ਦੁਬਈ: ਪੱਛਮੀ ਏਸ਼ੀਆ 'ਚ ਜੰਗ ਦੇ ਬੱਦਲ ਹੋਰ ਗੂੜ੍ਹੇ ਹੋ ਗਏ ਹਨ। ਇਜ਼ਰਾਈਲ ਤੇ ਈਰਾਨ ਵਿਚਾਲੇ ਚੱਲ ਰਹੀ ਖਿੱਚੋਤਾਣ ਹੁਣ ਖਾੜੀ ਦੇਸ਼ਾਂ ਦੇ ਤੇਲ ਤੇ ਗੈਸ ਭੰਡਾਰਾਂ ਤੱਕ ਪਹੁੰਚ ਗਈ ਹੈ। ਈਰਾਨ ਨੇ ਦਾਅਵਾ ਕੀਤਾ ਹੈ ਕਿ ਉਸ ਦਾ ਬਦਲਾ ਅਜੇ ਪੂਰਾ ਨਹੀਂ ਹੋਇਆ ਅਤੇ ਉਸ ਨੇ ਸਾਊਦੀ ਅਰਬ, ਕੁਵੈਤ, ਕਤਰ ਅਤੇ ਸੰਯੁਕਤ ਅਰਬ ਅਮੀਰਾ (UAE) ਦੀਆਂ ਤੇਲ ਰਿਫਾਇਨਰੀਆਂ 'ਤੇ ਤਾਬੜਤੋੜ ਹਮਲੇ ਕੀਤੇ ਹਨ।
ਈਰਾਨ ਦੀ ਚਿਤਾਵਨੀ: 'ਬਦਲਾ ਅਜੇ ਬਾਕੀ ਹੈ'
ਈਰਾਨ ਦੇ ਹਥਿਆਰਬੰਦ ਬਲਾਂ ਦੇ ਬੁਲਾਰੇ ਨੇ ਸਪੱਸ਼ਟ ਕੀਤਾ ਹੈ ਕਿ ਇਹ ਹਮਲੇ ਬੁੱਧਵਾਰ ਰਾਤ ਨੂੰ ਈਰਾਨ ਦੇ ਸਭ ਤੋਂ ਵੱਡੇ ਗੈਸ ਫੀਲਡ 'ਤੇ ਹੋਏ ਇਜ਼ਰਾਈਲੀ ਹਮਲੇ ਦਾ ਜਵਾਬ ਹਨ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਦੁਸ਼ਮਣ ਨੇ ਦੁਬਾਰਾ ਅਜਿਹੀ ਗਲਤੀ ਕੀਤੀ ਤਾਂ ਈਰਾਨ ਦੀ ਜਵਾਬੀ ਕਾਰਵਾਈ ਪਹਿਲਾਂ ਨਾਲੋਂ ਕਿਤੇ ਵੱਧ ਜ਼ੋਰਦਾਰ ਹੋਵੇਗੀ ਤੇ ਦੁਸ਼ਮਣ ਦੇ ਨਾਲ-ਨਾਲ ਉਨ੍ਹਾਂ ਦੇ ਸਹਿਯੋਗੀਆਂ ਦੇ ਬੁਨਿਆਦੀ ਢਾਂਚੇ ਨੂੰ ਵੀ ਤਬਾਹ ਕਰ ਦਿੱਤਾ ਜਾਵੇਗਾ।
ਕਈ ਰਿਫਾਇਨਰੀਆਂ 'ਚ ਲੱਗੀ ਭਿਆਨਕ ਅੱਗ
ਸੂਤਰਾਂ ਮੁਤਾਬਕ, ਈਰਾਨੀ ਡਰੋਨਾਂ ਅਤੇ ਮਿਜ਼ਾਈਲਾਂ ਨੇ ਖਾੜੀ ਦੇਸ਼ਾਂ ਦੇ ਕਈ ਅਹਿਮ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਹੈ। ਕੁਵੈਤ ਦੀ 'ਮੀਨਾ ਅਲ-ਅਹਿਮਦੀ' (ਜੋ ਰੋਜ਼ਾਨਾ 7,30,000 ਬੈਰਲ ਤੇਲ ਪੈਦਾ ਕਰਦੀ ਹੈ) ਅਤੇ 'ਮੀਨਾ ਅਬਦੁੱਲਾ' ਰਿਫਾਇਨਰੀਆਂ ਵਿੱਚ ਡਰੋਨ ਹਮਲੇ ਤੋਂ ਬਾਅਦ ਭਿਆਨਕ ਅੱਗ ਲੱਗ ਗਈ। ਇਸ ਤੋਂ ਇਲਾਵਾ 'ਸ਼ੁਆਇਬਾ' ਤੇਲ ਰਿਫਾਇਨਰੀ ਨੂੰ ਵੀ ਨਿਸ਼ਾਨਾ ਬਣਾਇਆ ਗਿਆ। ਸਾਊਦੀ ਅਰਬ ਦੇ ਲਾਲ ਸਾਗਰ 'ਤੇ ਸਥਿਤ 'ਸਾਮਰੇਫ' (SAMREF) ਰਿਫਾਇਨਰੀ 'ਤੇ ਡਰੋਨ ਨਾਲ ਹਮਲਾ ਕੀਤਾ ਗਿਆ। ਕਤਰ ਦੀ 'ਰਸ ਲਫਾਨ' ਐੱਲ.ਐੱਨ.ਜੀ. (LNG) ਫੈਸਿਲਿਟੀ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਹੈ, ਜਿਸ ਨਾਲ ਉੱਥੇ ਕਾਫੀ ਨੁਕਸਾਨ ਹੋਇਆ ਹੈ। ਯੂ.ਏ.ਈ. ਦੇ ਹਬਸ਼ਾਨ ਗੈਸ ਪਲਾਂਟ 'ਤੇ ਵੀ ਹਮਲਾ ਹੋਇਆ ਅਤੇ ਸਮੁੰਦਰੀ ਕੰਢੇ ਕੋਲ ਇੱਕ ਜਹਾਜ਼ ਨੂੰ ਅੱਗ ਲਗਾ ਦਿੱਤੀ ਗਈ।
ਤੇਲ ਦੀਆਂ ਕੀਮਤਾਂ 'ਚ ਭਾਰੀ ਉਛਾਲ
ਇਨ੍ਹਾਂ ਹਮਲਿਆਂ ਦਾ ਅਸਰ ਸਿੱਧਾ ਕੌਮਾਂਤਰੀ ਬਾਜ਼ਾਰ 'ਤੇ ਦੇਖਣ ਨੂੰ ਮਿਲ ਰਿਹਾ ਹੈ। ਬ੍ਰੈਂਟ ਕਰੂਡ ਆਇਲ ਦੀ ਕੀਮਤ ਵਧ ਕੇ 118 ਡਾਲਰ ਪ੍ਰਤੀ ਬੈਰਲ ਤੱਕ ਪਹੁੰਚ ਗਈ ਹੈ। ਦੱਸਿਆ ਜਾ ਰਿਹਾ ਹੈ ਕਿ 28 ਫਰਵਰੀ ਨੂੰ ਜਦੋਂ ਤੋਂ ਇਜ਼ਰਾਈਲ ਅਤੇ ਅਮਰੀਕਾ ਨੇ ਈਰਾਨ 'ਤੇ ਹਮਲੇ ਕਰਕੇ ਜੰਗ ਸ਼ੁਰੂ ਕੀਤੀ ਸੀ, ਉਦੋਂ ਤੋਂ ਹੁਣ ਤੱਕ ਤੇਲ ਦੀਆਂ ਕੀਮਤਾਂ 'ਚ 57 ਫੀਸਦੀ ਤੋਂ ਵੱਧ ਦਾ ਵਾਧਾ ਹੋ ਚੁੱਕਾ ਹੈ।
ਦੁਨੀਆ ਲਈ ਵਧੀ ਚਿੰਤਾ
ਈਰਾਨ ਵੱਲੋਂ ਸਟ੍ਰੇਟ ਆਫ ਹਾਰਮੁਜ਼ (Strait of Hormuz) 'ਤੇ ਕੰਟਰੋਲ ਵਧਾਉਣ ਤੇ ਸਮੁੰਦਰੀ ਜਹਾਜ਼ਾਂ ਨੂੰ ਨਿਸ਼ਾਨਾ ਬਣਾਉਣ ਨਾਲ ਵਿਸ਼ਵ ਪੱਧਰ 'ਤੇ ਊਰਜਾ ਸੰਕਟ ਦਾ ਡਰ ਪੈਦਾ ਹੋ ਗਿਆ ਹੈ, ਕਿਉਂਕਿ ਦੁਨੀਆ ਦਾ ਪੰਜਵਾਂ ਹਿੱਸਾ ਤੇਲ ਇਸੇ ਰਸਤੇ ਰਾਹੀਂ ਸਪਲਾਈ ਹੁੰਦਾ ਹੈ। ਮਾਹਰਾਂ ਦਾ ਮੰਨਣਾ ਹੈ ਕਿ ਜੇਕਰ ਇਹ ਤਣਾਅ ਨਾ ਘਟਿਆ ਤਾਂ ਆਉਣ ਵਾਲੇ ਦਿਨਾਂ 'ਚ ਗਲੋਬਲ ਆਰਥਿਕਤਾ ਨੂੰ ਵੱਡਾ ਝਟਕਾ ਲੱਗ ਸਕਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਪਾਕਿਸਤਾਨ ਤੇ ਅਫਗਾਨਿਸਤਾਨ ਵਿਚਾਲੇ ਆਰਜ਼ੀ ਜੰਗਬੰਦੀ ਦਾ ਚੀਨ ਨੇ ਕੀਤਾ ਸਵਾਗਤ
NEXT STORY