ਜਲੰਧਰ (ਸੁਧੀਰ) - ਕਮਿਸ਼ਨਰੇਟ ਪੁਲਸ ਜਲੰਧਰ ਨੇ ਹੁਣ ਬਿਨਾਂ ਹਾਈ ਸਕਿਓਰਿਟੀ ਨੰਬਰ ਪਲੇਟ ਦੇ ਵਾਹਨਾਂ ਨੂੰ ਤੇਲ ਨਾ ਦੇਣ ਦੇ ਪੈਟਰੋਲ ਪੰਪ ਮਾਲਕਾਂ ਨੂੰ ਨਿਰਦੇਸ਼ ਦਿੱਤੇ ਹਨ। ਪੁਲਸ ਦਾ ਤਰਕ ਹੈ ਕਿ ਵਾਰਦਾਤ ਤੋਂ ਬਾਅਦ ਅਜਿਹੇ ਮੁਲਜ਼ਮ ਫ਼ਰਾਰ ਹੋ ਜਾਂਦੇ ਹਨ ਪਰ ਨੰਬਰ ਪਲੇਟ ਦੀ ਗੜਬੜੀ ਕਾਰਨ ਉਨ੍ਹਾਂ ਦੀ ਪਛਾਣ ਕਰਨਾ ਔਖਾ ਹੋ ਜਾਂਦਾ ਹੈ। ਖਾਸ ਤੌਰ ’ਤੇ ਬਿਨਾਂ ਹਾਈ ਸਕਿਓਰਿਟੀ ਨੰਬਰ ਪਲੇਟ ਦੇ ਪੁਲਸ ਨੂੰ ਜ਼ਿਆਦਾ ਦਿੱਕਤ ਆਉਂਦੀ ਹੈ।
ਇਸ ਸਬੰਧ ਵਿਚ ਡੀ. ਸੀ. ਪੀ. ਲਾਅ ਐਂਡ ਆਰਡਰ ਜਸਰੂਪ ਬਾਠ ਨੇ ਕਿਹਾ ਕਿ ਕਮਿਸ਼ਨਰੇਟ ਪੁਲਸ ਦੀ ਹੱਦ ਵਿਚ ਕਈ ਵਾਰ ਦੇਖਿਆ ਗਿਆ ਹੈ ਕਿ ਕਈ ਟੂ-ਵ੍ਹੀਲਰ ਅਤੇ ਫੋਰ-ਵ੍ਹੀਲਰ ਬਿਨਾਂ ਨੰਬਰ ਪਲੇਟ, ਟੁੱਟੀ ਹੋਈ ਨੰਬਰ ਪਲੇਟ ਜਾਂ ਗਲਤ ਨੰਬਰ ਪਲੇਟ ਨਾਲ ਘੁੰਮਦੇ ਹਨ। ਇਹ ਮੋਟਰ ਵਾਹਨ ਐਕਟ ਤਹਿਤ ਵੀ ਗੈਰ-ਕਾਨੂੰਨੀ ਹੈ। ਇਸ ਵਜ੍ਹਾ ਕਰਕੇ ਕਮਿਸ਼ਨਰੇਟ ਪੁਲਸ ਨੇ ਬੀ. ਐੱਨ. ਐੱਸ. ਦੀ ਧਾਰਾ 163 ਤਹਿਤ ਇਹ ਹੁਕਮ ਜਾਰੀ ਕੀਤੇ ਹਨ।
ਡੀ. ਸੀ. ਪੀ. ਨੇ ਕਿਹਾ ਕਿ ਪੰਪ ਦੇ ਐਂਟਰੀ-ਐਗਜ਼ਿਟ ਪੁਆਇੰਟ, ਸੜਕ ਵਾਲੇ ਪਾਸੇ ਅਤੇ ਜਿੱਥੇ ਪੈਟਰੋਲ-ਡੀਜ਼ਲ ਡਿਸਪੈਂਸ ਹੁੰਦਾ ਹੈ, ਉੱਥੇ ਸੀ. ਸੀ. ਟੀ. ਵੀ. ਕੈਮਰੇ ਲਗਾਏ ਜਾਣਗੇ। ਸੀ. ਸੀ. ਟੀ. ਵੀ. ਦੀ ਫੁਟੇਜ 2 ਮਹੀਨਿਆਂ ਲਈ ਸੰਭਾਲ ਕੇ ਰੱਖਣੀ ਹੋਵੇਗੀ ਤਾਂ ਜੋ ਕੋਈ ਘਟਨਾ ਵਾਪਰਨ ’ਤੇ ਮਦਦ ਮਿਲ ਸਕੇ। ਡੀ. ਸੀ. ਪੀ. ਨੇ ਕਿਹਾ ਕਿ ਹੁਕਮਾਂ ਦੀ ਉਲੰਘਣਾ ਕਰਨ ਵਾਲੇ ਵਾਹਨ ਮਾਲਕ, ਚਾਲਕ, ਪੈਟਰੋਲ ਪੰਪ ਸੰਚਾਲਕ ਜਾਂ ਕਰਮਚਾਰੀ ਖ਼ਿਲਾਫ਼ ਬੀ. ਐੱਨ. ਐੱਸ. ਦੀ ਧਾਰਾ 223 ਅਤੇ ਮੋਟਰ ਵਹੀਕਲ ਐਕਟ ਦੀਆਂ ਲਾਗੂ ਧਾਰਾਵਾਂ ਤਹਿਤ ਕਾਨੂੰਨੀ ਕਾਰਵਾਈ ਕੀਤੀ ਜਾ ਸਕਦੀ ਹੈ।
ਪੈਟਰੋਲ ਪੰਪ ’ਤੇ ਬੋਰਡ ਲਗਾਉਣਾ ਜ਼ਰੂਰੀ : ਡੀ. ਸੀ. ਪੀ. ਨੇ ਕਿਹਾ ਕਿ ਸਾਰੇ ਪੈਟਰੋਲ ਪੰਪਾਂ ਅਤੇ ਸੀ. ਐੱਨ. ਜੀ. ਸਟੇਸ਼ਨਾਂ ਦੇ ਸੰਚਾਲਕਾਂ ਨੂੰ ਦਾਖਲਾ ਦੁਆਰ ਅਤੇ ਤੇਲ ਭਰਨ ਵਾਲੀ ਥਾਂ ’ਤੇ ਸੂਚਨਾ ਬੋਰਡ ਲਗਾਉਣਾ ਹੋਵੇਗਾ। ਬੋਰਡ ’ਤੇ ਸਾਫ਼ ਲਿਖਿਆ ਹੋਵੇਗਾ ਕਿ ਬਿਨਾਂ ਜਾਇਜ਼ ਨੰਬਰ ਪਲੇਟ ਵਾਲੇ ਵਾਹਨ ਨੂੰ ਤੇਲ ਨਹੀਂ ਦਿੱਤਾ ਜਾਵੇਗਾ। ਪੈਟਰੋਲ ਪੰਪ ਅਤੇ ਸੀ. ਐੱਨ. ਜੀ. ਸਟੇਸ਼ਨ ਸੰਚਾਲਕਾਂ ਨੂੰ ਆਪਣੇ ਸੀ. ਸੀ. ਟੀ. ਵੀ. ਹਰ ਸਮੇਂ ਚਾਲੂ ਰੱਖਣੇ ਪੈਣਗੇ।
ਕੈਮਰਿਆਂ ਵਿਚ ਸਪੱਸ਼ਟ ਰੂਪ ਵਿਚ ਰਿਕਾਰਡ ਹੋਣੀ ਚਾਹੀਦੀ ਹੈ ਨੰਬਰ ਪਲੇਟ : ਆਉਣ-ਜਾਣ ਵਾਲੇ ਵਾਹਨਾਂ ਦੀ ਅੱਗੇ ਅਤੇ ਪਿੱਛੇ ਦੀ ਨੰਬਰ ਪਲੇਟ ਕੈਮਰਿਆਂ ਵਿਚ ਸਪੱਸ਼ਟ ਤੌਰ ’ਤੇ ਰਿਕਾਰਡ ਹੋਣੀ ਚਾਹੀਦੀ ਹੈ। ਪੈਟਰੋਲ ਪੰਪ ਸੰਚਾਲਕਾਂ ਨੂੰ ਕੈਮਰਿਆਂ ਦੀ ਰਿਕਾਰਡਿੰਗ ਘੱਟੋ-ਘੱਟ 30 ਦਿਨਾਂ ਤੱਕ ਸੁਰੱਖਿਅਤ ਰੱਖਣੀ ਹੋਵੇਗੀ। ਪੁਲਸ ਨੂੰ ਲੋੜ ਪੈਣ ’ਤੇ ਇਹ ਫੁਟੇਜ ਮੁਹੱਈਆ ਕਰਵਾਉਣੀ ਲਾਜ਼ਮੀ ਹੋਵੇਗੀ।
ਡੀਏ ਦੀ ਚਿੱਠੀ ਮੁਲਾਜ਼ਮਾਂ ਨਾਲ 'ਆਪ' ਸਰਕਾਰ ਦਾ ਇੱਕ ਹੋਰ ਵੱਡਾ ਧੋਖਾ : ਕੇਵਲ ਸਿੰਘ ਢਿੱਲੋਂ
NEXT STORY