ਇੰਟਰਨੈਸ਼ਨਲ ਡੈਸਕ: ਲੇਬਨਾਨ ਵਿਚ ਇਜ਼ਰਾਈਲੀ ਹਮਲੇ ਲਗਾਤਾਰ ਜਾਰੀ ਹਨ। ਬੁੱਧਵਾਰ ਨੂੰ ਪੂਰੀ ਰਾਤ ਇਜ਼ਰਾਈਲ 'ਤੇ ਅਟੈਕ ਕਰਨ ਤੋਂ ਬਾਅਦ ਵੀਰਵਾਰ ਦੀ ਰਾਤ ਨੂੰ ਵੀ ਉਸ ਨੇ ਕਈ ਹਵਾਈ ਹਮਲੇ ਕੀਤੇ। ਇਨ੍ਹਾਂ ਵਿਚੋਂ ਹੀ ਇਕ ਮਿਜ਼ਾਈਲ ਹਮਲੇ ਵਿਚ ਤਿੰਨ ਪੱਤਰਕਾਰ ਮਾਰੇ ਗਏ। ਇਜ਼ਰਾਈਲ ਵੱਲੋਂ ਦਾਗੀ ਗਈ ਮਿਜ਼ਾਈਲ ਦੱਖਣ-ਪੂਰਬੀ ਲੇਬਨਾਨ ਵਿਚ ਸਥਿਤ ਇਕ ਮੀਡੀਆ ਦਫਤਰ 'ਤੇ ਡਿੱਗੀ। ਇਸ ਵਿਚ ਮੀਡੀਆ ਨਾਲ ਜੁੜੇ ਤਿੰਨ ਕਰਮਚਾਰੀਆਂ ਦੀ ਮੌਤ ਹੋ ਗਈ। ਬੇਰੂਤ ਸਥਿਤ ਅਲ-ਮਾਯਾਦੀਨ ਟੀਵੀ ਦੀ ਰਿਪੋਰਟ ਦੇ ਮੁਤਾਬਕ ਉਸ ਦੇ ਦੋ ਸਟਾਫ ਮੈਂਬਰਾਂ ਦੀ ਸ਼ੁੱਕਰਵਾਰ ਨੂੰ ਮੌਤ ਹੋ ਗਈ। ਉਥੇ ਹੀ ਲੇਬਨਾਨ ਵਿਚ ਸਰਗਰਮ ਉਗਰਵਾਦੀ ਸੰਗਠਨ ਹਿਜ਼ਬੁੱਲਾ ਨਾਲ ਜੁੜੇ ਅਲ-ਮਨਾਰ ਟੀਵੀ ਵਿਚ ਵੀ ਇਕ ਪੱਤਰਕਾਰ ਦੇ ਮਾਰੇ ਜਾਣ ਦੀ ਖਬਰ ਹੈ।
ਹੁਣ ਤਕ ਮਿਲੀ ਜਾਣਕਾਰੀ ਮੁਤਾਬਕ ਇਜ਼ਰਾਈਲ ਦੇ ਹਮਲੇ ਵਿਚ ਵਿਸਮ ਕਾਸਿਮ ਨਾਂ ਦਾ ਫੋਟੋ ਪੱਤਰਕਾਰ ਮਾਰਿਆ ਗਿਆ। ਇਸ ਵਿਚਾਲੇ ਇਜ਼ਰਾਈਲ ਨੇ ਸੈਂਟਰਲ ਗਾਜ਼ਾ ਵਿਚ ਵੀ ਹਮਲੇ ਕੀਤੇ ਹਨ। ਗਾਜ਼ਾ ਦੇ ਨੁਸਰਤ ਰਿਫਊਜੀ ਕੈਂਪ ਵਿਚ ਇਜ਼ਰਾਈਲੀ ਹਮਲੇ ਵਿਚ 18 ਲੋਕ ਮਾਰੇ ਗਏ ਹਨ। ਇਹ ਸ਼ੈਲਟਰ ਕੈਂਪ ਇਕ ਸਕੂਲ ਵਿਚ ਬਣਾਇਆ ਗਿਆ ਸੀ, ਜਿਸ 'ਤੇ ਇਜ਼ਰਾਈਲ ਦੀ ਇਕ ਮਿਜ਼ਾਈਲ ਆ ਕੇ ਡਿੱਗੀ। ਇਥੇ ਸੈਂਕੜਿਆਂ ਦੀ ਗਿਣਤੀ ਵਿਚ ਫਲਸਤੀਨ ਦੇ ਲੋਕਾਂ ਨੇ ਸ਼ਰਣ ਲਈ ਸੀ। ਇਸ ਤੋਂ ਬਾਅਦ ਇਕ ਹੋਰ ਹਮਲਾ ਇਜ਼ਰਾਈਲ ਵੱਲੋਂ ਗੁਆਂਢ ਦੇ ਹੀ ਇਕ ਕੈਂਪ 'ਤੇ ਕੀਤਾ ਗਿਆ, ਜਿਸ ਵਿਚ ਕਈ ਲੋਕ ਜ਼ਖਮੀ ਹੋ ਗਏ।
ਇਜ਼ਰਾਈਲ ਦੀ ਫੌਜ ਨੇ ਖਾਨ ਯੂਨਿਸ ਵਿਚ ਵੀ ਬੰਬਾਰੀ ਕੀਤੀ ਹੈ। ਖਾਨ ਯੂਨਿਸ ਦੇ ਅਲ-ਮਨਾਰਾ ਇਲਾਕੇ ਦੇ ਇਕ ਘਰ ਵਿਚ ਬੰਬ ਡੇਗਿਆ ਗਿਆ, ਜਿਸ ਵਿਚ 23 ਲੋਕਾਂ ਦੀ ਮੌਤ ਹੋ ਗਈ। ਅਲ ਜਜ਼ੀਰਾ ਨੇ ਆਪਣੀ ਰਿਪੋਰਟ ਵਿਚ ਇਸ ਦੀ ਜਾਣਕਾਰੀ ਦਿੱਤੀ ਹੈ। ਉੱਤਰੀ ਗਾਜ਼ਾ ਦੇ ਜਬਾਲਿਆ ਵਿਚ ਵੀ ਹਮਲੇ ਹੋਏ ਹਨ, ਜਿਨ੍ਹਾਂ ਵਿਚ 10 ਇਮਾਰਤਾਂ ਨੂੰ ਨੁਕਸਾਨ ਪਹੁੰਚਿਆ ਹੈ। ਇਥੋਂ ਵੀ ਕਈ ਲੋਕਾਂ ਦੇ ਮਾਰੇ ਜਾਣ ਦੀਆਂ ਖਬਰਾਂ ਹਨ। ਹੁਣ ਤਕ 45 ਹਜ਼ਾਰ ਦੇ ਕਰੀਬ ਫਲਸਤੀਨੀ ਨਾਗਰਿਕ ਇਜ਼ਰਾਈਲ ਦੇ ਹਮਲਿਆਂ ਵਿਚ ਮਾਰੇ ਜਾ ਚੁੱਕੇ ਹਨ। ਇਹ ਜੰਗ ਬੀਤੇ ਸਾਲ 7 ਅਕਤੂਬਰ ਤੋਂ ਸ਼ੁਰੂ ਹੋਈ ਸੀ, ਜੋ ਹੁਣ ਤਕ ਜਾਰੀ ਹੈ।
ਆਸਟ੍ਰੇਲੀਆ: ਘਰ 'ਚ ਵੜਿਆ ਤੇਜ਼ ਰਫਤਾਰ ਟਰੱਕ, ਦੋ ਲੋਕਾਂ ਦੀ ਮੌਤ
NEXT STORY