ਇਸਲਾਮਾਬਾਦ: ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜਾ ਆਸਿਫ ਨੇ ਦੇਸ਼ ਦੀ ਸੰਸਦ ਵਿੱਚ ਇੱਕ ਬੇਹੱਦ ਹੈਰਾਨੀਜਨਕ ਤੇ ਤਿੱਖਾ ਬਿਆਨ ਦਿੰਦਿਆਂ ਕਿਹਾ ਹੈ ਕਿ ਅਮਰੀਕਾ ਨੇ ਪਾਕਿਸਤਾਨ ਦਾ ਇਸਤੇਮਾਲ 'ਟਾਇਲਟ ਪੇਪਰ' ਤੋਂ ਵੀ ਬਦਤਰ ਤਰੀਕੇ ਨਾਲ ਕੀਤਾ ਅਤੇ ਆਪਣਾ ਮਤਲਬ ਨਿਕਲਣ ਤੋਂ ਬਾਅਦ ਉਸ ਨੂੰ ਦੂਰ ਸੁੱਟ ਦਿੱਤਾ। ਆਸਿਫ ਦੇ ਇਸ ਬਿਆਨ ਨੇ ਪਾਕਿਸਤਾਨ ਦੀਆਂ ਦਹਾਕਿਆਂ ਪੁਰਾਣੀਆਂ ਵਿਦੇਸ਼ ਅਤੇ ਸੁਰੱਖਿਆ ਨੀਤੀਆਂ 'ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ।
ਸੰਸਦ ਵਿੱਚ ਬੋਲਦਿਆਂ ਰੱਖਿਆ ਮੰਤਰੀ ਨੇ ਸਪੱਸ਼ਟ ਰੂਪ ਵਿੱਚ ਕਬੂਲ ਕੀਤਾ ਕਿ ਅਫਗਾਨਿਸਤਾਨ ਵਿੱਚ ਪਾਕਿਸਤਾਨ ਨੇ ਕੋਈ ਧਾਰਮਿਕ ਜੰਗ ਨਹੀਂ, ਸਗੋਂ ਅਮਰੀਕਾ ਵੱਲੋਂ ਥੋਪਿਆ ਗਿਆ 'ਮੇਡ ਇਨ ਅਮਰੀਕਾ ਜੇਹਾਦ' ਲੜਿਆ ਸੀ। ਉਨ੍ਹਾਂ ਕਿਹਾ ਕਿ 1980 ਦੇ ਦਹਾਕੇ ਵਿੱਚ ਅਫਗਾਨ ਜੰਗ ਨੂੰ ਧਾਰਮਿਕ ਰੰਗ ਦੇਣਾ ਪਾਕਿਸਤਾਨ ਦੀ ਸਭ ਤੋਂ ਵੱਡੀ ਇਤਿਹਾਸਕ ਗਲਤੀ ਸੀ।
ਕਿਰਾਏ 'ਤੇ ਉਪਲਬਧ ਸੀ ਦੇਸ਼
ਖਵਾਜਾ ਆਸਿਫ ਨੇ ਕਿਹਾ ਕਿ 9/11 ਦੇ ਹਮਲਿਆਂ ਤੋਂ ਬਾਅਦ ਪਾਕਿਸਤਾਨ 'ਆਸਾਨੀ ਨਾਲ ਕਿਰਾਏ 'ਤੇ ਉਪਲਬਧ ਦੇਸ਼' ਬਣ ਗਿਆ ਸੀ। ਅਮਰੀਕਾ ਨੂੰ ਖੁਸ਼ ਕਰਨ ਲਈ ਪਾਕਿਸਤਾਨ ਆਪਣੇ ਹੀ ਹਿੱਤਾਂ ਦੀ ਬਲੀ ਦਿੰਦਾ ਰਿਹਾ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਪਾਕਿਸਤਾਨੀਆਂ ਨੂੰ ਜੇਹਾਦ ਦੇ ਨਾਂ 'ਤੇ ਗੁੰਮਰਾਹ ਕਰਕੇ ਲੜਨ ਲਈ ਭੇਜਿਆ ਗਿਆ, ਜਦਕਿ ਇਹ ਜੰਗ ਸਿਰਫ਼ ਅਮਰੀਕੀ ਹਿੱਤਾਂ ਦੀ ਪੂਰਤੀ ਲਈ ਸੀ। ਇੱਥੋਂ ਤੱਕ ਕਿ ਦੇਸ਼ ਦੀ ਸਿੱਖਿਆ ਪ੍ਰਣਾਲੀ ਨੂੰ ਵੀ ਇਸ ਯੁੱਧ ਨੂੰ ਜਾਇਜ਼ ਠਹਿਰਾਉਣ ਲਈ ਬਦਲ ਦਿੱਤਾ ਗਿਆ ਸੀ, ਜਿਸ ਦੇ ਜ਼ਖ਼ਮ ਅੱਜ ਵੀ ਸਮਾਜ 'ਚ ਮੌਜੂਦ ਹਨ।
ਫੌਜੀ ਸ਼ਾਸਕਾਂ 'ਤੇ ਲਾਏ ਗੰਭੀਰ ਦੋਸ਼
ਰੱਖਿਆ ਮੰਤਰੀ ਨੇ ਸਾਬਕਾ ਫੌਜੀ ਸ਼ਾਸਕਾਂ ਜ਼ਿਆ-ਉਲ-ਹੱਕ ਅਤੇ ਪਰਵੇਜ਼ ਮੁਸ਼ੱਰਫ 'ਤੇ ਦੇਸ਼ ਨੂੰ ਬਾਹਰੀ ਜੰਗਾਂ ਵਿੱਚ ਝੋਕਣ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਇਨ੍ਹਾਂ ਫੈਸਲਿਆਂ ਨੇ ਪਾਕਿਸਤਾਨ ਦੀ ਸੁਰੱਖਿਆ, ਸਮਾਜ ਅਤੇ ਆਰਥਿਕਤਾ ਨੂੰ ਅਜਿਹਾ ਨੁਕਸਾਨ ਪਹੁੰਚਾਇਆ ਹੈ ਜਿਸ ਦੀ ਭਰਪਾਈ ਕਦੇ ਨਹੀਂ ਹੋ ਸਕਦੀ।
ਭਾਰੀ ਕੀਮਤ ਚੁਕਾ ਰਿਹਾ ਹੈ ਪਾਕਿਸਤਾਨ
ਆਸਿਫ ਨੇ ਅੱਗੇ ਕਿਹਾ ਕਿ 2001 ਤੋਂ ਬਾਅਦ ਅਮਰੀਕਾ ਦਾ ਸਾਥ ਦੇ ਕੇ ਪਾਕਿਸਤਾਨ ਅਜਿਹੇ ਜਾਲ ਵਿੱਚ ਫਸ ਗਿਆ, ਜਿਸ ਕਾਰਨ ਅੱਜ ਦੇਸ਼ ਹਿੰਸਾ, ਕੱਟੜਵਾਦ ਅਤੇ ਗੰਭੀਰ ਆਰਥਿਕ ਸੰਕਟ ਨਾਲ ਜੂਝ ਰਿਹਾ ਹੈ। ਉਨ੍ਹਾਂ ਇਸ ਨੂੰ ਪਾਕਿਸਤਾਨ ਦੇ ਇਤਿਹਾਸ ਦੀ ਸਭ ਤੋਂ ਵਿਨਾਸ਼ਕਾਰੀ ਰਣਨੀਤਕ ਭੁੱਲ ਕਰਾਰ ਦਿੱਤਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਯੂਕਰੇਨ 'ਤੇ ਰੂਸੀ ਡਰੋਨ ਦਾ ਅਟੈਕ, ਪਿਤਾ ਸਣੇ ਤਿੰਨ ਮਾਸੂਮ ਬੱਚਿਆਂ ਦੀ ਮੌਤ, ਗਰਭਵਤੀ ਮਾਂ ਗੰਭੀਰ ਜ਼ਖ਼ਮੀ
NEXT STORY