ਨਵੀਂ ਦਿੱਲੀ : ਦੇਸ਼ ਦੀ ਸਭ ਤੋਂ ਵੱਡੀ ਦੋ-ਪਹੀਆ ਵਾਹਨ (ਟੂ-ਵ੍ਹੀਲਰ) ਨਿਰਮਾਤਾ ਕੰਪਨੀ ਹੀਰੋ ਮੋਟੋਕੌਰਪ ਲਈ ਅਗਸਤ 2026 ਦਾ ਮਹੀਨਾ ਬਹੁਤ ਵਧੀਆ ਰਿਹਾ ਹੈ। ਕੰਪਨੀ ਨੇ ਘਰੇਲੂ ਬਾਜ਼ਾਰ ਅਤੇ ਨਿਰਯਾਤ (ਐਕਸਪੋਰਟ) ਨੂੰ ਮਿਲਾ ਕੇ ਕੁੱਲ 5,68,398 ਦੋ-ਪਹੀਆ ਵਾਹਨ ਵੇਚੇ ਹਨ। ਇਹ ਪਿਛਲੇ ਸਾਲ ਅਗਸਤ ਮਹੀਨੇ ਦੀਆਂ 5,53,727 ਯੂਨਿਟਾਂ ਦੇ ਮੁਕਾਬਲੇ ਸਾਲਾਨਾ ਆਧਾਰ 'ਤੇ 2.6 ਫ਼ੀਸਦੀ ਦੀ ਵਾਧਾ ਦਰ ਦਰਸਾਉਂਦਾ ਹੈ।
ਰਿਪੋਰਟ ਅਨੁਸਾਰ, ਹੀਰੋ ਦੀ ਘਰੇਲੂ ਬਾਜ਼ਾਰ ਵਿੱਚ ਵਿਕਰੀ 4.5 ਫ਼ੀਸਦੀ ਵਧ ਕੇ 5,42,305 ਯੂਨਿਟ ਹੋ ਗਈ ਹੈ, ਜੋ ਪਿਛਲੇ ਸਾਲ ਅਗਸਤ ਵਿੱਚ 5,19,139 ਯੂਨਿਟ ਸੀ। ਹਾਲਾਂਕਿ, ਕੰਪਨੀ ਦੇ ਨਿਰਯਾਤ (ਐਕਸਪੋਰਟ) ਵਿੱਚ ਵੱਡੀ ਗਿਰਾਵਟ ਦੇਖਣ ਨੂੰ ਮਿਲੀ ਹੈ। ਅਗਸਤ 2026 ਵਿੱਚ ਹੀਰੋ ਦਾ ਐਕਸਪੋਰਟ 24.5 ਫ਼ੀਸਦੀ ਦੀ ਵੱਡੀ ਗਿਰਾਵਟ ਨਾਲ 26,093 ਯੂਨਿਟ ਰਹਿ ਗਿਆ, ਜੋ ਪਿਛਲੇ ਸਾਲ ਅਗਸਤ ਵਿੱਚ 34,588 ਯੂਨਿਟ ਸੀ।
ਵਿਕਰੀ ਦੇ ਵੇਰਵਿਆਂ ਮੁਤਾਬਕ:
ਬਾਈਕ: ਹੀਰੋ ਦੀਆਂ ਮੋਟਰਸਾਈਕਲਾਂ ਦੀ ਵਿਕਰੀ ਵਿੱਚ 1.5 ਫ਼ੀਸਦੀ ਦੀ ਮਾਮੂਲੀ ਗਿਰਾਵਟ ਆਈ ਹੈ ਅਤੇ ਇਹ 4,93,851 ਯੂਨਿਟ ਰਹੀ ਹੈ। ਸਪਲੈਂਡਰ, ਗਲੈਮਰ ਐਕਸ, ਪੈਸ਼ਨ ਅਤੇ ਸੁਪਰ ਸਪਲੈਂਡਰ ਐਕਸਟੈਕ ਵਰਗੀਆਂ ਬਾਈਕਸ ਦੀ ਬਾਜ਼ਾਰ ਵਿੱਚ ਸਭ ਤੋਂ ਵੱਧ ਮੰਗ ਰਹੀ।
ਸਕੂਟਰ: ਦੂਜੇ ਪਾਸੇ, ਸਕੂਟਰਾਂ ਦੀ ਵਿਕਰੀ ਵਿੱਚ 42.8 ਫ਼ੀਸਦੀ ਦਾ ਬੰਪਰ ਉਛਾਲ ਦਰਜ ਕੀਤਾ ਗਿਆ ਹੈ। ਕੰਪਨੀ ਨੇ ਅਗਸਤ ਵਿੱਚ 74,547 ਸਕੂਟਰ ਵੇਚੇ ਹਨ, ਜਿਨ੍ਹਾਂ ਵਿੱਚ ਡੈਸਟੀਨੀ ਅਤੇ ਜ਼ੂਮ (Xoom) ਸਭ ਤੋਂ ਵੱਧ ਵਿਕਣ ਵਾਲੇ ਮਾਡਲ ਹਨ।
ਇਲੈਕਟ੍ਰਿਕ ਵਾਹਨ (EV): ਈਵੀ ਸੈਗਮੈਂਟ ਵਿੱਚ ਹੀਰੋ ਨੇ ਆਪਣੇ 'ਵਿਡਾ' (Vida) ਬ੍ਰਾਂਡ ਦੇ ਤਹਿਤ ਅਗਸਤ ਵਿੱਚ 25,558 ਟੂ-ਵ੍ਹੀਲਰ ਵੇਚੇ ਹਨ।
ਚਾਲੂ ਵਿੱਤੀ ਸਾਲ (ਅਪ੍ਰੈਲ ਤੋਂ ਅਗਸਤ 2026) ਦੀ ਗੱਲ ਕਰੀਏ ਤਾਂ ਹੀਰੋ ਨੇ ਹੁਣ ਤੱਕ ਕੁੱਲ 27.79 ਲੱਖ ਦੋ-ਪਹੀਆ ਵਾਹਨ ਵੇਚ ਦਿੱਤੇ ਹਨ, ਜੋ ਪਿਛਲੇ ਸਾਲ ਦੀ ਇਸੇ ਮਿਆਦ ਵਿੱਚ 23.71 ਲੱਖ ਯੂਨਿਟ ਸਨ। ਇਸ ਦੌਰਾਨ ਘਰੇਲੂ ਵਿਕਰੀ 22.34 ਲੱਖ ਤੋਂ ਵਧ ਕੇ 26.16 ਲੱਖ 'ਤੇ ਪਹੁੰਚ ਗਈ ਹੈ, ਜਦਕਿ ਕੁੱਲ ਐਕਸਪੋਰਟ ਵੀ 1.36 ਲੱਖ ਤੋਂ ਵਧ ਕੇ 1.63 ਲੱਖ ਹੋ ਗਿਆ ਹੈ। ਕੰਪਨੀ ਨੂੰ ਪੂਰੀ ਉਮੀਦ ਹੈ ਕਿ ਆਉਣ ਵਾਲੇ ਤਿਉਹਾਰੀ ਸੀਜ਼ਨ ਵਿੱਚ ਗੱਡੀਆਂ ਦੀ ਮੰਗ ਇਸੇ ਤਰ੍ਹਾਂ ਬਣੀ ਰਹੇਗੀ।
‘ਵਾਹਨ ਉਦਯੋਗ ਭਾਰਤੀ ਅਰਥਵਿਵਸਥਾ ਦਾ ਮਜ਼ਬੂਤ ਥੰਮ੍ਹ’
NEXT STORY