ਜਲੰਧਰ (ਖੁਰਾਣਾ)-ਵੈਸਟ ਵਿਧਾਨ ਸਭਾ ਹਲਕੇ ਵਿਚ ਆਉਂਦਾ ਲੈਦਰ ਕੰਪਲੈਕਸ, ਜੋ ਸੂਬੇ ਦੇ ਪ੍ਰਮੁੱਖ ਉਦਯੋਗਿਕ ਅਤੇ ਬਰਾਮਦ ਕੇਂਦਰਾਂ ਵਿਚ ਗਿਣਿਆ ਜਾਂਦਾ ਹੈ, ਪਿਛਲੇ ਕਈ ਸਾਲਾਂ ਤੋਂ ਸੀਵਰੇਜ ਜਾਮ ਦੀ ਗੰਭੀਰ ਸਮੱਸਿਆ ਨਾਲ ਜੂਝ ਰਿਹਾ ਹੈ। ਸਥਿਤੀ ਇਹ ਹੈ ਕਿ ਕਾਲਾ ਸੰਘਿਆਂ ਡਰੇਨ ਦੇ ਆਲੇ-ਦੁਆਲੇ ਦਾ ਪੂਰਾ ਇਲਾਕਾ ਗੰਦੇ ਅਤੇ ਬਦਬੂਦਾਰ ਪਾਣੀ ਨਾਲ ਨੱਕੋ-ਨੱਕ ਭਰਿਆ ਹੋਇਆ ਹੈ, ਜਿਸ ਨਾਲ ਇਥੇ ਨਰਕ ਵਰਗੇ ਹਾਲਾਤ ਬਣ ਚੁੱਕੇ ਹਨ।
ਹੈਰਾਨੀ ਦੀ ਗੱਲ ਇਹ ਹੈ ਕਿ ਸ਼ਹਿਰ ਦੇ ਹੋਰ ਹਿੱਸਿਆਂ ਵਿਚ ਜਿੱਥੇ ਸੁੰਦਰੀਕਰਨ ਅਤੇ ਵਿਕਾਸ ਕਾਰਜਾਂ ’ਤੇ ਤੇਜ਼ੀ ਨਾਲ ਕੰਮ ਹੋ ਰਿਹਾ ਹੈ, ਉੱਥੇ ਹੀ ਇਹ ਅਹਿਮ ਉਦਯੋਗਿਕ ਖੇਤਰ ਅੱਜ ਵੀ ਬੁਨਿਆਦੀ ਸਹੂਲਤਾਂ ਲਈ ਤਰਸ ਰਿਹਾ ਹੈ। ਨਗਰ ਨਿਗਮ ਦੀ ਕਾਰਜਪ੍ਰਣਾਲੀ ’ਤੇ ਸਵਾਲ ਉੱਠ ਰਹੇ ਹਨ ਕਿ ਆਖਿਰ ਕਿਉਂ ਇਸ ਇਲਾਕੇ ਨੂੰ ਲਗਾਤਾਰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ: 8 ਅਪ੍ਰੈਲ ਲਈ ਹੋਇਆ ਵੱਡਾ ਐਲਾਨ! ਪੰਜਾਬ ਦਾ ਇਹ ਮਸ਼ਹੂਰ ਹਾਈਵੇਅ ਰਹੇਗਾ...
ਲੈਦਰ ਕੰਪਲੈਕਸ ਦੇ ਉਸ ਹਿੱਸੇ ਵਿਚ ਜਿੱਥੇ ਕੈਬਨਿਟ ਮੰਤਰੀ ਮਹਿੰਦਰ ਭਗਤ ਦੀ ਆਪਣੀ ਸਪੋਰਟਸ ਫੈਕਟਰੀ ਮੌਜੂਦ ਹੈ ਅਤੇ ਜੇ. ਜੇ. ਜੋਨੈਕਸ, ਸਾਕੇ ਸਪੋਰਟਸ, ਰਤਨ ਬ੍ਰਦਰਜ਼ ਵਰਗੇ ਵੱਡੇ-ਵੱਡੇ ਮੈਨੂਫੈਕਚਰਿੰਗ ਅਤੇ ਬਰਾਮਦ ਯੂਨਿਟ ਹਨ, ਉੱਥੇ ਸੜਕਾਂ ’ਤੇ ਜਮ੍ਹਾ ਸੀਵਰੇਜ ਦਾ ਗੰਦਾ ਪਾਣੀ ਹੁਣ ਪੱਕੀ ਸਮੱਸਿਆ ਬਣ ਚੁੱਕਾ ਹੈ। ਕਈ ਥਾਵਾਂ ’ਤੇ ਪਾਣੀ ਕਈ-ਕਈ ਫੁੱਟ ਤੱਕ ਜਮ੍ਹਾ ਹੈ, ਜਿਸ ਕਾਰਨ ਫੈਕਟਰੀਆਂ ਤੱਕ ਪਹੁੰਚਣਾ ਵੀ ਮੁਸ਼ਕਿਲ ਹੋ ਗਿਆ ਹੈ। ਉਦਯੋਗਪਤੀਆਂ ਅਤੇ ਕਰਮਚਾਰੀਆਂ ਨੂੰ ਰੋਜ਼ਾਨਾ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਪਰ ਇਸ ਦੇ ਬਾਵਜੂਦ ਨਿਗਮ ਵੱਲੋਂ ਕੋਈ ਠੋਸ ਕਦਮ ਨਹੀਂ ਚੁੱਕਿਆ ਜਾ ਰਿਹਾ।

ਜਾਣਕਾਰਾਂ ਅਨੁਸਾਰ ਸੀਵਰ ਲਾਈਨਾਂ ਵਿਚ ਭਾਰੀ ਮਾਤਰਾ ਵਿਚ ਗਾਰ ਜਮ੍ਹਾ ਹੋਣ ਕਾਰਨ ਪੂਰਾ ਸਿਸਟਮ ਲਗਭਗ ਠੱਪ ਹੋ ਚੁੱਕਾ ਹੈ। ਪਹਿਲਾਂ ਇਸ ਪਾਣੀ ਨੂੰ ਬਰਸਾਤੀ ਡਰੇਨ ਰਾਹੀਂ ਕੱਢਿਆ ਜਾਂਦਾ ਸੀ, ਪਰ ਉਹ ਸਿਸਟਮ ਬੰਦ ਹੋਣ ਤੋਂ ਬਾਅਦ ਸਮੱਸਿਆ ਹੋਰ ਭਿਆਨਕ ਹੋ ਗਈ ਹੈ। ਇਸ ਦੇ ਬਾਵਜੂਦ ਨਗਰ ਨਿਗਮ ਵੱਲੋਂ ਨਾ ਤਾਂ ਕੋਈ ਪੱਕਾ ਹੱਲ ਕੀਤਾ ਜਾ ਰਿਹਾ ਹੈ ਅਤੇ ਨਾ ਹੀ ਆਰਜ਼ੀ ਰਾਹਤ ਲਈ ਨਿਯਮਿਤ ਪੰਪਿੰਗ ਕੀਤੀ ਜਾ ਰਹੀ ਹੈ। ਸਥਿਤੀ ਇੰਨੀ ਖਰਾਬ ਹੋ ਚੁੱਕੀ ਹੈ ਕਿ ਗੰਦਾ ਪਾਣੀ ਹੁਣ ਫੈਕਟਰੀਆਂ ਦੇ ਅੰਦਰ ਤੱਕ ਪਹੁੰਚਣ ਲੱਗਾ ਹੈ ਅਤੇ ਇਮਾਰਤਾਂ ਦੀਆਂ ਕੰਧਾਂ ਨੂੰ ਵੀ ਨੁਕਸਾਨ ਪਹੁੰਚਾ ਰਿਹਾ ਹੈ। ਚਿੱਕੜ ਅਤੇ ਬਦਬੂ ਕਾਰਨ ਉਤਪਾਦਨ ਪ੍ਰਭਾਵਿਤ ਹੋ ਰਿਹਾ ਹੈ, ਉੱਥੇ ਹੀ ਹਜ਼ਾਰਾਂ ਦੀ ਗਿਣਤੀ ਵਿਚ ਕੰਮ ਕਰਨ ਵਾਲੇ ਮਜ਼ਦੂਰਾਂ ਨੂੰ ਗੰਦੇ ਪਾਣੀ ਵਿਚੋਂ ਲੰਘਣਾ ਪੈਂਦਾ ਹੈ।
ਇਹ ਵੀ ਪੜ੍ਹੋ: ਪੰਜਾਬ: ਨਸ਼ੇ ਦੀ ਭੇਟ ਚੜ੍ਹੇ ਇਕੋ ਮਾਂ ਦੇ 4 ਪੁੱਤ, 5ਵਾਂ ਮੰਜੇ 'ਤੇ, ਰੋਂਦੀ-ਕਰਲਾਉਂਦੀ ਮਾਂ ਪਾ ਰਹੀਆਂ ਦੁਹਾਈਆਂ...
ਇਹ ਇਲਾਕਾ ਅੰਤਰਰਾਸ਼ਟਰੀ ਪੱਧਰ ’ਤੇ ਪਛਾਣ ਰੱਖਣ ਵਾਲੇ ਕਈ ਬਰਾਮਦ ਯੂਨਿਟਾਂ ਦਾ ਕੇਂਦਰ ਹੈ, ਜਿੱਥੇ ਵਿਦੇਸ਼ੀ ਵਫਦ ਵੀ ਆਉਂਦੇ ਰਹਿੰਦੇ ਹਨ। ਅਜਿਹੇ ਵਿਚ ਸੜਕਾਂ ’ਤੇ ਫੈਲੀ ਗੰਦਗੀ ਅਤੇ ਬਦਹਾਲ ਹਾਲਾਤ ਦੇਸ਼ ਅਤੇ ਸੂਬੇ ਦੇ ਅਕਸ ਨੂੰ ਵੀ ਨੁਕਸਾਨ ਪਹੁੰਚਾ ਰਹੇ ਹਨ। ਉਦਯੋਗਪਤੀਆਂ ਦਾ ਕਹਿਣਾ ਹੈ ਕਿ ਕਰੋੜਾਂ ਰੁਪਏ ਦਾ ਟੈਕਸ ਦੇਣ ਦੇ ਬਾਵਜੂਦ ਉਨ੍ਹਾਂ ਨੂੰ ਬੁਨਿਆਦੀ ਸਹੂਲਤਾਂ ਤੱਕ ਨਹੀਂ ਮਿਲ ਪਾ ਰਹੀਆਂ। ਸਭ ਤੋਂ ਵੱਡਾ ਸਵਾਲ ਇਹ ਉੱਠਦਾ ਹੈ ਕਿ ਇਹ ਇਲਾਕਾ ਵੈਸਟ ਵਿਧਾਨ ਸਭਾ ਹਲਕੇ ਅਧੀਨ ਆਉਂਦਾ ਹੈ, ਜਿੱਥੋਂ ਮੇਅਰ ਵਨੀਤ ਧੀਰ ਨਿਗਮ ਦੀ ਪ੍ਰਤੀਨਿਧਤਾ ਕਰਦੇ ਹਨ। ਇਸ ਦੇ ਬਾਵਜੂਦ ਨਗਰ ਨਿਗਮ ਦੇ ਅਧਿਕਾਰੀਆਂ ਦੀ ਬੇਰੁਖ਼ੀ ਸਮਝ ਤੋਂ ਬਾਹਰ ਹੈ। ਅਜਿਹਾ ਜਾਪਦਾ ਹੈ ਕਿ ਅਫ਼ਸਰਸ਼ਾਹੀ ’ਤੇ ਕਿਸੇ ਦਾ ਕੰਟਰੋਲ ਨਹੀਂ ਰਿਹਾ, ਜਿਸ ਕਾਰਨ ਸਾਲਾਂ ਪੁਰਾਣੀ ਸਮੱਸਿਆ ਜਿਉਂ ਦੀ ਤਿਉਂ ਬਣੀ ਹੋਈ ਹੈ।
ਇਹ ਵੀ ਪੜ੍ਹੋ: ਪੰਜਾਬ 'ਚ ਦਿੱਸਿਆ ਜੰਗ ਦਾ ਅਸਰ! ਪਿੰਡਾਂ ਨੂੰ ਵਾਪਸੀ ਕਰਨ ਲੱਗੇ ਪ੍ਰਵਾਸੀ ਮਜ਼ਦੂਰ, ਖੇਡਾਂ ਦੇ ਸਾਮਾਨ ਦੀ ਕੀਮਤ...
ਕੇਂਦਰ ਅਤੇ ਸੂਬਾ ਸਰਕਾਰ ਦੀਆਂ ਯੋਜਨਾਵਾਂ ਤਹਿਤ ਨਗਰ ਨਿਗਮ ਨੂੰ ਭਾਰੀ ਫੰਡ ਵੀ ਮਿਲੇ, ਪਰ ਇਸ ਦੇ ਬਾਵਜੂਦ ਲੈਦਰ ਕੰਪਲੈਕਸ ਦੀ ਸੀਵਰੇਜ ਸਮੱਸਿਆ ਦਾ ਹੱਲ ਨਹੀਂ ਕੀਤਾ ਜਾ ਸਕਿਆ। ਇਸ ਤੋਂ ਇਹ ਸਪੱਸ਼ਟ ਹੁੰਦਾ ਹੈ ਕਿ ਯੋਜਨਾਵਾਂ ਦਾ ਲਾਭ ਜ਼ਮੀਨੀ ਪੱਧਰ ਤੱਕ ਨਹੀਂ ਪਹੁੰਚ ਰਿਹਾ। ਸਥਾਨਕ ਉਦਯੋਗਪਤੀਆਂ ਅਤੇ ਕਰਮਚਾਰੀਆਂ ਵਿਚ ਇਸ ਸਥਿਤੀ ਨੂੰ ਲੈ ਕੇ ਭਾਰੀ ਰੋਸ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਜਲਦ ਇਸ ਸਮੱਸਿਆ ਦਾ ਪੱਕਾ ਹੱਲ ਨਾ ਕੀਤਾ ਗਿਆ, ਤਾਂ ਇਹ ਨਾ ਸਿਰਫ਼ ਉਦਯੋਗਾਂ ਲਈ ਨੁਕਸਾਨਦਾਇਕ ਹੋਵੇਗਾ, ਸਗੋਂ ਸਰਕਾਰ ਦੇ ਅਕਸ ’ਤੇ ਵੀ ਡੂੰਘਾ ਅਸਰ ਪਾਵੇਗਾ। ਫਿਲਹਾਲ ਹਾਲਾਤ ਇਹ ਹਨ ਕਿ ਲੈਦਰ ਕੰਪਲੈਕਸ ਵਿਚ ਸੀਵਰੇਜ ਜਾਮ ਦੀ ਸਮੱਸਿਆ ਲਗਾਤਾਰ ਗੰਭੀਰ ਬਣੀ ਹੋਈ ਹੈ ਅਤੇ ਨਗਰ ਨਿਗਮ ਦੀ ਗੈਰ-ਸਰਗਰਮੀ ਕਾਰਨ ਲੋਕਾਂ ਨੂੰ ਰਾਹਤ ਮਿਲਣ ਦੀ ਕੋਈ ਉਮੀਦ ਨਜ਼ਰ ਨਹੀਂ ਆ ਰਹੀ। ਹੁਣ ਤਾਂ ਨਿਗਮ ਦਾ ਕੋਈ ਜੇ. ਈ., ਕੋਈ ਐੱਸ. ਡੀ. ਓ., ਕੋਈ ਐਕਸੀਅਨ ਜਾਂ ਕੋਈ ਐੱਸ. ਈ. ਇਸ ਪਾਸੇ ਆਉਂਦਾ-ਜਾਂਦਾ ਵੀ ਨਹੀਂ ਹੈ, ਜਿਸ ਕਾਰਨ ਵੱਡੇ-ਵੱਡੇ ਉਦਯੋਗਪਤੀ ਆਪਣੇ ਆਪ ਨੂੰ ਲਾਚਾਰ ਮਹਿਸੂਸ ਕਰ ਰਹੇ ਹਨ।
ਇਹ ਵੀ ਪੜ੍ਹੋ: ਪਹਿਲਾਂ ਚਾਵਾਂ ਨਾਲ ਕਰਵਾਈ 'ਲਵ ਮੈਰਿਜ', ਫਿਰ ਕੈਨੇਡਾ ਜਾ ਕੇ ਪਤੀ ਨੇ ਬਦਲੇ ਤੇਵਰ, ਕੀਤਾ ਅਜਿਹਾ ਕਾਰਾ ਕਿ...
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਟਾਂਡਾ 'ਚ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ
NEXT STORY