ਸਪੋਰਟਸ ਡੈਸਕ- ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਇੰਗਲੈਂਡ ਵਿਰੁੱਧ ਹੋਣ ਵਾਲੀ ਟੀ-20 ਸੀਰੀਜ਼ ਤੋਂ ਪਹਿਲਾਂ ਖੇਡੇ ਗਏ ਵਾਰਮ-ਅੱਪ ਮੈਚ ਵਿੱਚ ECB ਡਿਵੈਲਪਮੈਂਟ ਮਹਿਲਾ XI ਨੂੰ 7 ਵਿਕਟਾਂ ਨਾਲ ਕਰਾਰੀ ਮਾਤ ਦਿੱਤੀ ਹੈ। ਚੇਲਮਸਫੋਰਡ ਦੇ ਐਂਬੇਸਡਰ ਕਰੂਜ਼ ਲਾਈਨ ਗਰਾਊਂਡ 'ਤੇ ਖੇਡੇ ਗਏ ਇਸ ਮੁਕਾਬਲੇ ਵਿੱਚ ਭਾਰਤੀ ਟੀਮ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ ਅਤੇ ਟੀਚਾ ਹਾਸਲ ਕਰਨ ਤੋਂ ਬਾਅਦ ਵੀ ਬੱਲੇਬਾਜ਼ੀ ਜਾਰੀ ਰੱਖੀ।
ਮੈਚ ਵਿੱਚ ਪਹਿਲਾਂ ਬੱਲੇਬਾਜ਼ੀ ਕਰਦਿਆਂ ECB ਡਿਵੈਲਪਮੈਂਟ ਟੀਮ ਨੇ 20 ਓਵਰਾਂ ਵਿੱਚ 6 ਵਿਕਟਾਂ ਗੁਆ ਕੇ 154 ਦੌੜਾਂ ਬਣਾਈਆਂ। ਉਨ੍ਹਾਂ ਵੱਲੋਂ ਫਲੋਰੈਂਸ ਮਿਲਰ ਨੇ ਸਭ ਤੋਂ ਵੱਧ 48 ਦੌੜਾਂ ਦਾ ਯੋਗਦਾਨ ਪਾਇਆ। ਭਾਰਤ ਵੱਲੋਂ ਤੇਜ਼ ਗੇਂਦਬਾਜ਼ ਅਰੁੰਧਤੀ ਰੈੱਡੀ ਨੇ ਸ਼ਾਨਦਾਰ ਗੇਂਦਬਾਜ਼ੀ ਕਰਦਿਆਂ 3 ਵਿਕਟਾਂ ਝਟਕਾਈਆਂ, ਜਦਕਿ ਦੀਪਤੀ ਸ਼ਰਮਾ ਅਤੇ ਸ਼੍ਰੇਆਂਕਾ ਪਾਟਿਲ ਨੂੰ 1-1 ਵਿਕਟ ਮਿਲੀ।
155 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਭਾਰਤੀ ਟੀਮ ਨੇ ਮਹਿਜ਼ 16.2 ਓਵਰਾਂ ਵਿੱਚ 3 ਵਿਕਟਾਂ ਦੇ ਨੁਕਸਾਨ 'ਤੇ ਜਿੱਤ ਦਰਜ ਕਰ ਲਈ ਸੀ ਪਰ ਆਪਣੀ ਤਿਆਰੀ ਨੂੰ ਹੋਰ ਮਜ਼ਬੂਤ ਕਰਨ ਲਈ ਟੀਮ ਨੇ ਪੂਰੇ 20 ਓਵਰ ਖੇਡਣ ਦਾ ਫੈਸਲਾ ਕੀਤਾ ਅਤੇ ਕੁੱਲ 200 ਦੌੜਾਂ ਬਣਾਈਆਂ, ਜੋ ਕਿ ਨਿਰਧਾਰਿਤ ਟੀਚੇ ਤੋਂ 45 ਦੌੜਾਂ ਜ਼ਿਆਦਾ ਸਨ। ਸਲਾਮੀ ਬੱਲੇਬਾਜ਼ ਸ਼ੈਫਾਲੀ ਵਰਮਾ ਨੇ ਸਿਰਫ 25 ਗੇਂਦਾਂ ਵਿੱਚ 200 ਦੀ ਸਟ੍ਰਾਈਕ ਰੇਟ ਨਾਲ 50 ਦੌੜਾਂ ਠੋਕੀਆਂ ਅਤੇ ਬਾਅਦ ਵਿੱਚ 'ਰਿਟਾਇਰਡ ਆਊਟ' ਹੋ ਕੇ ਪਵੇਲੀਅਨ ਪਰਤ ਗਈ।
ਸ਼ੈਫਾਲੀ ਤੋਂ ਇਲਾਵਾ ਯਸਤਿਕਾ ਭਾਟੀਆ ਨੇ 35 ਗੇਂਦਾਂ ਵਿੱਚ 47 ਦੌੜਾਂ ਅਤੇ ਭਾਰਤੀ ਫੁਲਮਾਲੀ ਨੇ 29 ਗੇਂਦਾਂ ਵਿੱਚ 48 ਦੌੜਾਂ ਦੀ ਤੂਫ਼ਾਨੀ ਪਾਰੀ ਖੇਡੀ। ਕਪਤਾਨ ਸਮ੍ਰਿਤੀ ਮੰਧਾਨਾ ਨੇ 21 ਦੌੜਾਂ ਬਣਾਈਆਂ। ਗੇਂਦਬਾਜ਼ੀ ਤੋਂ ਬਾਅਦ ਬੱਲੇ ਨਾਲ ਵੀ ਜੌਹਰ ਦਿਖਾਉਂਦੇ ਹੋਏ ਅਰੁੰਧਤੀ ਰੈੱਡੀ ਨੇ 20 ਦੌੜਾਂ ਜੋੜੀਆਂ।
ਇਹ ਸੀਰੀਜ਼ ਟੀ-20 ਵਿਸ਼ਵ ਕੱਪ 2026 ਦੀਆਂ ਤਿਆਰੀਆਂ ਦੇ ਲਿਹਾਜ਼ ਨਾਲ ਭਾਰਤੀ ਟੀਮ ਲਈ ਬਹੁਤ ਮਹੱਤਵਪੂਰਨ ਮੰਨੀ ਜਾ ਰਹੀ ਹੈ।
'ਮੈਂ T20 'ਚ 200 ਦੌੜਾਂ ਬਣਾਵਾਂਗਾ....', ਧਾਕੜ ਖਿਡਾਰੀ ਨੇ ਕਰ'ਤਾ ਵੱਡਾ ਦਾਅਵਾ
NEXT STORY