ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਦੀ ਬਹੁਤ ਉਡੀਕੀ ਜਾ ਰਹੀ ਫਿਲਮ ‘ਐਮਰਜੈਂਸੀ’ ਇਕ ਲੰਬੇ ਇੰਤਜ਼ਾਰ ਤੋਂ ਬਾਅਦ ਸਿਨੇਮਾਘਰਾਂ ’ਚ ਰਿਲੀਜ਼ ਹੋਣ ਜਾ ਰਹੀ ਹੈ। ਇਸ ਫਿਲਮ ’ਚ ਕੰਗਨਾ ਭਾਰਤ ਦੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਭੂਮਿਕਾ ’ਚ ਨਜ਼ਰ ਆਉਣ ਵਾਲੀ ਹੈ। ਇਸ ਦਾ ਨਿਰਦੇਸ਼ਨ ਕੰਗਨਾ ਨੇ ਹੀ ਕੀਤਾ ਹੈ ਅਤੇ ਇਹ ਉਨ੍ਹਾਂ ਦੇ ਪ੍ਰੋਡਕਸ਼ਨ ਹਾਊਸ ਮਣੀਕਰਨਿਕਾ ਫਿਲਮਜ਼ ਦੇ ਬੈਨਰ ਹੇਠ ਬਣੀ ਹੈ। ਇਹ 17 ਜਨਵਰੀ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਵੇਗੀ। ਇਸ ਫਿਲਮ ’ਚ ਅਨੁਪਮ ਖੇਰ, ਸਤੀਸ਼ ਕੌਸ਼ਿਕ, ਮਹਿਮਾ ਚੌਧਰੀ, ਸ਼੍ਰੇਅਸ ਤਲਪੜੇ, ਮਿਲਿੰਦ ਸੋਮਨ ਮੁੱਖ ਭੂਮਿਕਾਵਾਂ ’ਚ ਨਜ਼ਰ ਆਉਣਗੇ। ਫਿਲਮ ਬਾਰੇ ਕੰਗਨਾ ਰਣੌਤ ਤੇ ਅਨੁਪਮ ਖੇਰ ਨੇ ਪੰਜਾਬ ਕੇਸਰੀ/ਨਵੋਦਿਆ ਟਾਈਮਜ਼/ਜਗਬਾਣੀ/ਹਿੰਦ ਸਮਾਚਾਰ ਨਾਲ ਖ਼ਾਸ ਗੱਲਬਾਤ ਕੀਤੀ। ਪੇਸ਼ ਹਨ ਮੁੱਖ ਅੰਸ਼...
ਕੰਗਨਾ ਰਣੌਤ
ਇਸ ਫਿਲਮ ਦੀ ਰਿਲੀਜ਼ ਲਈ ਤੁਹਾਨੂੰ ਲੰਬਾ ਇੰਤਜ਼ਾਰ ਕਰਨਾ ਪਿਆ, ਇਸ ’ਤੇ ਕੀ ਕਹਿਣਾ ਚਾਹੁੰਦੇ ਹੋ?
ਮੈਂ ਆਪਣੀ ਜ਼ਿੰਦਗੀ ’ਚ ਬਹੁਤ ਸਾਰੇ ਸੰਘਰਸ਼ ਦੇਖੇ ਹਨ ਅਤੇ ਬਹੁਤ ਮੁਕਾਮ ਵੀ ਦੇਖੇ ਹਨ। ਕਾਫ਼ੀ ਬੁਰੀਆਂ ਚੀਜ਼ਾਂ ਵੀ ਅਨੁਭਵ ਕੀਤੀਆਂ ਹਨ। ਜਦੋਂ ਮੈਂ ਛੋਟੀ ਸੀ ਤਾਂ ਡੀਮੋਟੀਵੇਟ ਹੋ ਜਾਂਦੀ ਸੀ। ਸੋਚਦੀ ਸੀ ਕਿ ਮੇਰੇ ਨਾਲ ਹੀ ਅਜਿਹਾ ਕਿਉਂ ਹੁੰਦਾ ਹੈ ਅਤੇ ਇਨ੍ਹਾਂ ਚੀਜ਼ਾਂ ਨੂੰ ਹਮੇਸ਼ਾ ਇਕ ਬਦਕਿਸਮਤੀ ਦੀ ਤਰ੍ਹਾਂ ਦੇਖਿਆ ਪਰ ਹੁਣ ਮੇਰੇ ਨਾਲ ਚੀਜ਼ਾਂ ਬਦਲ ਚੁੱਕੀਆਂ ਹਨ। ਮੈਨੂੰ ਲੱਗਦਾ ਹੈ ਕਿ ਜੋ ਵੀ ਹੋ ਰਿਹਾ ਹੈ, ਉਸ ਪਿੱਛੇ ਕੋਈ ਕਾਰਨ ਹੈ। ਹੁਣ ਮੈਂ ਸ਼ਾਂਤ ਹੋ ਚੁੱਕੀ ਹਾਂ। ਥੋੜ੍ਹਾ ਝਟਕਾ ਵੀ ਲੱਗਿਆ ਸੀ ਕਿ ਕੁਝ ਸਮਾਂ ਪਹਿਲਾਂ ਫਿਲਮ ਬੈਨ ਹੋ ਗਈ ਸੀ ਦੇਸ਼ ’ਚ। ਉਸ ਸਮੇਂ ਲੱਗਦਾ ਸੀ ਕਿ ਇੰਨਾ ਖ਼ਰਚਾ ਵੀ ਹੋ ਗਿਆ ਹੈ। ਮਨ ’ਚ ਕੁਝ ਖ਼ਦਸ਼ਾ ਸੀ ਪਰ ਫਿਰ ਮੈਂ ਸਾਰਿਆਂ ਨੂੰ ਜਾਣ ਦਿੱਤਾ। ਮੈਨੂੰ ਲੱਗਦਾ ਹੈ ਕਿ ਸਬਰ ਦਾ ਫਲ ਮਿੱਠਾ ਹੁੰਦਾ ਹੈ ਅਤੇ ਹੁਣ ਦੇਖੋ, ਫਿਲਮ ਰਿਲੀਜ਼ ਹੋਣ ਜਾ ਰਹੀ ਹੈ।
ਤੁਹਾਨੂੰ ਕੀ ਲੱਗਦਾ ਹੈ ਕਿ ਪਹਿਲਾਂ ਦੀ ਤੁਲਨਾ ’ਚ ਹੁਣ ਸਿਨੇਮਾ ’ਚ ਔਰਤਾਂ ਨੂੰ ਲੈ ਕੇ ਕਿੰਨਾ ਬਦਲਾਅ ਆਇਆ ਹੈ?
ਜੀ, ਬਿਲਕੁਲ ਬਦਲਾਅ ਆਇਆ ਹੈ। ਸਿਨੇਮਾ ਹਮੇਸ਼ਾ ਦਰਸ਼ਕਾਂ ’ਤੇ ਨਿਰਭਰ ਕਰਦਾ ਹੈ ਤਾਂ ਫਿਲਮਾਂ ਉਸੇ ਦੇ ਆਧਾਰ ’ਤੇ ਬਣਦੀਆਂ ਹਨ। ਹੌਲੀ-ਹੌਲੀ ਫਿਲਮਾਂ ’ਚ ਔਰਤਾਂ ਦੀ ਪ੍ਰਤੀਨਿਧਤਾ ਵਧ ਰਹੀ ਹੈ ਪਰ ਉਸ ਤੋਂ ਜ਼ਿਆਦਾ ਮੈਨੂੰ ਲੱਗਦਾ ਹੈ ਕਿ ਫਿਲਮਾਂ ’ਚ ਔਰਤਾਂ ਦੀ ਪ੍ਰਤੀਨਿਧਤਾ ਨਿਰਦੇਸ਼ਕ, ਲੇਖਕ ਜਿਹੇ ਥਾਵਾਂ ’ਤੇ ਜ਼ਿਆਦਾ ਹੋਣੀ ਚਾਹੀਦੀ ਹੈ । ਮੇਰਾ ਮੰਨਣਾ ਹੈ ਕਿ ਔਰਤਾਂ ਬਹੁਤ ਦਿਮਾਗ਼ ਵਾਲੀਆਂ ਹੁੰਦੀਆਂ ਹਨ ਅਤੇ ਜਦੋਂ ਉਹ ਕੋਈ ਮਹੱਤਵਪੂਰਨ ਰੋਲ ਕਰਦੀਆਂ ਹਨ ਤਾਂ ਉਸ ਨੂੰ ਆਪਣੇ ਪੱਧਰ ’ਤੇ ਬਹੁਤ ਬਿਹਤਰ ਕਰ ਸਕਦੀਆਂ ਹਨ।
ਫਿਲਮ ਵਿਚ ਤੁਸੀਂ ਨਿਰਦੇਸ਼ਕ ਅਤੇ ਐਕਟਰ ਦੋਵੇਂ ਹੋ ਤਾਂ ਇਕੱਠੀਆਂ ਦੋਵੇਂ ਚੀਜ਼ਾਂ ਕਿਵੇਂ ਮੈਨੇਜ ਕੀਤੀਆਂ?
ਉਹ ਕੁਦਰਤੀ ਹੋ ਜਾਂਦਾ ਹੈ, ਜਦੋਂ ਤੁਸੀਂ ਕੰਮ ਕਰਦੇ ਹੋ ਤਾਂ ਤੁਹਾਨੂੰ ਹਰ ਰੋਲ ਨਿਭਾਉਣਾ ਪੈਂਦਾ ਹੈ। ਜਦੋਂ ਤੁਸੀਂ ਦੋ ਜ਼ਿੰਮੇਵਾਰੀਆਂ ਨਿਭਾਉਂਦੇ ਹੋ ਤਾਂ ਉਸ ਲਈ ਤੁਹਾਨੂੰ ਆਪਣਾ ਹੋਮਵਰਕ ਪ੍ਰਫੈਕਟ ਰੱਖਣਾ ਪੈਂਦਾ ਹੈ, ਜਿਸ ਨਾਲ ਤੁਹਾਡਾ ਕੰਮ ਵੀ ਆਸਾਨ ਹੋ ਜਾਵੇ। ਇਸ ਦੇ ਨਾਲ ਹੀ ਸਾਡੀ ਟੀਮ ਵਿਚ ਬਹੁਤ ਚੰਗੇ ਟੈਕਨੀਸ਼ੀਅਨ ਸਨ, ਜਿਨ੍ਹਾਂ ਤੋਂ ਸਾਨੂੰ ਕਾਫ਼ੀ ਮਦਦ ਮਿਲੀ।
ਇਹ ਖ਼ਬਰ ਵੀ ਪੜ੍ਹੋ - ਕੈਂਸਰ ਨਾਲ ਲੜ ਰਹੀ ਹਿਨਾ ਖ਼ਾਨ ਦੀ ਨਵੀਂ ਪੋਸਟ ਨੇ ਵਧਾਈ ਫੈਨਜ਼ ਦੀ ਚਿੰਤਾ
ਇਸ ਫਿਲਮ ਵਿਚ ਸਤੀਸ਼ ਕੌਸ਼ਿਕ ਵੀ ਨਜ਼ਰ ਆਉਣਗੇ, ਉਨ੍ਹਾਂ ਦੇ ਕਿਰਦਾਰ ਬਾਰੇ ਕੁਝ ਦੱਸੋ।
ਇਸ ਫਿਲਮ ਵਿਚ ਉਨ੍ਹਾਂ ਦਾ ਗ੍ਰੇ ਸ਼ੇਡ ਕਿਰਦਾਰ ਹੈ ਪਰ ਉਹ ਕਿੰਗ ਮੇਕਰ ਰਹੇ ਹਨ। ਜੋ ਜਗਜੀਵਨ ਰਾਮ ਸਨ, ਉਹ ਐਮਰਜੈਂਸੀ ਦੇ ਸਮੇਂ ਦੇ ਬਹੁਤ ਵੱਡੇ ਨੇਤਾ ਸਨ। ਸਤੀਸ਼ ਜੀ ਆਪਣੇ ਰੋਲ ਨੂੰ ਲੈ ਕੇ, ਆਪਣੇ ਆਪ ਨੂੰ ਲੈ ਕੇ ਇਕ ਕਲਾਕਾਰ ਹੋਣ ਦੇ ਨਾਤੇ ਆਪਣੇ ਕਿਰਦਾਰ ਨੂੰ ਪੂਰੇ ਅਨੰਦ ਨਾਲ ਨਿਭਾਉਂਦੇ ਸਨ। ਜਦੋਂ ਉਹ ਆਪਣਾ ਖ਼ੁਦ ਦਾ ਸ਼ਾਟ ਕਰਦੇ ਸੀ ਤਾਂ ਉਹ ਦੇਖਣ ਲਾਇਕ ਹੁੰਦਾ ਸੀ। ਉਹ ਕੰਮ ਨੂੰ ਬਹੁਤ ਇੰਜੁਆਏ ਕਰਦੇ ਸਨ। ਇਸ ਫਿਲਮ ’ਚ ਵੀ ਦਰਸ਼ਕ ਉਨ੍ਹਾਂ ਦਾ ਕੰਮ ਬਹੁਤ ਪਸੰਦ ਕਰਨਗੇ।
‘ਐਮਰਜੈਂਸੀ’ ਨੇ ਤੁਹਾਨੂੰ ਤੁਹਾਡੇ ਕ੍ਰਾਫਟ ਬਾਰੇ ਕੀ ਨਵਾਂ ਸਿਖਾਇਆ?
ਇਸ ਫਿਲਮ ਨੇ ਮੈਨੂੰ ਬਹੁਤ ਕੁਝ ਸਿਖਾਇਆ ਹੈ। ਇਕ ਅਦਾਕਾਰਾ ਦੇ ਤੌਰ ’ਤੇ ਮੈਨੂੰ ਕਈ ਤਰ੍ਹਾਂ ਦੀਆਂ ਰੁਕਾਵਟਾਂ ਨੂੰ ਤੋੜਨਾ ਸਿਖਾਇਆ। ਇਕ ਅਜਿਹੀ ਔਰਤ ਦਾ ਕਿਰਦਾਰ ਨਿਭਾਇਆ, ਜੋ ਮੇਰੇ ਤੋਂ ਉਮਰ ’ਚ ਬਹੁਤ ਵੱਡੀ ਸੀ। ਇਸ ਦੇ ਨਾਲ ਇਕ ਮਾਂ ਦਾ ਕਿਰਦਾਰ, ਜਿਸ ਦੇ ਆਪਣੇ ਬੇਟੇ ਨਾਲ ਰਿਸ਼ਤੇ ਬਹੁਤ ਚੰਗੇ ਨਹੀਂ ਸੀ। ਇਹ ਸਭਕੁਝ ਬਹੁਤ ਨਵਾਂ ਸੀ ਮੇਰੇ ਲਈ। ਇਹ ਸਭ ਮੈਂ ਆਪਣੀ ਫਿਲਮ ਤੋਂ ਹੀ ਸਮਝ ਸਕਦੀ ਸੀ।
ਅਨੁਪਮ ਖੇਰ
ਫਿਲਮ ਦੇ ਰਿਲੀਜ਼ ਹੋਣ ’ਚ ਕਈ ਪ੍ਰੇਸ਼ਾਨੀਆਂ ਆਈਆਂ ਅਤੇ ਸਮਾਂ ਲੱਗਿਆ ਤਾਂ ਇਸ ਸਭ ਦਾ ਅਨੁਭਵ ਕਿਵੇਂ ਦਾ ਰਿਹਾ?
ਅਸੀਂ ਉਸ ਬੈਕਗ੍ਰਾਊਂਡ ਤੋਂ ਆਏ ਹਾਂ, ਜਿਨ੍ਹਾਂ ’ਚ ਪ੍ਰੇਸ਼ਾਨੀਆਂ ਜਾਂ ਜੋ ਦਿੱਕਤਾਂ ਹਨ, ਉਨ੍ਹਾਂ ਦਾ ਸਾਹਮਣਾ ਕੀਤਾ ਹੈ। ਹਮੇਸ਼ਾ ਸਿਖਾਇਆ ਹੀ ਇਹ ਗਿਆ ਹੈ ਕਿ ਪ੍ਰੇਸ਼ਾਨੀ ਨਾ ਹੋਵੇ ਤਾਂ ਫਿਰ ਮਜ਼ਾ ਨਹੀਂ ਆਉਂਦਾ ਪਰ ਜਦੋਂ ਤੁਸੀਂ ਇਕ ਐਕਟਰ ਹੋ ਅਤੇ ਤੁਸੀਂ ਚੰਗਾ ਕੰਮ ਕੀਤਾ ਹੋਵੇ ਤਾਂ ਉਸ ਨੂੰ ਦੇਖਣ ਦੀ ਉਤਸੁਕਤਾ ਹੁੰਦੀ ਹੈ। ਅੱਜਕਲ ਜੋ ਫਿਲਮਾਂ ਬਣ ਰਹੀਆਂ ਹਨ, ਸਾਰਥਕਤਾ ਘੱਟ ਹੀ ਫਿਲਮਾਂ ’ਚ ਹੁੰਦੀ ਹੈ। ਕਈ ਫਿਲਮਾਂ ਬਣਦੀਆਂ ਹਨ, ਹਿੱਟ ਹੁੰਦੀਆਂ ਹਨ ਪਰ ਯਾਦ ਉਹੀ ਰਹਿੰਦੀ ਹੈ , ਜੋ ਤੁਹਾਡੇ ਦਿਲ ਨੂੰ ਛੂਹਦੀ ਹੈ ਜਾਂ ਕਿਸੇ ਨੇ ਤੁਹਾਡੇ ਦਿਮਾਗ਼ ’ਤੇ ਵੀ ਕੁਝ ਛਾਪ ਛੱਡੀ ਹੋਵੇ। ‘ਐਮਰਜੈਂਸੀ’ ਇਕ ਅਜਿਹੀ ਹੀ ਫਿਲਮ ਹੈ। ਇਕ ਕਲਾਕਾਰ ਹੋਣ ਦੇ ਨਾਤੇ ਮੈਨੂੰ ਇਸ ਫਿਲਮ ਦਾ ਬੜੀ ਬੇਸਬਰੀ ਨਾਲ ਇਤਜ਼ਾਰ ਹੈ।
ਇਹ ਖ਼ਬਰ ਵੀ ਪੜ੍ਹੋ - ਸੈਫ ਅਲੀ ਖ਼ਾਨ 'ਤੇ ਹੋਏ ਹਮਲੇ ਮਗਰੋਂ ਭੜਕੇ ਅਰਵਿੰਦ ਕੇਜਰੀਵਾਲ, ਸ਼ਰੇਆਮ ਆਖੀ ਇਹ ਵੱਡੀ ਗੱਲ
ਕੰਗਨਾ ਰਣੌਤ ਨਾਲ ਕੰਮ ਕਰਨ ਦਾ ਤੁਹਾਡਾ ਅਨੁਭਵ ਕਿਵੇਂ ਦਾ ਰਿਹਾ?
ਮੈਂ ਕੰਗਨਾ ਦੇ ਨਿਰਦੇਸ਼ਨ ਵਿਚ ਪਹਿਲੀ ਵਾਰ ਕੰਮ ਕੀਤਾ ਹੈ ਅਤੇ ਮੈਂ ਚਾਹਾਂਗਾ ਕਿ ਹੁਣ ਇਹ ਮੇਰੇ ਬਿਨਾਂ ਕਦੇ ਕੋਈ ਫਿਲਮ ਨਾ ਬਣਾਵੇ। ਇਹ ਇਕ ਨਿਰਦੇਸ਼ਕ ਤੇ ਕੋ-ਐਕਟਰ ਦੇ ਤੌਰ ’ਤੇ ਕਮਾਲ ਹੈ। ਇਸ ਤਰ੍ਹਾਂ ਦਾ ਸਾਹਸੀ ਵਿਸ਼ਾ ਹਰ ਕੋਈ ਨਹੀਂ ਚੁਣ ਸਕਦਾ। ਕੰਗਨਾ ਦੀ ਫਿਲਮ ਚੁਣਨ ਦੀ ਪਸੰਦ ਵੀ ਕਾਫ਼ੀ ਅਲੱਗ ਅਤੇ ਕਮਾਲ ਦੀ ਹੈ। ਕਿਸੇ ਨੇ ਕਿਹਾ ਵੀ ਹੈ ਕਿ ਜਦੋਂ ਤੁਸੀਂ ਸਾਹਸ ਦਿਖਾਉਂਦੇ ਹੋ ਤਾਂ ਬਾਕੀ ਲੋਕਾਂ ਦੀ ਵੀ ਰੀੜ੍ਹ ਦੀ ਹੱਡੀ ਸਿੱਧੀ ਹੋ ਜਾਂਦੀ ਹੈ। ਇਸ ਲਈ ਮੈਂ ਇਨ੍ਹਾਂ ਦੀ ਹਮੇਸ਼ਾ ਪ੍ਰਸ਼ੰਸਾ ਕਰਦਾ ਹਾਂ।
ਹਰ ਪ੍ਰਾਜੈਕਟ ਕੁਝ ਸਿਖਾਉਂਦਾ ਹੈ, ‘ਐਮਰਜੈਂਸੀ’ ਤੋਂ ਤੁਸੀਂ ਕੀ ਸਿੱਖਿਆ?
ਜੈਪ੍ਰਕਾਸ਼ ਨਾਰਾਇਣ ਦਾ ਕਿਰਦਾਰ ਨਿਭਾਅ ਕੇ ਉਨ੍ਹਾਂ ਬਾਰੇ ਬਹੁਤ ਕੁਝ ਜਾਣਨ ਨੂੰ ਮਿਲਿਆ। ਇਕ ਐਕਟਰ ਹੋਣ ਦੇ ਨਾਤੇ ਮੈਂ ਸਿੱਖਿਆ ਹੈ ਕਿ ਹਮੇਸ਼ਾ ਕੋਈ ਹੁੰਦਾ ਹੈ, ਜੋ ਤੁਹਾਡੇ ਤੋਂ ਵੀ ਬਿਹਤਰ ਜਾਣਦਾ ਹੈ। ਇਕ ਐਕਟਰ ਬਹੁਤ ਸਮਾਰਟ ਹੁੰਦਾ ਹੈ, ਜਿਸ ਨੂੰ ਪਤਾ ਹੁੰਦਾ ਹੈ ਕਿ ਪਹਿਲੇ ਦਿਨ ਕਿਸ ਤੋਂ ਕਿਵੇਂ ਇੰਸਟ੍ਰਕਸ਼ਨ ਲੈਣੀ ਹੈ। ਜਦੋਂ ਮੈਂ ਸੈੱਟ ’ਤੇ ਪਹੁੰਚਿਆ ਤਾਂ ਮੈਨੂੰ ਪਤਾ ਸੀ ਕਿ ਇਨ੍ਹਾਂ ਨੂੰ ਆਪਣਾ ਕੰਮ ਪਤਾ ਹੈ ਤੇ ਉਸ ਨੂੰ ਉਹ ਬਿਹਤਰ ਕਰਨਗੇ ਅਤੇ ਮੈਂ ਫਿਲਮ ਤੋਂ ਕੁਝ ਨਵਾਂ ਸਿੱਖਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਸੈਫ ਅਲੀ ਖ਼ਾਨ 'ਤੇ ਹੋਏ ਹਮਲੇ ਮਗਰੋਂ ਭੜਕੇ ਅਰਵਿੰਦ ਕੇਜਰੀਵਾਲ, ਸ਼ਰੇਆਮ ਆਖੀ ਇਹ ਵੱਡੀ ਗੱਲ
NEXT STORY