ਵਾਸ਼ਿੰਗਟਨ (ਬਿਊਰੋ)— ਅਮਰੀਕਾ ਦੇ ਜਾਰਜੀਆ ਦਾ ਇਕ ਦਿਲ ਦਹਿਲਾ ਲੈਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਨਰਸ ਨੇ ਨਵਜੰਮੇ 18 ਦਿਨ ਦੇ ਬੱਚੇ ਦਾ ਪ੍ਰਾਈਵੇਟ ਪਾਰਟ ਗਲਤੀ ਨਾਲ ਕੱਟ ਦਿੱਤਾ ਸੀ। ਅਦਾਲਤ ਨੇ ਹੁਣ 4 ਸਾਲ ਦੇ ਹੋ ਚੁੱਕੇ ਇਸ ਬੱਚੇ ਨੂੰ 24 ਮਿਲੀਅਨ ਪੌਂਡ ਮਤਲਬ 229 ਕਰੋੜ ਰੁਪਏ ਦਾ ਮੁਆਵਜ਼ਾ ਦੇਣ ਦਾ ਆਦੇਸ਼ ਦਿੱਤਾ ਹੈ। ਇਕ ਅੰਗਰੇਜ਼ੀ ਅਖਬਾਰ ਦੀ ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਬੱਚਾ ਲਾਈਫ ਸਾਈਕਲ ਪੇਡੀਆਟ੍ਰਿਕਸ ਹਸਪਤਾਲ ਰਿਵਰਡੇਲ ਵਿਚ ਭਰਤੀ ਸੀ। ਇੱਥੇ ਇਕ ਨਰਸ ਮੇਲੀਸਾ ਜੋਨਸ ਬੱਚੇ ਦਾ ਖਤਨਾ ਕਰ ਰਹੀ ਸੀ ਪਰ ਗਲਤੀ ਨਾਲ ਉਸ ਨੇ ਬੱਚੇ ਦਾ ਲਿੰਗ ਹੀ ਕੱਟ ਦਿੱਤਾ।
ਰਿਪੋਰਟ ਮੁਤਾਬਕ ਇਸ ਮਗਰੋਂ ਬੱਚੇ ਦੀ ਐਮਰਜੈਂਸੀ ਸਰਜਰੀ ਕਰ ਕੇ ਲਿੰਗ ਜੋੜਨ ਦੀ ਬਜਾਏ ਨਰਸ ਜੋਨਸ ਅਤੇ ਡਾਕਟਰ ਨੇ ਕੱਟੇ ਹੋਏ ਹਿੱਸੇ ਨੂੰ ਫਰਿੱਜ਼ ਵਿਚ ਰੱਖ ਦਿੱਤਾ ਅਤੇ ਖੂਨ ਵੱਗਣ ਦੇ ਬਾਵਜੂਦ ਬੱਚੇ ਨੂੰ ਘਰ ਭੇਜ ਦਿੱਤਾ। ਅਕਤੂਬਰ 2013 ਵਿਚ ਹੋਏ ਆਪਰੇਸ਼ਨ ਦੇ ਬਾਅਦ ਇਸ ਕੇਸ ਦੀ ਲਗਾਤਾਰ ਸੁਣਵਾਈ ਚੱਲ ਰਹੀ ਹੈ। ਇਹੀ ਨਹੀਂ ਬੱਚੇ ਦਾ ਲਗਾਤਾਰ ਇਲਾਜ ਵੀ ਕੀਤਾ ਜਾ ਰਿਹਾ ਹੈ। ਮਿਨੀਸੋਟਾ ਅਤੇ ਮੈਸੇਚੁਸੇਟਸ ਵਿਚ ਬੱਚੇ ਦੀ ਸਰਜਰੀ ਕੀਤੀ ਗਈ ਤਾਂ ਜੋ ਬੱਚਾ ਬਿਨਾ ਤਕਲੀਫ ਦੇ ਯੂਰਿਨ ਕਰ ਸਕੇ। ਡਾਕਟਰਾਂ ਨੂੰ ਉਮੀਦ ਹੈ ਕਿ ਵੱਡਾ ਹੋਣ 'ਤੇ ਉਹ ਜਣਨ ਕਿਰਿਆ ਵੀ ਕਰ ਸਕੇਗਾ।
ਡਾਕਟਰਾਂ ਦਾ ਕਹਿਣਾ ਹੈ ਕਿ ਬੱਚਾ ਜਦੋਂ ਥੋੜ੍ਹਾ ਹੋਰ ਵੱਡਾ ਹੋਵੇਗਾ ਤਾਂ ਉਸ ਦੇ ਦੁਬਾਰਾ ਟੈਸਟ ਕੀਤੇ ਜਾਣਗੇ। ਇਹ ਯਕੀਨੀ ਕੀਤਾ ਜਾਵੇਗਾ ਕਿ ਉਸ ਨੂੰ ਦੁਬਾਰਾ ਸਰਜਰੀ ਦੀ ਲੋੜ ਤਾਂ ਨਹੀਂ ਹੈ। ਇਸ ਦੇ ਇਲਾਵਾ ਉਸ ਦੇ ਸਾਰੇ ਅੰਗ ਠੀਕ ਤਰੀਕੇ ਨਾਲ ਕੰਮ ਕਰ ਰਹੇ ਹਨ ਜਾਂ ਨਹੀਂ। ਬੱਚੇ ਅਤੇ ਉਸ ਦੀ ਮਾਂ ਦੇ ਵਕੀਲ ਨੇ ਕਲੇਟਨ ਕਾਊਂਟੀ ਵਿਚ ਕਿਹਾ ਕਿ ਬੱਚਾ ਇਸ ਹਾਦਸੇ ਕਾਰਨ ਕਈ ਸਾਲਾਂ ਤੱਕ ਮਾਨਸਿਕ ਤਣਾਅ ਵਿਚੋਂ ਲੰਘੇਗਾ। ਵਕੀਲ ਨੇ ਅਦਾਲਤ ਵਿਚ ਕਿਹਾ ਕਿ ਹੋ ਸਕਦਾ ਹੈ ਜਦੋਂ ਬੱਚਾ ਵੱਡਾ ਹੋਵੇਗਾ ਤਾਂ ਉਸ ਨੂੰ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪਵੇਗਾ। ਇਸ ਗੱਲ ਦੀ ਵੀ ਸੰਭਾਵਨਾ ਹੈ ਕਿ ਉਸ ਨੂੰ ਵਿਆਹ ਵਿਚ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ। ਅਦਾਲਤ ਨੇ ਦੋਹਾਂ ਪੱਖਾਂ ਦੀਆਂ ਦਲੀਲਾਂ ਸੁਣਨ ਮਗਰੋਂ ਬੱਚੇ ਨੂੰ 24 ਮਿਲੀਅਨ ਪੌਡ ਮਤਲਬ 229 ਕਰੋੜ ਰੁਪਏ ਮੁਆਵਜ਼ਾ ਦੇਣ ਦਾ ਆਦੇਸ਼ ਦਿੱਤਾ।
ਇਟਲੀ 'ਚ ਲੁੱਟ-ਖੋਹ ਦਾ ਸ਼ਿਕਾਰ ਹੋਇਆ ਡਾਕਟਰ ਪਰਿਵਾਰ, ਔਰਤ ਦੇ ਵੱਢੇ ਕੰਨ
NEXT STORY