ਮੁਕੇਰੀਆਂ (ਨਾਗਲਾ) : ਮੁਕੇਰੀਆਂ ਪੁਲਸ ਨੇ ਗੰਨਾ ਕਿਸਾਨਾਂ ਵੱਲੋਂ ਰੋਸ ਪ੍ਰਦਰਸ਼ਨ ਦੌਰਾਨ ਬੀਤੀ ਰਾਤ ਸੜਕ ਦੇ ਵਿਚਕਾਰ ਖੜੀ ਕੀਤੀ ਗਈ ਟਰਾਲੀ ਨਾਲ ਮੋਟਰਸਾਈਕਲ ਦੇ ਟਕਰਾਉਣ ਕਾਰਨ ਨੌਜਵਾਨ ਦੀ ਹੋਈ ਮੌਤ ਦੇ ਸਬੰਧ ਚ 19 ਪ੍ਰਦਰਸ਼ਨਕਾਰੀ ਗੰਨਾ ਕਿਸਾਨਾਂ, 2 ਔਰਤਾਂ ਅਤੇ 60 ਅਣਪਛਾਤੇ ਕਿਸਾਨਾਂ ਵਿਰੁੱਧ ਮਾਮਲਾ ਦਰਜ ਕੀਤਾ ਹੈ। ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਪ੍ਰਿੰਸਪਾਲ ਸਿੰਘ ਨੇ ਦੱਸਿਆ ਕਿ ਦੀਨਾਨਾਥ ਪੁੱਤਰ ਸੁਖਦੇਵ ਸਿੰਘ ਨਿਵਾਸੀ ਪਿੰਡ ਦਗਨ ਥਾਣਾ ਹਾਜੀਪੁਰ ਵੱਲੋਂ ਦਿੱਤੇ ਬਿਆਨ ਅਨੁਸਾਰ ਉਸਦੇ ਵੱਡੇ ਭਰਾ ਕੁਲਦੀਪ ਸਿੰਘ ਦੇ ਪੁੱਤਰ ਦਾ ਵਿਆਹ 25 ਨਵੰਬਰ ਨੂੰ ਹੈ। ਉਸ ਨੇ ਦੱਸਿਆ ਕਿ ਉਸਦਾ ਪੁੱਤਰ ਨਿਤੀਸ਼ ਕੁਮਾਰ (29), ਆਪਣੇ ਚਚੇਰੇ ਭਰਾ ਸਾਹਿਲ ਸਿੰਘ ਪੁੱਤਰ ਦਲਜੀਤ ਸਿੰਘ ਵਾਸੀ ਦਗਨ ਨਾਲ ਮੋਟਰਸਾਈਕਲ ਤੇ ਸਵਾਰ ਹੋ ਕੇ ਮੁਕੇਰੀਆਂ ਆਇਆ ਸੀ। ਉਸ ਨੇ ਦੱਸਿਆ ਕਿ ਉਹ ਆਪ ਅਤੇ ਇੱਕ ਹੋਰ ਮੁੰਡਾ ਆਪਣੇ ਮੋਟਰਸਾਈਕਲ ਤੇ ਇਹਨਾਂ ਦੇ ਪਿੱਛੇ ਪਿੱਛੇ ਆ ਰਹੇ ਸੀ। ਕਿਸਾਨਾਂ ਵੱਲੋਂ ਟਰੈਕਟਰ ਟਰਾਲੀਆਂ ਨੈਸ਼ਨਲ ਹਾਈਵੇਅ ਦੇ ਵਿਚਕਾਰ ਬਿਨਾਂ ਕਿਸੇ ਲਾਈਟ, ਰਿਫਲੈਕਟਰ ਜਾਂ ਇੰਡੀਕੇਟਰ ਦੇ ਖੜੀਆਂ ਕੀਤੀਆਂ ਹੋਈਆਂ ਸੀ ਅਤੇ ਇੱਕ ਟੈਂਟ ਲਗਾ ਕੇ ਰਸਤਾ ਰੋਕਿਆ ਹੋਇਆ ਸੀ। ਉਸ ਨੇ ਦੱਸਿਆ ਕਿ ਰਾਤ ਦੇ ਲਗਭਗ 9:10 ਵਜੇ ਹਨੇਰੇ ਕਾਰਨ ਉਸਦੇ ਪੁੱਤਰ ਨਿਤੀਸ਼ ਕੁਮਾਰ ਨੇ ਆਪਣਾ ਮੋਟਰਸਾਈਕਲ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਸਦਾ ਮੋਟਰਸਾਈਕਲ ਟਰਾਲੀ ਦੇ ਹੇਠਾਂ ਵੜ ਗਿਆ। ਜਿਸ ਕਾਰਨ ਉਸ ਦਾ ਲੜਕਾ ਨਿਤਿਸ਼ ਕੁਮਾਰ ਅਤੇ ਉਸਦਾ ਚਚੇਰਾ ਭਰਾ ਸਾਹਿਲ ਸਿੰਘ ਗੰਭੀਰ ਰੂਪ ਵਿੱਚ ਜਖਮੀ ਹੋ ਗਏ।
ਉਸ ਨੇ ਦੱਸਿਆ ਕਿ ਜਦੋਂ ਉਹਨਾਂ ਨਜ਼ਦੀਕ ਜਾ ਕੇ ਦੇਖਿਆ ਤਾਂ ਉਸ ਦੇ ਪੁੱਤਰ ਨਿਤਿਸ਼ ਦੇ ਜਿਆਦਾ ਸੱਟਾਂ ਲੱਗਣ ਕਾਰਨ ਮੋਤ ਹੋ ਚੁਕੀ ਸੀ ਅਤੇ ਸਾਹਿਲ ਸਿੰਘ ਵੀ ਗੰਭੀਰ ਜਖਮੀ ਹੋਇਆ ਸੀ। ਸਾਹਿਲ ਸਿੰਘ ਨੂੰ ਜ਼ਖਮੀ ਹਾਲਤ ਵਿੱਚ ਸਿਵਲ ਹਸਪਤਾਲ ਮੁਕੇਰੀਆਂ ਲਿਜਾਇਆ ਗਿਆ, ਜਿੱਥੇ ਉਸਦੀ ਹਾਲਤ ਨਾਜ਼ੁਕ ਬਣੀ ਹੋਈ ਸੀ ਅਤੇ ਬਾਅਦ ਵਿੱਚ ਉਸਨੂੰ ਜਲੰਧਰ ਰੈਫਰ ਕਰ ਦਿੱਤਾ ਗਿਆ। ਮਿ੍ਤਕ ਦੇ ਪਿਤਾ ਨੇ ਬਿਆਨ ਦਿੰਦੇ ਹੋਏ ਦੱਸਿਆ ਕਿ ਉਸ ਦੇ ਲੜਕੇ ਨਿਤੀਸ਼ ਕੁਮਾਰ ਦੀ ਮੌਤ ਉਂਕਾਰ ਸਿੰਘ ਪੁੱਤਰ ਰਾਮ ਸਿੰਘ ਵਾਸੀ ਪੁਰਾਣਾ ਭੰਗਾਲਾ, ਕੁਲਵਿੰਦਰ ਸਿੰਘ ਵਾਸੀ ਮੰਝਪੁਰ, ਜਗਦੇਵ ਸਿੰਘ ਜੱਗੂ ਵਾਸੀ ਭੱਟੀਆਂ ਰਾਜਪੂਤਾਂ, ਅਜੈਬ ਸਿੰਘ ਵਾਸੀ ਥਾਣਾ ਹਾਜੀਪੁਰ, ਗੁਰਨਾਮ ਸਿੰਘ ਵਾਸੀ ਜਹਾਨਪੁਰ, ਗੁਰਪ੍ਰਤਾਪ ਸਿੰਘ ਵਾਸੀ ਰੰਧਾਵਾ ਕਲੋਨੀ ਜਿਲਾ ਗੁਰਦਾਸਪੁਰ, ਉਸਦੀ ਪਤਨੀ ਅਤੇ ਬੇਟਾ, ਬਾਬਾ ਗੁਰਦੇਵ ਸਿੰਘ ਨਿੰਹਗ ਵਾਸੀ ਕਾਲਾ ਪਿੰਡ ਥਾਣਾ ਦਸੂਹਾ, ਬਾਬਾ ਰਣਦੀਪ ਸਿੰਘ ਵਾਸੀ ਧਨੋਆ, ਅਮਰਜੀਤ ਸਿੰਘ ਵਾਸੀ ਰੜਾ ਥਾਣਾ ਟਾਂਡਾ, ਸਤਨਾਮ ਸਿੰਘ ਵਾਸੀ ਬਾਗੜੀਆਂ ਜਿਲਾ ਗੁਰਦਾਸਪੁਰ, ਬੀਬੀ ਬਲਵਿੰਦਰ ਕੌਰ ਖਾਲਸਾ ਵਾਸੀ ਰੰਧਾਵਾ ਕਲੋਨੀ ਮੁਕੇਰੀਆਂ,ਵਿਜੇ ਕੁਮਾਰ ਵਾਸੀ ਬਹਿਬਲ ਮੰਝ, ਕਾਮਰੇਡ ਧਿਆਨ ਸਿੰਘ ਵਾਸੀ ਚਨੌਰ, ਸੁਰਜੀਤ ਸਿੰਘ ਬਿਲਾ ਵਾਸੀ ਨਵਾਂ ਭੰਗਾਲਾ, ਜਗਦੀਸ਼ ਸਿੰਘ ਰਾਜਾ ਵਾਸੀ ਮਹਿਤਪੁਰ ਥਾਣਾ ਮੁਕੇਰੀਆਂ, ਦਲੀਪ ਸਿੰਘ ਰੋਕੀ ਵਾਸੀ ਜਿਲਾ ਗੁਰਦਾਸਪੁਰ, ਸੋਨੂੰ ਔਲਖ ਵਾਸੀ ਜਿਲਾ ਗੁਰਦਾਸਪੁਰ, ਬਲਬੀਰ ਸਿੰਘ ਵਾਸੀ ਗੁਰਦਾਸਪੁਰ, ਹਰਪ੍ਰੀਤ ਸਿੰਘ ਸੰਧੂ ਵਾਸੀ ਬੁਧੋ ਬਰਕਤ ਥਾਣਾ ਦਸੂਹਾ ਅਤੇ ਹੋਰ ਕਰੀਬ 50/60 ਨਾਂ ਮਾਲੂਮ ਵਿਅਕਤੀਆਂ ਵੱਲੋ ਹਨੇਰੇ ਵਿੱਚ ਬਿਨਾਂ ਕਿਸੇ ਰਿਫਲੈਕਟਰਾਂ ਦੇ ਟਰੈਕਟਰ ਟਰਾਲੀਆਂ ਲਗਾ ਕੇ ਖੜਾ ਕੀਤੇ ਜਾਣ ਕਾਰਨ ਹੋਈ ਹੈ।
ਜਦੋਂ ਕਿ ਪੜ੍ਹੇ ਲਿਖੇ ਕਿਸਾਨ ਇਹ ਸਭ ਜਾਣਦੇ ਸੀ ਕਿ ਅਜਿਹਾ ਕਰਨ ਦੇ ਨਾਲ ਕਿਸੇ ਵਿਅਕਤੀ ਦੀ ਜਾਨ ਨੂੰ ਖਤਰਾ ਹੋ ਸਕਦਾ ਹੈ। ਥਾਣਾ ਮੁਖੀ ਪ੍ਰਿੰਸਪਾਲ ਸਿੰਘ ਨੇ ਦੱਸਿਆ ਕਿ ਉਕਤ ਵਿਅਕਤੀਆਂ ਵਿਰੁੱਧ ਧਾਰਾ 105, 285, 125 ਏ, 125 ਬੀ ਅਤੇ ਨੈਸ਼ਨਲ ਹਾਈਵੇ ਐਕਟ ਦੀ ਧਾਰਾ 8 ਬੀ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਪਿੰਡ ਵਾਸੀਆਂ ਨੂੰ ਨਾਲ ਲੈ ਕੇ ਅੱਜ ਮੁਕੇਰੀਆਂ ਪੁਲਸ ਸਟੇਸ਼ਨ ਦੇ ਸਾਹਮਣੇ ਇਨਸਾਫ਼ ਦੀ ਮੰਗ ਕਰਦੇ ਹੋਏ ਧਰਨਾ ਦਿੱਤਾ। ਇਸ ਤੋਂ ਬਾਅਦ ਹੀ ਮੁਕੇਰੀਆਂ ਪੁਲਸ ਵੱਲੋਂ ਮਾਮਲਾ ਦਰਜ ਕੀਤਾ ਗਿਆ। ਜ਼ਿਕਰਯੋਗ ਹੈ ਕਿ ਸੰਯੁਕਤ ਗੰਨਾ ਸੰਘਰਸ਼ ਕਮੇਟੀ ਪੰਜਾਬ ਦੇ ਸੱਦੇ ਤੇ ਗੰਨਾ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ 15 ਨਵੰਬਰ ਤੋਂ ਮੁਕੇਰੀਆਂ ਸ਼ੂਗਰ ਮਿੱਲ ਦੇ ਗੇਟ ਦੇ ਸਾਹਮਣੇ ਅਣਮਿੱਥੇ ਸਮੇਂ ਲਈ ਧਰਨਾ ਚੱਲ ਰਿਹਾ ਸੀ। ਜਦੋਂ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੋਈਆਂ ਤਾਂ ਗੰਨਾ ਕਿਸਾਨਾਂ ਨੇ 17 ਨਵੰਬਰ ਦੁਪਹਿਰ 12:00 ਵਜੇ ਪਠਾਨਕੋਟ ਤੋਂ ਜਲੰਧਰ ਜਾਣ ਵਾਲੇ ਜਲੰਧਰ-ਪਠਾਨਕੋਟ ਰਾਸ਼ਟਰੀ ਰਾਜਮਾਰਗ ਦੇ ਇੱਕ ਹਿੱਸੇ ਨੂੰ ਖਾਲੀ ਟਰਾਲੀਆਂ ਨਾਲ ਜਾਮ ਕਰ ਦਿੱਤਾ ਸੀ। ਉਹ ਰਾਤ ਲਈ ਹਾਈਵੇਅ ਤੇ ਟੈਂਟ ਅਤੇ ਬਿਸਤਰੇ ਲਗਾ ਕੇ ਸੌਣ ਦੀ ਤਿਆਰੀ ਕਰ ਰਹੇ ਸਨ। ਇਨੇ ਨੂੰ ਖਾਲੀ ਗੰਨੇ ਦੀ ਟਰਾਲੀ ਨੌਜਵਾਨ ਲਈ ਮੌਤ ਦਾ ਕਾਰਨ ਬਣ ਗਈ।
ਗੜ੍ਹਸ਼ੰਕਰ ਦੇ ਵਿਕਾਸ ਕਾਰਜਾਂ ਨੂੰ ਲੈ ਕੇ ਨਿਮਿਸ਼ਾ ਮਹਿਤਾ ਨੇ ਘੇਰੀ ਸਰਕਾਰ, ਜੈ ਕ੍ਰਿਸ਼ਨ ਰੌੜੀ ਤੋਂ ਮੰਗਿਆ ਜਵਾਬ
NEXT STORY