ਸੰਯੁਕਤ ਰਾਸ਼ਟਰ— ਸੰਯੁਕਤ ਰਾਸ਼ਟਰ ਦਾ ਕਹਿਣਾ ਹੈ ਕਿ ਮਿਆਮਾਂ ਦੇ ਰਾਖਿਨ ਸੂਬੇ ਵਿਚ ਰਹਿਣ ਵਾਲੇ ਰੋਹਿੰਗਿਆ ਭਾਈਚਾਰੇ ਦੀ ਕੁੱਲ ਆਬਾਦੀ ਦੇ ਕਰੀਬ 40 ਫੀਸਦੀ ਲੋਕ ਬੰਗਲਾਦੇਸ਼ ਜਾ ਚੁੱਕੇ ਹਨ । ਸੰਯੁਕਤ ਰਾਸ਼ਟਰ ਮਹਾ ਸਕੱਤਰ ਦੇ ਬੁਲਾਰੇ ਸਟੀਫਨ ਦੁਜਾਰਿਕ ਨੇ ਨਿਊਯਾਰਕ ਵਿਚ ਸੰਯੁਕਤ ਰਾਸ਼ਟਰ ਹੈਡਕੁਆਰਟਰ ਵਿਚ ਪੱਤਰਕਾਰਾਂ ਨੂੰ ਕਿਹਾ ਕਿ 25 ਅਗਸਤ ਤੋਂ ਲੈ ਕੇ ਹੁਣ ਤੱਕ ਮਿਆਮਾਂ ਸਰਹੱਦ ਪਾਰ ਕਰ ਕੇ ਬੰਗਲਾਦੇਸ਼ ਜਾਣ ਵਾਲੇ ਰੋਹਿੰਗਿਆ ਸ਼ਰਨਾਰਥੀਆਂ ਦੀ ਗਿਣਤੀ 389,000 ਉੱਤੇ ਪਹੁੰਚ ਗਈ ਹੈ । ਉਨ੍ਹਾਂ ਕਿਹਾ, ''ਪਿਛਲੇ 24 ਘੰਟਿਆਂ ਵਿਚ 10,000 ਲੋਕਾਂ ਦੇ ਬੰਗਲਾਦੇਸ਼ ਜਾਣ ਦੀ ਖਬਰ ਹੈ । ਦੁਜਾਰਿਕ ਨੇ ਦੱਸਿਆ ਕਿ ਯੂਨੀਸੇਫ ਨੇ ਹਜ਼ਾਰਾਂ ਰੋਹਿੰਗਿਆ ਬੱਚਿਆਂ ਲਈ ਪਾਣੀ ਅਤੇ ਸਾਫ-ਸਫਾਈ ਦੀਆਂ ਵਸਤੂਆਂ ਨਾਲ ਭਰੇ ਟਰੱਕਾਂ ਨੂੰ ਕਾਕਸ ਬਾਜ਼ਾਰ ਵੱਲ ਭੇਜਿਆ ਹੈ । ਆਉਣ ਵਾਲੇ ਹਫ਼ਤੇ ਵਿਚ ਇਸ ਸਪਲਾਈ ਦੀ ਰਫਤਾਰ ਤੇਜ਼ ਕੀਤੀ ਜਾਵੇਗੀ । ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ''ਪਹਿਲਾਂ ਤੋਂ ਮੌਜੂਦ ਸ਼ਰਨਾਰਥੀ ਕੈਂਪਾਂ ਵਿਚ ਸ਼ਰਨਾਰਥੀ ਰਹਿ ਰਹੇ ਹਨ ਅਤੇ ਹੁਣ ਉੱਥੇ ਪੁੱਜਣ ਵਾਲੇ ਨਵੇਂ ਸ਼ਰਨਾਰਥੀਆਂ ਨੂੰ ਜਿੱਥੇ ਵੀ ਜਗ੍ਹਾ ਮਿਲ ਰਹੀ ਹੈ, ਉਹ ਉਥੇ ਹੀ ਰਹਿ ਰਹੇ ਹਨ।'' ਯੂਨੀਸੇਫ ਅਨੁਸਾਰ, ਉੱਥੇ ਹਰ ਚੀਜ਼ ਖਾਸ ਕਰ ਕੇ ਘਰ, ਭੋਜਨ ਅਤੇ ਸਾਫ ਪਾਣੀ ਦੀ ਕਾਫੀ ਕਮੀ ਹੈ ਅਤੇ ਯੂਨੀਸੇਫ ਪਾਣੀ ਸਾਫ ਕਰਨ ਵਾਲੇ ਯੰਤਰਾਂ ਨੂੰ ਬਿਹਤਰ ਬਣਾਉਣ ਵਿਚ ਬੰਗਲਾਦੇਸ਼ ਸਰਕਾਰ ਦੀ ਮਦਦ ਕਰ ਰਿਹਾ ਹੈ । ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਨੇ ਰਾਖਿਨ ਸੂਬੇ ਵਿਚ ਸੁਰੱਖਿਆ ਸਥਿਤੀ ਨੂੰ ਲੈ ਕੇ ਪਹਿਲਾਂ ਹੀ ਚਿੰਤਾ ਜਤਾਈ ਸੀ । ਦੁਜਾਰਿਕ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਮਹਾ ਸਕੱਤਰ ਨੇ ਅੰਤਰਰਾਸ਼ਟਰੀ ਭਾਈਚਾਰੇ ਵੱਲੋਂ ਸ਼ਰਨਾਰਥੀ ਪੁਰਸ਼ਾਂ, ਔਰਤਾਂ ਅਤੇ ਬੱਚਿਆਂ ਦੀ ਮਦਦ ਕਰਨ ਲਈ ਤੁਰੰਤ ਇੱਕਜੁਟ ਹੋਣ ਦੀ ਅਪੀਲ ਕੀਤੀ ਹੈ । ਉਨ੍ਹਾਂ ਕਿਹਾ, ''ਬੱਚਿਆਂ ਦੀ ਗਿਣਤੀ ਕਾਫੀ ਜ਼ਿਆਦਾ ਹੈ, ਇਨ੍ਹਾਂ ਸਾਰਿਆਂ ਦੀ ਤੁਰੰਤ ਮਦਦ ਕਰਨ ਦੀ ਲੋੜ ਹੈ ।''
ਕਾਰ ਦੇ ਅਗਲੇ ਹਿੱਸੇ ਵਿਚ ਫੱਸ ਗਿਆ ਸੀ ਭੇੜੀਆ, ਇੰਝ ਬਚੀ ਜਾਨ
NEXT STORY