ਕੋਟਕਪੂਰਾ (ਨਰਿੰਦਰ ਬੈੜ੍ਹ) : ਸਥਾਨਕ ਸਿਵਲ ਹਸਪਤਾਲ ’ਚ ਇਲਾਜ ਕਰਵਾਉਣ ਵਾਲੀ ਇਕ ਔਰਤ ਦੀ ਮੌਤ ਤੋਂ ਬਾਅਦ ਪਰਿਵਾਰ ਨੇ ਡਾਕਟਰ ’ਤੇ ਲਾਪ੍ਰਵਾਹੀ ਦੇ ਦੋਸ਼ ਲਾਉਂਦਿਆਂ ਕਾਰਵਾਈ ਦੀ ਮੰਗ ਕੀਤੀ ਹੈ। ਇਸ ਮਾਮਲੇ ’ਚ ਥਾਣਾ ਸਿਟੀ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਕੋਟਕਪੂਰਾ ਦੀ ਇਕ ਗਰਭਵਤੀ ਔਰਤ ਵੱਲੋਂ ਸਿਵਲ ਹਸਪਤਾਲ ’ਚ ਆਪਣਾ ਇਲਾਜ ਕਰਵਾਇਆ ਜਾ ਰਿਹਾ ਸੀ ਅਤੇ ਕੁੱਝ ਦਿਨ ਪਹਿਲਾਂ ਉਸ ਦੀ ਹਾਲਤ ਵਿਗੜਨ ’ਤੇ ਉਸ ਨੂੰ ਫਰੀਦਕੋਟ ਦੇ ਮੈਡੀਕਲ ਕਾਲਜ ਹਸਪਤਾਲ ਵਿਖੇ ਭੇਜ ਦਿੱਤਾ ਗਿਆ ਸੀ। ਉੱਥੇ ਉਸ ਦੇ ਬੱਚਾ ਹੋਣ ਤੋਂ ਬਾਅਦ ਉਸ ਨੂੰ ਦੋ ਦਿਨ ਪਹਿਲਾਂ ਹੀ ਛੁੱਟੀ ਮਿਲੀ ਸੀ ਅਤੇ ਉਹ ਆਪਣੇ ਘਰ ’ਚ ਹੀ ਸੀ।
ਅੱਜ ਉਸ ਦੀ ਹਾਲਤ ਵਿਗੜਨ ’ਤੇ ਪਰਿਵਾਰਕ ਮੈਂਬਰ ਉਸ ਨੂੰ ਮੁੜ ਕੋਟਕਪੂਰਾ ਦੇ ਸਿਵਲ ਹਸਪਤਾਲ ਵਿਖੇ ਲੈ ਕੇ ਆਏ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਮਾਮਲੇ ’ਚ ਮ੍ਰਿਤਕ ਔਰਤ ਦੇ ਪਤੀ ਮਨਤਾਰ ਸਿੰਘ ਨੇ ਦੋਸ਼ ਲਾਇਆ ਕਿ ਉਸ ਦੀ ਪਤਨੀ ਦਾ ਸਿਵਲ ਹਸਪਤਾਲ ਤੋਂ ਇਲਾਜ ਕਰਵਾਇਆ ਜਾ ਰਿਹਾ ਸੀ ਅਤੇ ਉਸ ਦੇ ਇਲਾਜ ਵਿਚ ਡਾਕਟਰ ਵੱਲੋਂ ਲਾਪ੍ਰਵਾਹੀ ਦਿਖਾਈ ਗਈ, ਜਿਸ ਤੋਂ ਬਾਅਦ ਉਹ ਆਪਣੀ ਪਤਨੀ ਨੂੰ ਫਰੀਦਕੋਟ ਦੇ ਮੈਡੀਕਲ ਕਾਲਜ ਹਸਪਤਾਲ ਵਿਖੇ ਲੈ ਗਏ ਸਨ ਅਤੇ ਉਥੋਂ ਛੁੱਟੀ ਮਿਲਣ ਤੋਂ ਬਾਅਦ ਦੋ ਦਿਨ ਪਹਿਲਾਂ ਹੀ ਉਹ ਘਰ ਵਾਪਸ ਪਰਤੇ ਸਨ।
ਹਾਲਤ ਵਿਗੜਨ ਤੋਂ ਬਾਅਦ ਉਸ ਨੂੰ ਮੁੜ ਸਿਵਲ ਹਸਪਤਾਲ ਵਿਖੇ ਲਿਆਂਦਾ ਗਿਆ ਸੀ। ਇਸ ਮਾਮਲੇ ਵਿਚ ਅੱਜ ਡਿਊਟੀ ’ਤੇ ਮੌਜੂਦ ਡਾਕਟਰ ਨੇ ਦੱਸਿਆ ਕਿ ਜਦ ਔਰਤ ਨੂੰ ਹਸਪਤਾਲ ਵਿਖੇ ਲਿਆਂਦਾ ਗਿਆ ਤਾਂ ਉਸ ਦੇ ਸਾਹ ਨਹੀਂ ਚੱਲ ਰਹੇ ਸਨ ਅਤੇ ਨਿਰੀਖਣ ਕਰਨ ਤੋਂ ਬਾਅਦ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਉਨ੍ਹਾਂ ਪਹਿਲਾਂ ਹੋਏ ਇਲਾਜ ਸਬੰਧੀ ਕੋਈ ਵੀ ਜਾਣਕਾਰੀ ਹੋਣ ਤੋਂ ਇਨਕਾਰ ਵੀ ਕੀਤਾ। ਇਸ ਸਬੰਧੀ ਥਾਣਾ ਸਿਟੀ ਕੋਟਕਪੂਰਾ ਦੇ ਐੱਸ. ਆਈ. ਹਰਪ੍ਰੀਤ ਸਿੰਘ ਨੇ ਦੱਸਿਆ ਕਿ ਪੁਲਸ ਨੇ ਸੂਚਨਾ ਤੋਂ ਬਾਅਦ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ।
ਬੈਂਕ ਮੈਨੇਜਰ ਦੀ ਮਿਲੀ ਭੁਗਤ ਨਾਲ ਕੀਤਾ ਵੱਡਾ ਕਾਂਡ, ਕਿਸੇ ਹੋਰ ਦੇ ਨਾਂ ’ਤੇ 29 ਲੱਖ ਦਾ ਲਿਆ ਕਰਜ਼ਾ
NEXT STORY