ਚੰਡੀਗੜ੍ਹ (ਬਿਊਰੋ)- ਜੇਕਰ ਤੁਹਾਨੂੰ ਪੁੱਛੀਏ ਕਿ ਪੰਜਾਬੀ ਇੰਡਸਟਰੀ ਦਾ ਉਹ ਕਿਹੜਾ ਸਿਤਾਰਾ ਹੈ, ਜਿਸ ਨੂੰ ਲੋਕਾਂ ਵਲੋਂ ਹਮੇਸ਼ਾ ਪਿਆਰ ਦਿੱਤਾ ਜਾਂਦਾ ਹੈ ਤਾਂ ਤੁਹਾਡੀ ਜ਼ੁਬਾਨ 'ਤੇ ਵੀ ਅਮਰਿੰਦਰ ਗਿੱਲ ਦਾ ਨਾਂ ਹੀ ਆਵੇਗਾ। ਪੰਜਾਬੀ ਮਿਊਜ਼ਿਕ ਜਗਤ ਦੇ ਬਾਕਮਾਲ ਗਾਇਕ ਤੇ ਅਦਾਕਾਰ ਅਮਰਿੰਦਰ ਗਿੱਲ ਨੇ ਆਪਣੇ ਜਨਮਦਿਨ 'ਤੇ ਆਪਣੇ ਪ੍ਰਸ਼ੰਸਕਾਂ ਨੂੰ ਖ਼ਾਸ ਤੋਹਫ਼ਾ ਦਿੱਤਾ ਹੈ। ਜੀ ਹਾਂ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਆਪਣੀ ਨਵੀਂ ਮਿਊਜ਼ਿਕ ਐਲਬਮ ਦਾ ਐਲਾਨ ਕਰ ਦਿੱਤਾ ਹੈ, ਜਿਸ ਤੋਂ ਬਾਅਦ ਉਨ੍ਹਾਂ ਦੇ ਪ੍ਰਸ਼ੰਸਕਾਂ 'ਚ ਕਾਫ਼ੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ।
ਮੋਸਟ ਅਵੇਟਡ ਐਲਬਮ 'ਜੁਦਾ 3' ਦਾ ਐਲਾਨ
ਗਾਇਕ ਅਮਰਿੰਦਰ ਗਿੱਲ ਨੇ ਆਪਣੀ ਮੋਸਟ ਅਵੇਟਡ ਐਲਬਮ 'ਜੁਦਾ 3' (Judaa 3) ਦੀ ਫਰਸਟ ਲੁੱਕ ਸਾਂਝੀ ਕਰਦੇ ਹੋਏ ਲਿਖਿਆ ਹੈ, 'ਰੱਬ ਅੱਗੇ ਅਰਦਾਸ ਕਰਦਾ ਹਾਂ ਕਿ ਦੁਨੀਆ 'ਚ ਸਾਰਿਆਂ ਨੂੰ ਰੱਬ ਸਿਹਤਯਾਬੀ ਬਖ਼ਸੇ, ਜੁਦਾ 3 ਤਿਆਰ ਹੈ। ਉਮੀਦ ਹੈ ਤੁਹਾਨੂੰ ਸਭ ਨੂੰ ਪਸੰਦ ਆਵੇਗੀ। ਕਿਸਾਨੀ ਵਿਰੋਧੀ ਪਲੇਟਫਾਰਮ ਛੱਡ ਕੇ ਬਾਕੀ ਸਭ 'ਤੇ ਜਲਦ ਰਿਲੀਜ਼ ਹੋਵੇਗੀ।' ਇਸ ਪੋਸਟ 'ਤੇ ਦੋ ਲੱਖ ਤੋਂ ਵੱਧ ਲਾਇਕਸ ਆ ਚੁੱਕੇ ਹਨ ਅਤੇ ਵੱਡੀ ਗਿਣਤੀ 'ਚ ਪ੍ਰਸ਼ੰਸਕਾਂ ਦੇ ਕੁਮੈਂਟ ਆ ਰਹੇ ਹਨ। ਇਸ ਐਲਬਮ 'ਚ Dr Zeus ਆਪਣੇ ਮਿਊਜ਼ਿਕ ਨਾਲ ਚਾਰ ਚੰਨ ਲਾਉਣਗੇ।
ਕਿਸਾਨਾਂ ਦੇ ਹੱਕਾਂ ਲਈ 'ਜੀਓ ਸਾਵਨ' ਤੋਂ ਹਟਾਇਆ ਆਪਣਾ ਸਾਰਾ ਕੰਟੈਂਟ
ਦੱਸ ਦਈਏ ਅਮਰਿੰਦਰ ਗਿੱਲ ਤੇ ਉਨ੍ਹਾਂ ਦੇ ਭਰਾ ਕਾਰਜ ਗਿੱਲ ਦੀ ਕੰਪਨੀ 'ਰਿਧਮ ਬੁਆਏਜ਼ ਐਂਟਰਟੇਨਮੈਂਟ' ਨੇ 'ਜੀਓ ਸਾਵਨ' ਤੋਂ ਆਪਣਾ ਸਾਰਾ ਕੰਟੈਂਟ ਹਟਾ ਲਿਆ ਹੈ। ਇਹ ਜਾਣਕਾਰੀ ਉਨ੍ਹਾਂ ਨੇ ਪੋਸਟ ਪਾ ਕੇ ਦਿੱਤੀ ਸੀ ਅਤੇ ਕਿਹਾ ਸੀ ਕਿ ਜ਼ਿਆਦਾਤਰ ਕੰਟੈਂਟ ਪਹਿਲਾਂ ਹੀ ਉਕਤ ਸਟੋਰ ਤੋਂ ਹਟਾ ਦਿੱਤਾ ਗਿਆ ਹੈ ਅਤੇ ਅਸੀਂ ਬਾਕੀ ਕੰਟੈਂਟ ਨੂੰ ਵੀ ਹਟਾਉਣ ਦਾ ਹੁਕਮ ਭੇਜੇ ਹੋਏ ਹਨ। ਅਮਰਿੰਦਰ ਗਿੱਲ ਕਿਸਾਨਾਂ ਦੇ ਹੱਕਾਂ ਦੇ ਲਈ ਸੋਸ਼ਲ ਮੀਡੀਆ 'ਤੇ ਪੋਸਟਾਂ ਪਾ ਕੇ ਸਮਰਥਨ ਦੇ ਰਹੇ ਹਨ। ਇਸ ਤੋਂ ਇਲਾਵਾ ਉਹ ਕਿਸਾਨੀ ਗੀਤਾਂ ਨਾਲ ਵੀ ਕਿਸਾਨਾਂ ਦੀ ਆਵਾਜ਼ ਦੁਨੀਆ ਦੇ ਕੋਨੇ-ਕੋਨੇ ਤੱਕ ਪਹੁੰਚਾ ਰਹੇ ਹਨ।
ਚੰਗੇ ਗਾਇਕ ਤੇ ਅਦਾਕਾਰ ਹੋਣ ਦੇ ਨਾਲ-ਨਾਲ ਫ਼ਿਲਮ ਨਿਰਮਾਤਾ ਵੀ ਹੈ ਅਮਰਿੰਦਰ ਗਿੱਲ
ਹਮੇਸ਼ਾ ਵਿਵਾਦਾਂ ਤੋਂ ਦੂਰ ਰਹਿਣ ਵਾਲੇ ਅਮਰਿੰਦਰ ਗਿੱਲ ਚੰਗੇ ਗਾਇਕ ਤੇ ਅਦਾਕਾਰ ਹੋਣ ਦੇ ਨਾਲ-ਨਾਲ ਫ਼ਿਲਮ ਨਿਰਮਾਤਾ ਵੀ ਹਨ। ਅਮਰਿੰਦਰ ਨੇ ਕਈ ਐਵਾਰਡ ਵੀ ਆਪਣੀ ਝੋਲੀ ਪਵਾਏ ਹਨ। ਅਮਰਿੰਦਰ ਨੇ ਆਪਣਾ ਪਹਿਲਾ ਗੀਤ ਜਲੰਧਰ ਦੂਰਦਰਸ਼ਨ ਪ੍ਰੋਗਰਾਮ 'ਕਾਲਾ ਡੋਰੀਆ' ਲਈ ਰਿਕਾਰਡ ਕੀਤਾ ਸੀ।
ਇਨ੍ਹਾਂ ਫ਼ਿਲਮਾਂ 'ਚ ਵਿਖਾ ਚੁੱਕੇ ਅਦਾਕਾਰੀ ਦਾ ਜਲਵਾ
ਅਮਰਿੰਦਰ ਗਿੱਲ ਨੇ ਹੁਣ ਤੱਕ 'ਅੰਗਰੇਜ਼', 'ਚੱਲ ਮੇਰਾ ਪੁੱਤ', 'ਲਾਹੌਰੀਏ', 'ਲਵ ਪੰਜਾਬ', 'ਅਸ਼ਕੇ' ਵਰਗੀਆਂ ਹੋਰ ਵੀ ਬਹੁਤ ਸਾਰੀਆਂ ਫ਼ਿਲਮਾਂ 'ਚ ਕੰਮ ਕੀਤਾ ਹੈ ਤੇ ਪ੍ਰਸ਼ੰਸਕਾਂ ਦਾ ਦਿਲ ਜਿੱਤਿਆ ਹੈ। ਦੱਸਣਯੋਗ ਹੈ ਕਿ ਪਿਛਲੇ ਕਾਫੀ ਸਮੇ ਤੋਂ ਚੱਲ ਰਹੇ ਕਿਸਾਨੀ ਅੰਦੋਲਨ ਨੂੰ ਵੀ ਅਮਰਿੰਦਰ ਗਿੱਲ ਵਲੋਂ ਸੁਪੋਰਟ ਕੀਤੀ ਜਾ ਰਹੀ ਹੈ।
ਆਉਣ ਵਾਲੇ ਪ੍ਰਾਜੈਕਟਾਂ ਦੀ ਲਿਸਟ ਹੈ ਲੰਬੀ
ਅਮਰਿੰਦਰ ਗਿੱਲ ਦੇ ਆਉਣ ਵਾਲੇ ਪ੍ਰਾਜੈਕਟਾਂ ਦੀ ਲਿਸਟ ਵੀ ਕਾਫ਼ੀ ਲੰਮੀ ਹੈ। ਫਿਲਹਾਲ ਅਮਰਿੰਦਰ ਦੀ ਸਭ ਤੋਂ ਚਰਚਿਤ ਰਿਲੀਜ਼ ਹੋਣ ਵਾਲੀ ਫ਼ਿਲਮ 'ਚੱਲ ਮੇਰਾ ਪੁੱਤ 3' ਹੈ, ਜਿਸ ਦੀ ਸ਼ੂਟਿੰਗ ਵੀ ਪੂਰੀ ਕਰ ਲਈ ਗਈ ਹੈ। ਦੱਸ ਦੇਈਏ ਕਿ ਤਾਲਾਬੰਦੀ ਦੌਰਾਨ ਅਮਰਿੰਦਰ ਦੀ ਫ਼ਿਲਮ 'ਚੱਲ ਮੇਰਾ ਪੁੱਤ 2' ਸਿਰਫ ਦੋ ਦਿਨ ਦੀ ਸਿਨੇਮਾਘਰਾਂ 'ਚ ਲੱਗੀ ਸੀ। ਇਸ ਫ਼ਿਲਮ ਨੂੰ ਵੀ ਮੁੜ ਰਿਲੀਜ਼ ਕੀਤੇ ਜਾਣ ਦੀ ਚਰਚਾ ਹੈ।
ਸੰਭਾਵਨਾ ਸੇਠ ਨੇ ਬਿਆਨ ਕੀਤਾ ਦਰਦ, ਕਿਹਾ- ‘ਕੋਰੋਨਾ ਨੇ ਨਹੀਂ ਮਾਰਿਆ ਮੇਰਾ ਪਿਤਾ’
NEXT STORY