ਮੈਲਬੌਰਨ (ਮਨਦੀਪ ਸਿੰਘ ਸੈਣੀ)- ਆਸਟ੍ਰੇਲੀਆ ਦੇ ਵਿਕਟੋਰੀਆ ਸੂਬੇ ਵਿੱਚ ਭਾਰਤੀ ਭਾਈਚਾਰੇ ਲਈ ਇੱਕ ਵੱਡਾ ਮਾਣ ਵਾਲਾ ਪਲ ਸਾਹਮਣੇ ਆਇਆ ਹੈ। ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਮੰਡੀ ਨਾਲ ਸਬੰਧਤ ਅਭਿਸ਼ੇਕ ਅਵਸਥੀ ਨੂੰ ਗਰੇਟਰ ਬੈਂਡਿਗੋ ਸਿਟੀ ਕੌਂਸਲ ਦਾ ਨਵਾਂ ਮੇਅਰ ਚੁਣਿਆ ਗਿਆ ਹੈ। ਉਹ ਇਸ ਵੱਕਾਰੀ ਅਹੁਦੇ ’ਤੇ ਬਿਰਾਜਮਾਨ ਹੋਣ ਵਾਲੇ ਭਾਰਤੀ ਮੂਲ ਦੇ ਪਹਿਲੇ ਸ਼ਖ਼ਸ ਬਣ ਗਏ ਹਨ। ਮੈਲਬੌਰਨ ਤੋਂ ਲਗਭਗ ਦੋ ਘੰਟੇ ਦੀ ਦੂਰੀ ’ਤੇ ਸਥਿਤ ਬੈਂਡਿਗੋ ਆਪਣੀ ਅਮੀਰ ਇਤਿਹਾਸਕ ਵਿਰਾਸਤ ਲਈ ਜਾਣਿਆ ਜਾਂਦਾ ਹੈ।
ਬੈਂਡਿਗੋ ਦੇ ‘ਦਿ ਕੈਪੀਟਲ’ ਥੀਏਟਰ ਵਿਖੇ ਆਯੋਜਿਤ ਕੌਂਸਲ ਦੀ ਵਿਸ਼ੇਸ਼ ਮੀਟਿੰਗ ਦੌਰਾਨ ਤਮਾਮ ਕੌਂਸਲਰਾਂ ਦੀ ਸਮੂਹਿਕ ਸਹਿਮਤੀ ਨਾਲ ਅਵਸਥੀ ਦੀ ਚੋਣ ਕੀਤੀ ਗਈ। ਉਹ 2026–27 ਦੇ ਕਾਰਜਕਾਲ ਲਈ ਮੇਅਰ ਵਜੋਂ ਸੇਵਾਵਾਂ ਦੇਣਗੇ, ਜਦਕਿ ਐਂਡਰੀਆ ਮੈਟਕਾਫ਼ ਨੂੰ ਡਿਪਟੀ ਮੇਅਰ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਜ਼ਿਕਰਯੋਗ ਹੈ ਕਿ ਅਭਿਸ਼ੇਕ ਅਵਸਥੀ 2024 ਦੀਆਂ ਲੋਕਲ ਕੌਂਸਲ ਚੋਣਾਂ ਵਿੱਚ ਕੈਨਿੰਗਟਨ ਵਾਰਡ ਤੋਂ 58.86 ਫ਼ੀਸਦੀ ਪਹਿਲੀ ਤਰਜੀਹੀ ਵੋਟਾਂ ਨਾਲ ਸ਼ਾਨਦਾਰ ਜਿੱਤ ਦਰਜ ਕਰਕੇ ਕੌਂਸਲਰ ਬਣੇ ਸਨ। ਇਸ ਤੋਂ ਬਾਅਦ ਉਨ੍ਹਾਂ 2024–25 ਦੌਰਾਨ ਡਿਪਟੀ ਮੇਅਰ ਵਜੋਂ ਵੀ ਸੇਵਾ ਨਿਭਾਈ। ਕੌਂਸਲਰ ਬਣਨ ਤੋਂ ਬਾਅਦ ਮਹਿਜ਼ ਦੋ ਸਾਲਾਂ ਦੇ ਛੋਟੇ ਜਿਹੇ ਅਰਸੇ ਵਿੱਚ ਮੇਅਰ ਦੇ ਅਹੁਦੇ ਤੱਕ ਪਹੁੰਚਣਾ ਉਨ੍ਹਾਂ ਦੀ ਬਹਿਤਰੀਨ ਲੀਡਰਸ਼ਿਪ ਦਾ ਪ੍ਰਮਾਣ ਹੈ।
ਪੜ੍ਹੋ ਇਹ ਅਹਿਮ ਖ਼ਬਰ- ਕੈਨੇਡਾ ਨੇ ਵਿਦੇਸ਼ੀ ਕਾਮਿਆਂ ਲਈ ਕਰ'ਤਾ ਵੱਡਾ ਐਲਾਨ, ਵਧਾਈ ਵਰਕ ਪਰਮਿਟ ਦੀ ਮਿਆਦ
ਅਵਸਥੀ ਸਾਲ 2008 ਵਿੱਚ ਇੱਕ ਅੰਤਰਰਾਸ਼ਟਰੀ ਵਿਦਿਆਰਥੀ ਵਜੋਂ ਆਸਟ੍ਰੇਲੀਆ ਆਏ ਸਨ, ਜਿੱਥੇ ਉਨ੍ਹਾਂ ਲਾ ਟਰੋਬ ਯੂਨੀਵਰਸਿਟੀ ਤੋਂ ਬਾਇਓਟੈਕਨਾਲੋਜੀ ਅਤੇ ਬਾਇਓਇਨਫਾਰਮੈਟਿਕਸ ਵਿੱਚ ਉੱਚੀ ਸਿੱਖਿਆ ਹਾਸਲ ਕੀਤੀ। ਇਸ ਤੋਂ ਬਾਅਦ 2010 ਵਿੱਚ ਰੋਜ਼ਗਾਰ ਦੇ ਸਿਲਸਿਲੇ ਵਿੱਚ ਉਹ ਬੈਂਡਿਗੋ ਆਏ ਅਤੇ ਪੱਕੇ ਤੌਰ 'ਤੇ ਇੱਥੇ ਹੀ ਵੱਸ ਗਏ। ਆਪਣੀ ਪੜ੍ਹਾਈ ਅਤੇ ਰੋਜ਼ਗਾਰ ਦੇ ਨਾਲ-ਨਾਲ ਉਹ ਬੈਂਡਿਗੋ ਵਿੱਚ ਲਗਾਤਾਰ ਸਮਾਜਿਕ ਅਤੇ ਭਾਈਚਾਰਕ ਕਾਰਜਾਂ ਵਿੱਚ ਸਰਗਰਮ ਰਹੇ। ਰੋਟਰੀ ਕਲੱਬ ਅਤੇ ਬਹੁ-ਸੱਭਿਆਚਾਰਕ ਸੰਸਥਾਵਾਂ ਨਾਲ ਜੁੜਨ ਤੋਂ ਇਲਾਵਾ ਉਨ੍ਹਾਂ ‘ਇੰਡੀਅਨ ਐਸੋਸੀਏਸ਼ਨ ਆਫ਼ ਬੈਂਡਿਗੋ’ ਦੀ ਸਥਾਪਨਾ ਵਿੱਚ ਵੀ ਮੁੱਖ ਭੂਮਿਕਾ ਨਿਭਾਈ। ਮੇਅਰ ਵਜੋਂ ਚੁਣੇ ਜਾਣ ਉਪਰੰਤ ਅਵਸਥੀ ਨੇ ਆਪਣੇ ਸਾਥੀ ਕੌਂਸਲਰਾਂ, ਪਰਿਵਾਰਕ ਮੈਂਬਰਾਂ ਅਤੇ ਸਥਾਨਕ ਭਾਈਚਾਰੇ ਦਾ ਧੰਨਵਾਦ ਪ੍ਰਗਟਾਇਆ। ਉਨ੍ਹਾਂ ਕਿਹਾ ਕਿ ਆਮ ਲੋਕਾਂ ਦੀਆਂ ਲੋੜਾਂ ਨੂੰ ਪਹਿਲ ਦੇਣਾ ਅਤੇ ਖੇਤਰ ਵਿੱਚ ਛੋਟੇ ਕਾਰੋਬਾਰਾਂ, ਸੈਰ-ਸਪਾਟੇ ਤੇ ਬੁਨਿਆਦੀ ਵਿਕਾਸ ਨੂੰ ਉਤਸ਼ਾਹਿਤ ਕਰਨਾ ਉਨ੍ਹਾਂ ਦਾ ਮੁੱਖ ਮਕਸਦ ਹੋਵੇਗਾ। ਇਸ ਦੇ ਨਾਲ ਹੀ ਉਨ੍ਹਾਂ ਨਵੀਂ ਡਿਪਟੀ ਮੇਅਰ ਐਂਡਰੀਆ ਮੈਟਕਾਫ਼ ਨੂੰ ਵਧਾਈ ਦਿੰਦਿਆਂ ਗਰੇਟਰ ਬੈਂਡਿਗੋ ਦੀ ਬਿਹਤਰੀ ਲਈ ਪੂਰੀ ਟੀਮ ਨਾਲ ਮਿਲ ਕੇ ਕੰਮ ਕਰਨ ਦਾ ਵਚਨ ਦੁਹਰਾਇਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਹਿਮਾਚਲ ਦੇ ਸਿਰਮੌਰ 'ਚ ਖੱਡ 'ਚ ਡਿੱਗੀ ਪਾਰਕ ਕੀਤੀ ਗੱਡੀ, ਇੱਕ ਵਿਅਕਤੀ ਦੀ ਮੌਤ
NEXT STORY