ਦੇ ਸਾਹਮਣੇ ਅਤੇ ਅਰੁਣ ਸੈਣੀ ਨੂੰ ਪਹਿਲੀ ਮੰਜ਼ਿਲ 'ਤੇ ਨਵੇਂ ਦਫਤਰ ਸੌਂਪੇ ਗਏ। ਜ਼ਿਕਰਯੋਗ ਹੈ ਕਿ ਨਰੇਸ਼ ਡੋਗਰਾ ਇਸ ਤੋਂ ਪਹਿਲਾਂ ਜਲੰਧਰ ਵਿਚ ਬਤੌਰ ਏ. ਸੀ. ਪੀ. ਸੈਂਟਰਲ ਤੇ ਬਾਅਦ ਵਿਚ ਏ. ਡੀ. ਸੀ. ਪੀ. ਸਿਟੀ-1 ਦੇ ਅਹੁਦੇ 'ਤੇ ਆਪਣੀਆਂ ਸੇਵਾਵਾਂ ਦੇ ਚੁੱਕੇ ਹਨ, ਜਿਸ ਤੋਂ ਬਾਅਦ ਫਿਲੌਰ ਅਕੈਡਮੀ ਵਿਚ ਬਤੌਰ ਕਮਾਂਡੈਂਟ ਤੇ ਬਾਅਦ ਵਿਚ ਹੁਣ ਉਹ ਜਲੰਧਰ ਦੇ ਪੀ. ਏ. ਪੀ. ਵਿਚ 27 ਬਟਾਲੀਅਨ ਵਿਚ ਬਤੌਰ ਕਮਾਂਡੈਂਟ ਸਨ।
'ਜਗ ਬਾਣੀ' ਨਾਲ ਖਾਸ ਗੱਲਬਾਤ ਵਿਚ ਉਨ੍ਹਾਂ ਦੱਸਿਆ ਕਿ ਜਲੰਧਰ ਨਾਲ ਉਨ੍ਹਾਂ ਦਾ ਪੁਰਾਣਾ ਨਾਤਾ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਬੇਹੱਦ ਖੁਸ਼ੀ ਹੈ ਕਿ ਪੰਜਾਬ ਸਰਕਾਰ ਵਲੋਂ ਉਨ੍ਹਾਂ ਨੂੰ ਡੀ. ਸੀ. ਪੀ. ਲਾਅ ਐਂਡ ਆਰਡਰ ਦਾ ਜਲੰਧਰ ਵਿਚ ਹੀ ਚਾਰਜ ਸੌਂਪਿਆ ਹੈ ਤੇ ਸ਼ਹਿਰ ਵਾਸੀਆਂ ਦੀ ਦੁਬਾਰਾ ਸੇਵਾ ਕਰਨ ਦਾ ਉਨ੍ਹਾਂ ਨੂੰ ਮੌਕਾ ਮਿਲਿਆ ਹੈ। ਉਥੇ ਡੀ. ਸੀ. ਪੀ. ਅਮਰੀਕ ਸਿੰਘ ਪਵਾਰ ਦਾ ਵੀ ਜਲੰਧਰ ਨਾਲ ਪੁਰਾਣਾ ਨਾਤਾ ਰਿਹਾ ਹੈ। ਇਸ ਤੋਂ ਪਹਿਲਾਂ ਉਹ ਜਲੰਧਰ ਵਿਚ ਬਤੌਰ ਏ. ਡੀ. ਸੀ. ਪੀ. ਸਿਟੀ-2 ਦੇ ਅਹੁਦੇ 'ਤੇ ਆਪਣੀਆਂ ਸੇਵਾਵਾਂ ਦੇ ਚੁੱਕੇ ਹਨ, ਜਿਸ ਤੋਂ ਬਾਅਦ ਉਨ੍ਹਾਂ ਨੂੰ ਪ੍ਰਮੋਟ ਕਰ ਕੇ ਡੀ. ਸੀ. ਪੀ. ਅੰਮ੍ਰਿਤਸਰ ਲਾਇਆ ਗਿਆ ਸੀ।
ਅਰੁਣ ਸੈਣੀ ਨੂੰ ਚੰਡੀਗੜ੍ਹ ਤੋਂ ਜਲੰਧਰ ਤਬਦੀਲ ਕੀਤਾ ਗਿਆ ਹੈ, ਜਦੋਂਕਿ ਗੁਰਮੀਤ ਸਿੰਘ ਪਹਿਲਾਂ ਹੀ ਜਲੰਧਰ ਵਿਚ ਆਪਣੀਆਂ ਸੇਵਾਵਾਂ ਦੇ ਰਹੇ ਹਨ। ਚਾਰਾਂ ਅਧਿਕਾਰੀਆਂ ਨੇ ਚਾਰਜ ਸੰਭਾਲਦਿਆਂ ਹੀ ਆਪਣੀ ਡਿਊਟੀ ਸ਼ੁਰੂ ਕਰ ਦਿੱਤੀ ਹੈ। ਪੁਲਸ ਕਮਿਸ਼ਨਰ ਨੇ ਨਵੇਂ ਅਧਿਕਾਰੀਆਂ ਨੂੰ ਮੀਟਿੰਗ ਤੋਂ ਬਾਅਦ ਵਧਾਈ ਦਿੰਦਿਆਂ ਈਮਾਨਦਾਰੀ ਅਤੇ ਮਿਹਨਤ ਨਾਲ ਕੰਮ ਕਰਨ ਦੀ ਪ੍ਰੇਰਣਾ ਦਿੱਤੀ।
ਰੋਡ 'ਤੇ ਹਾਈਵੋਲਟੇਜ਼ ਡਰਾਮਾ, ਵਿਆਹ ਕਰਵਾਉਣ ਤੋਂ ਮੁੱਕਰਣ 'ਤੇ ਪ੍ਰੇਮੀ ਨੂੰ ਸ਼ਰੇਆਮ ਜੜੇ ਥੱਪੜ
NEXT STORY