ਵੈੱਬ ਡੈਸਕ : ਬ੍ਰਿਟਿਸ਼ ਬ੍ਰਾਡ ਕਾਸਟਿੰਗ ਕਾਰਪੋਰੇਸ਼ਨ ਦੀ ਇਕ ਮਸ਼ਹੂਰ ਹਸਤੀ ਜਿਮੀ ਸੈਵਿਲ ਵੱਲੋਂ 1960 ਤੋਂ ਲੈ ਕੇ 2000 ਤੱਕ ਬੀ. ਬੀ. ਸੀ. ’ਚ ਕੰਮ ਕਰਦੇ ਹੋਏ ਲਗਭਗ 40 ਸਾਲਾਂ ਤੱਕ ਸੈਂਕੜੇ ਬੱਚਿਆਂ ਦਾ ਜਿਨਸੀ ਸ਼ੋਸ਼ਣ ਕੀਤਾ ਗਿਆ। ਇਸ ਮਾਮਲੇ ’ਚ ਯੂ. ਕੇ. ਪੁਲਸ ਤਮਾਸ਼ਾ ਦੇਖਦੀ ਰਹੀ ਅਤੇ ਜਿਨਸੀ ਸ਼ੋਸ਼ਣ ਦਾ ਸ਼ਿਕਾਰ ਹੋਏ ਬੱਚਿਆਂ ਨੂੰ ਇਨਸਾਫ਼ ਨਹੀਂ ਮਿਲ ਸਕਿਆ। ਦੋਸ਼ੀ ਜਿਮੀ ਸੈਵਿਲ ਦੀ 2012 ’ਚ ਮੌਤ ਹੋ ਗਈ ਸੀ ਪਰ ਹੁਣ ਟੇਸਲਾ ਦੇ ਸੀ.ਈ.ਓ. ਐਲਨ ਮਸਕ ਨੇ ਇਸ ਨੂੰ ਵੱਡਾ ਮੁੱਦਾ ਬਣਾ ਦਿੱਤਾ ਹੈ। ਮਸਕ ਨੇ ਇਸ ਮਾਮਲੇ ਨੂੰ ਲੈ ਕੇ ਯੂ. ਕੇ. ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਖਿਲਾਫ ਸੋਸ਼ਲ ਮੀਡੀਆ ਪਲੇਟਫਾਰਮ ਐਕਸ ’ਤੇ ਇਕ ਮੁਹਿੰਮ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਮਰਦਾਂ ਨਾਲੋਂ ਜ਼ਿਆਦਾ ਕਿਉਂ ਜਿਊਂਦੀਆਂ ਨੇ ਔਰਤਾਂ? ਹੈਰਾਨ ਕਰ ਦੇਵੇਗੀ ਰਿਪੋਰਟ
ਕੀ ਸੀ ਮਾਮਲਾ?
ਜਿਮੀ ਸੈਵਿਲ ਇਕ ਬ੍ਰਿਟਿਸ਼ ਟੈਲੀਵਿਜ਼ਨ ਪੇਸ਼ਕਾਰ ਅਤੇ ਮਸ਼ਹੂਰ ਜਨਤਕ ਹਸਤੀ ਸੀ, ਜੋ 1970 ਅਤੇ 1980 ਦੇ ਦਹਾਕੇ ’ਚ ਬ੍ਰਿਟੇਨ ’ਚ ਬਹੁਤ ਮਸ਼ਹੂਰ ਸੀ। ਉਹ ਬੀ.ਬੀ.ਸੀ. ਦੇ ਮੁੱਖ ਸ਼ੋਅ ਜਿਵੇਂ ਕਿ ‘ਟੌਪ ਆਫ਼ ਦ ਪੌਪਸ’ ਅਤੇ ‘ਜਿਮ ਵਿਲ ਫਿਕਸ ਇਟ’ ਦੇ ਪੇਸ਼ਕਾਰ ਵਜੋਂ ਮਸ਼ਹੂਰ ਹੋਏ।
ਸੈਵਿਲ ਨੇ ਆਪਣੇ ਕਰੀਅਰ ਦੌਰਾਨ ਕਈ ਪੁਰਸਕਾਰ ਵੀ ਜਿੱਤੇ । ਉਸ ਦਾ ਜਨਤਕ ਜੀਵਨ ਕਾਫੀ ਸਨਮਾਨਜਨਕ ਸੀ। ਹਾਲਾਂਕਿ 2011 ’ਚ ਉਸ ਦੀ ਮੌਤ ਤੋਂ ਬਾਅਦ ਵੱਡਾ ਖੁਲਾਸਾ ਹੋਇਆ ਹੈ। ਇਹ ਸਾਹਮਣੇ ਆਇਆ ਕਿ ਜਿਮੀ ਸੈਵਿਲ ਦਹਾਕਿਆਂ ਤਕ ਬੱਚਿਆਂ ਦਾ ਸ਼ੋਸ਼ਣ ਕਰਦਾ ਰਿਹਾ ਸੀ। ਉਸ ਦੇ ਇਹ ਜੁਰਮ ਬੀ. ਬੀ. ਸੀ. ਸਟੂਡੀਓ, ਹਸਪਤਾਲਾਂ ਅਤੇ ਕੇਅਰ ਹੋਮਜ਼ ’ਚ ਹੋਏ ਸਨ।
ਇਹ ਵੀ ਪੜ੍ਹੋ : ShaadiDotcom ਦੇ CEO ਨੇ OYO ਤੋਂ ਮੰਗਿਆ ਡਿਸਕਾਊਂਟ ਕੋਡ, ਲੋਕ ਬੋਲੇ-Naughty...
ਕੋਈ ਵੀ ਖੁੱਲ੍ਹ ਕੇ ਬੋਲਣ ਦੀ ਹਿੰਮਤ ਨਹੀਂ ਕਰ ਸਕਿਆ
ਸੈਵਿਲ ਖਿਲਾਫ ਕਈ ਦੋਸ਼ ਸਨ ਪਰ ਬੀ. ਬੀ. ਸੀ. ਅਤੇ ਹੋਰ ਸੰਸਥਾਵਾਂ ਨੇ ਇਨ੍ਹਾਂ ਦੋਸ਼ਾਂ ਨੂੰ ਨਜ਼ਰਅੰਦਾਜ਼ ਕੀਤਾ ਅਤੇ ਉਸ ਦਾ ਬਚਾਅ ਕੀਤਾ। ਉਸ ਦੇ ਜੁਰਮ ਇੰਨੇ ਲੰਬੇ ਸਮੇਂ ਤੱਕ ਜਾਰੀ ਰਹੇ ਕਿਉਂਕਿ ਕਈ ਲੋਕ ਸੈਵਿਲ ਦੇ ਪ੍ਰਭਾਵ ਅਤੇ ਸਾਖ ਤੋਂ ਡਰਦੇ ਸਨ ਅਤੇ ਕੋਈ ਵੀ ਉਸ ਦੇ ਵਿਰੁੱਧ ਖੁੱਲ੍ਹ ਕੇ ਬੋਲਣ ਦੀ ਹਿੰਮਤ ਨਹੀਂ ਕਰ ਸਕਦਾ ਸੀ।
ਕਿਸ ਨੇ ਕੀਤੀ ਜਾਂਚ?
ਜਦੋਂ 2011 ’ਚ ਜਿਮੀ ਸੈਵਿਲ ਦੀ ਮੌਤ ਤੋਂ ਬਾਅਦ ਉਸ ਦੇ ਖਿਲਾਫ ਗੰਭੀਰ ਦੋਸ਼ ਸਾਹਮਣੇ ਆਏ ਤਾਂ ਬ੍ਰਿਟਿਸ਼ ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।
ਆਪ੍ਰੇਸ਼ਨ ਯੂਟਰੀ :
ਇਹ ਜਾਂਚ ਲੰਡਨ ਮੈਟਰੋਪੋਲੀਟਨ ਪੁਲਸ ਨੇ 2012 ’ਚ ਸ਼ੁਰੂ ਕੀਤੀ ਸੀ। ਇਸ ਆਪ੍ਰੇਸ਼ਨ ਦਾ ਮੰਤਵ ਸੈਵਿਲ ਦੇ ਜਿਨਸੀ ਸ਼ੋਸ਼ਣ ਦੇ ਮਾਮਲਿਆਂ ਦੀ ਜਾਂਚ ਕਰਨਾ ਅਤੇ ਇਹ ਪਤਾ ਲਗਾਉਣਾ ਸੀ ਕਿ ਕਿੰਨੇ ਹੋਰ ਲੋਕ ਉਸ ਦੇ ਸ਼ਿਕਾਰ ਬਣੇ ਹਨ। ਜਾਂਚ ’ਚ ਪਤਾ ਲੱਗਾ ਕਿ ਸੈਵਿਲ ਨੇ 1960 ਤੋਂ ਲੈ ਕੇ 2000 ਦਰਮਿਆਨ ਸੈਂਕੜੇ ਬੱਚਿਆਂ ਅਤੇ ਨੌਜਵਾਨਾਂ ਦਾ ਜਿਨਸੀ ਸ਼ੋਸ਼ਣ ਕੀਤਾ ਸੀ।
ਇਹ ਵੀ ਪੜ੍ਹੋ : ਮੁੜ ਲਾਕਡਾਊਨ ਦੀ ਤਿਆਰੀ! ਕੇਂਦਰੀ ਸਿਹਤ ਮੰਤਰੀ ਵੱਲੋਂ HMPV ਲਈ ਅਲਰਟ ਜਾਰੀ
ਸਪੈਸ਼ਲ ਇਨਵੈਸਟੀਗੇਟਰਾਂ ਦੀ ਟੀਮ :
ਆਪ੍ਰੇਸ਼ਨ ਯੂਟਰੀ ਤਹਿਤ ਇਕ ਵਿਸ਼ੇਸ਼ ਟੀਮ ਬਣਾਈ ਗਈ, ਜਿਸ ਨੇ ਸੈਵਿਲ ਦੇ ਜੁਰਮਾਂ ਦੀ ਡੂੰਘਾਈ ਨਾਲ ਜਾਂਚ ਕੀਤੀ ਅਤੇ ਪੀੜਤ ਔਰਤਾਂ ਅਤੇ ਬੱਚਿਆਂ ਦੇ ਬਿਆਨ ਲਏ। ਇਸ ਜਾਂਚ ’ਚ ਪੁਲਸ ਨੂੰ ਪਤਾ ਲੱਗਾ ਕਿ ਸੈਵਿਲ ਦਾ ਜੁਰਮ ਬਹੁਤ ਵੱਡਾ ਸੀ ਅਤੇ ਉਸ ਨੇ ਕਈ ਦਹਾਕਿਆਂ ਤੱਕ ਆਪਣੇ ਜੁਰਮਾਂ ਨੂੰ ਜਾਰੀ ਰੱਖਿਆ। ਜਾਂਚ ਨੇ 214 ਜੁਰਮਾਂ ਦੀ ਪੁਸ਼ਟੀ ਕੀਤੀ ਅਤੇ ਕਈ ਅਪਰਾਧੀਆਂ ਨੂੰ ਸਜ਼ਾ ਦਿੱਤੀ ਗਈ। ਇਨ੍ਹਾਂ ਅਪਰਾਧਾਂ ਨੂੰ ਰੋਕਣ ਲਈ ਸਮੇਂ ਸਿਰ ਉਪਰਾਲੇ ਨਾ ਕਰਨ ’ਤੇ ਬੀ. ਬੀ. ਸੀ. ਅਤੇ ਹੋਰ ਸੰਸਥਾਵਾਂ ਦੀ ਆਲੋਚਨਾ ਵੀ ਕੀਤੀ ਗਈ ਹੈ।
ਦ ਨਿਊਜ਼ ਆਫ ਵਰਲਡ :
2011 ’ਚ ਬ੍ਰਿਟਿਸ਼ ਟੈਬਲਾਇਡ ਅਖਬਾਰ ‘ਦ ਨਿਊਜ਼ ਆਫ ਦ ਵਰਲਡ’ ਨੇ ਇਸ ਮਾਮਲੇ ’ਤੇ ਇਕ ਰਿਪੋਰਟ ਪ੍ਰਕਾਸ਼ਿਤ ਕੀਤੀ, ਜਿਸ ’ਚ ਸੈਵਿਲ ਖਿਲਾਫ ਦੋਸ਼ ਲਗਾਏ ਗਏ ਸਨ ਪਰ ਇਸ ਰਿਪੋਰਟ ’ਚ ਸੈਵਿਲ ਖਿਲਾਫ ਕੁਝ ਲੋਕਾਂ ਨੇ ਬਿਆਨ ਦਿੱਤੇ ਸਨ । ਉਸ ਸਮੇਂ ਕਈ ਲੋਕਾਂ ਨੇ ਸੈਵਿਲ ਦੀ ਪ੍ਰਸਿੱਧੀ ਅਤੇ ਪ੍ਰਭਾਵ ਨੂੰ ਧਿਆਨ ’ਚ ਰੱਖਦੇ ਹੋਏ ਇਨ੍ਹਾਂ ਦੋਸ਼ਾਂ ਨੂੰ ਨਜ਼ਰਅੰਦਾਜ਼ ਕਰ ਦਿੱਤਾ ਸੀ।
ਬੀ. ਬੀ. ਸੀ. ਦੀ ਜਾਂਚ :
ਬੀ.ਬੀ.ਸੀ. ਨੇ ਵੀ ਇਸ ਮਾਮਲੇ ’ਤੇ ਆਪਣੀ ਅੰਦਰੂਨੀ ਜਾਂਚ ਕੀਤੀ ਕਿਉਂਕਿ ਸੈਵਿਲ ਲੰਬੇ ਸਮੇਂ ਤੋਂ ਬੀ.ਬੀ.ਸੀ. ਦਾ ਹਿੱਸਾ ਸੀ। ਹਾਲਾਂਕਿ ਬੀ.ਬੀ.ਸੀ. ਨੇ ਬਾਅਦ ’ਚ ਮੰਨਿਆ ਕਿ ਉਸ ਨੇ ਕਈ ਵਾਰ ਸੈਵਿਲ ਖਿਲਾਫ ਦੋਸ਼ਾਂ ਨੂੰ ਨਜ਼ਰਅੰਦਾਜ਼ ਕੀਤਾ ਸੀ ਅਤੇ ਉਸ ਦੇ ਜੁਰਮਾਂ ’ਤੇ ਪਰਦਾ ਪਾਇਆ ਸੀ।
ਇਹ ਵੀ ਪੜ੍ਹੋ : ਹੁਣ ਇਸ ਸੂਬੇ 'ਚ HMPV ਵਾਇਰਸ ਦਾ ਅਲਰਟ ਜਾਰੀ, ਜਾਣੋਂ ਲੱਛਣ ਤੇ ਬਚਣ ਦੇ ਤਰੀਕੇ
ਬ੍ਰਿਟੇਨ ਦੀ ਸੰਸਦ ’ਚ ਪੇਸ਼ ਹੋਈ ਰਿਪੋਰਟ :
ਜਿਮੀ ਸੈਵਿਲ ਦੇ ਮਾਮਲੇ ਦੀ ਰਿਪੋਰਟ 2013 ’ਚ ਬ੍ਰਿਟੇਨ ਦੀ ਸੰਸਦ ’ਚ ਪੇਸ਼ ਕੀਤੀ ਗਈ ਸੀ। ਰਿਪੋਰਟ ਮੁੱਖ ਤੌਰ ’ਤੇ ‘ਨੈਸ਼ਨਲ ਹੈਲਥ ਸਰਵਿਸ’ ਅਤੇ ‘ਬੀ.ਬੀ.ਸੀ.’ ਵੱਲੋਂ ਸੈਵਿਲ ਦੇ ਜੁਰਮਾਂ ਨੂੰ ਨਜ਼ਰਅੰਦਾਜ਼ ਕਰਨ ਅਤੇ ਉਸ ਨੂੰ ਸ਼ਰਨ ਦੇਣ ਬਾਰੇ ਸੀ। ਇਸ ਰਿਪੋਰਟ ਨੂੰ ‘ਦ ਡੇਮ ਜੈਨੇਟ ਸਮਿਥ ਰਿਵਿਊ’ ਅਤੇ ‘ਦ ਪੋਲਾਰਡ ਰਿਵਿਊ’ ਵਜੋਂ ਜਾਣਿਆ ਜਾਂਦਾ ਹੈ। ਰਿਪੋਰਟ ਨੇ ਸਿੱਟਾ ਕੱਢਿਆ ਕਿ ਕਈ ਸੰਸਥਾਵਾਂ, ਜਿਵੇਂ ਕਿ ਬੀ.ਬੀ.ਸੀ. ਅਤੇ ਨੈਸ਼ਨਲ ਹੈਲਥ ਸਰਵਿਸ ਸੈਵਿਲ ਦੀਆਂ ਗਲਤੀਆਂ ਅਤੇ ਜੁਰਮਾਂ ਨੂੰ ਨਜ਼ਰਅੰਦਾਜ਼ ਕਰ ਰਹੀਆਂ ਸਨ। ਰਿਪੋਰਟ ’ਚ ਇਹ ਵੀ ਨੋਟ ਕੀਤਾ ਗਿਆ ਹੈ ਕਿ ਸੈਵਿਲ ਦੇ ਦੁਰਵਿਵਹਾਰ ਦੇ ਪੀੜਤਾਂ ਦੀ ਸਹਾਇਤਾ ਲਈ ਇਕ ਸੁਤੰਤਰ ਅਤੇ ਪ੍ਰਭਾਵੀ ਪ੍ਰਣਾਲੀ ਦੀ ਲੋੜ ਸੀ ਤਾਂ ਜੋ ਭਵਿੱਖ ’ਚ ਅਜਿਹੇ ਅਪਰਾਧਾਂ ਨੂੰ ਰੋਕਿਆ ਜਾ ਸਕੇ।
ਹਾਲਾਂਕਿ, ਡੇਮ ਜੈਨੇਟ ਸਮਿਥ ਦੀ ਸਮੀਖਿਆ ਰਿਪੋਰਟ ’ਚ ਇਸ ਗੱਲ ਦਾ ਕੋਈ ਠੋਸ ਸਬੂਤ ਨਹੀਂ ਮਿਲਿਆ ਕਿ ਬੀ.ਬੀ.ਸੀ. ਨੇ ਜਾਂਚ ਰਿਪੋਰਟ ਨੂੰ ਪ੍ਰਭਾਵਿਤ ਕੀਤਾ। 2016 ’ਚ ਪ੍ਰਕਾਸ਼ਿਤ ਸਮੀਖਿਆ ਰਿਪੋਰਟ ’ਚ ਪਾਇਆ ਗਿਆ ਕਿ ਜਿਮੀ ਸੈਵਿਲ ਨੇ ਆਪਣੇ ਜੁਰਮਾਂ ਨੂੰ ਲੁਕਾਉਣ ਲਈ ਬੀ.ਬੀ.ਸੀ. ਦੇ ਪ੍ਰਭਾਵ ਦੀ ਵਰਤੋਂ ਕੀਤੀ। ਰਿਪੋਰਟ ’ਚ ਮੰਨਿਆ ਗਿਆ ਹੈ ਕਿ ਬੀ.ਬੀ.ਸੀ. ’ਚ ਕਈ ਲੋਕ ਸੈਵਿਲ ਦੇ ਵਿਵਹਾਰ ਬਾਰੇ ਜਾਣਦੇ ਸਨ ਪਰ ਇਸ ਨੂੰ ਨਜ਼ਰਅੰਦਾਜ਼ ਕੀਤਾ ਗਿਆ।
ਬੀ.ਬੀ.ਸੀ. ਵਰਕ ਕਲਚਰ ਨੂੰ ‘ਸਹਿਯੋਗੀ ਅਤੇ ਖੁਲਾਸਿਆਂ ਪ੍ਰਤੀ ‘ਅਸੰਵੇਦਨਸ਼ੀਲ’ ਕਿਹਾ ਗਿਆ। ਇਸ ਤੋਂ ਬਾਅਦ ਬੀ.ਬੀ.ਸੀ. ਨੇ ਆਪਣੀਆਂ ਅਸਫਲਤਾਵਾਂ ਨੂੰ ਸਵੀਕਾਰ ਕੀਤਾ ਅਤੇ ਜਨਤਕ ਤੌਰ ’ਤੇ ਮੁਆਫੀ ਮੰਗੀ। ਸੰਸਥਾ ਨੇ ਭਵਿੱਖ ’ਚ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਸੁਧਾਰਾਤਮਕ ਕਾਰਵਾਈ ਕਰਨ ਅਤੇ ਆਪਣੀਆਂ ਨੀਤੀਆਂ ਨੂੰ ਸਖ਼ਤ ਕਰਨ ਦਾ ਵਾਅਦਾ ਕੀਤਾ।
ਐਲੋਨ ਮਸਕ ਨੇ ਯੂ. ਕੇ. ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੂੰ ਕਿਹਾ ‘ਨੈਸ਼ਨਲ ਸ਼ੇਮ’, ਅਸਤੀਫ਼ੇ ਦੀ ਕੀਤੀ ਮੰਗ
ਅਰਬਪਤੀ ਐਲਨ ਮਸਕ ਨੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ ਅਤੇ ਉਨ੍ਹਾਂ ਦੇ ਅਸਤੀਫੇ ਦੀ ਮੰਗ ਕੀਤੀ ਹੈ। ਐਲਨ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ’ਤੇ ਇਕ ਪੋਸਟ ’ਚ ਬ੍ਰਿਟਿਸ਼ ਪ੍ਰਧਾਨ ਮੰਤਰੀ ਨੂੰ ‘ਨੈਸ਼ਨਲ ਸ਼ੇਮ’ ਕਿਹਾ। ਇਹ ਟਿੱਪਣੀਆਂ ਮਸਕ ਵੱਲੋਂ 2008 ਤੋਂ 2013 ਤੱਕ ਪਬਲਿਕ ਪ੍ਰੋਸੀਕਿਊਸ਼ਨਜ਼ (ਡੀ.ਪੀ.ਪੀ.) ਦੇ ਡਾਇਰੈਕਟਰ ਵਜੋਂ ਆਪਣੇ ਸਮੇਂ ਦੌਰਾਨ ਬਣਾਏ ਗਏ ਗੈਂਗਾਂ ਨਾਲ ਨਜਿੱਠਣ ਲਈ ਸਟਾਰਮਰ ਦੀ ਵਾਰ-ਵਾਰ ਕੀਤੀ ਗਈ ਆਲੋਚਨਾ ਤੋਂ ਬਾਅਦ ਆਈਆਂ ਹਨ।
ਪੋਸਟਾਂ ਦੀ ਇਕ ਲੜੀ ’ਚ ਮਸਕ ਨੇ ਸਟਾਰਮਰ ’ਤੇ ‘ਜਬਰ-ਜ਼ਨਾਹ ਗੈਂਗ’ ਨੂੰ ਨਿਆਂ ਦੇ ਕਟਿਹਰੇ ’ਚ ਲਿਆਉਣ ’ਚ ਅਸਫਲ ਰਹਿਣ ਦਾ ਦੋਸ਼ ਲਗਾਇਆ। ਖਾਸ ਤੌਰ ’ਤੇ ਪਾਕਿਸਤਾਨੀ-ਮੁਸਲਿਮ ਗਰੋਮਿੰਗ ਗੈਂਗ ਨੂੰ ਨਿਸ਼ਾਨਾ ਬਣਾਇਆ ਗਿਆ, ਜੋ ਨੌਜਵਾਨ ਲੜਕੀਆਂ ਦਾ ਸ਼ੋਸ਼ਣ ਕਰਦੇ ਸਨ। ਮਸਕ ਦੀਆਂ ਟਿੱਪਣੀਆਂ ਨੇ ਇਸ ਮੁੱਦੇ ਵੱਲ ਲੋਕਾਂ ਦਾ ਧਿਆਨ ਖਿੱਚਿਆ ਹੈ। ਹਾਲਾਂਕਿ ਸਿਹਤ ਸਕੱਤਰ ਵੇਸ ਸਟ੍ਰੀਟਿੰਗ ਨੇ ਮਸਕ ਦੀ ਆਲੋਚਨਾ ਨੂੰ ‘ਝੂਠੀ ਅਤੇ ਯਕੀਨਨ ਗਲਤ ਜਾਣਕਾਰੀ’ ਕਿਹਾ।
ਇਹ ਵੀ ਪੜ੍ਹੋ : ਕੈਨੇਡੀਅਨ PM ਜਸਟਿਨ ਟਰੂਡੋ ਦੇ ਅਸਤੀਫੇ ਦਾ ਭਾਰਤ 'ਤੇ ਕੀ ਪਏਗਾ ਅਸਰ?
ਮਸਕ ਨੇ ਕਥਿਤ ਮਿਲੀਭੁਗਤ ਲਈ ਸਟਾਰਮਰ ਸਰਕਾਰ ਦੀ ਵੀ ਆਲੋਚਨਾ ਕੀਤੀ ਅਤੇ ਲੇਬਰ ਪਾਰਟੀ ਦੀ ਸ਼ਾਨਦਾਰ ਜਿੱਤ ਦੇ ਬਾਵਜੂਦ ਜੁਲਾਈ 2024 ’ਚ ਨਵੀਆਂ ਚੋਣਾਂ ਦੀ ਮੰਗ ਕੀਤੀ। ਇਸ ਸਭ ਵਿਚਕਾਰ, ਪੋਲਸਟਰ ਲਿਊਕ ਟ੍ਰਾਇਲ ਸਮੇਤ ਆਲੋਚਕਾਂ ਨੇ ਦਲੀਲ ਦਿੱਤੀ ਹੈ ਕਿ ਬ੍ਰਿਟਿਸ਼ ਰਾਜਨੀਤੀ ਖਿਲਾਫ ਟਿੱਪਣੀਆਂ ਕਰਨ ਵਾਲੇ ਮਸਕ ਦੀ ਬ੍ਰਿਟਿਸ਼ ਰਾਜਨੀਤੀ ’ਤੇ ਕੋਈ ਪਕੜ ਨਹੀਂ ਹੈ।
ਐਲਨ ਮਸਕ ਨੇ ਔਰਤਾਂ ਅਤੇ ਲੜਕੀਆਂ ਵਿਰੁੱਧ ਹਿੰਸਾ ਦੀ ਰੋਕਥਾਮ ਲਈ ਮੰਤਰੀ ਜੇਸ ਫਿਲਿਪਸ ’ਤੇ ਵੀ ਹਮਲਾ ਕੀਤਾ। ਉਨ੍ਹਾਂ ਨੂੰ ਸੁਝਾਅ ਦਿੱਤਾ ਕਿ ਉਹ ਓਲਡਹੈਮ ਸਕੈਂਡਲ ਦੀ ਰਾਸ਼ਟਰੀ ਜਾਂਚ ਦਾ ਵਿਰੋਧ ਕਰਨ ਲਈ ‘ਜੇਲ ’ਚ ਰਹਿਣ ਦੇ ਹੱਕਦਾਰ ਹਨ’। ਮਸਕ ਨੇ ਵਿਵਾਦਗ੍ਰਸਤ ਟੌਮੀ ਰੌਬਿਨਸਨ ਦਾ ਸਮਰਥਨ ਕੀਤਾ, ਜੋ ਇਸ ਸਮੇਂ ਅਦਾਲਤ ਦੀ ਮਾਣਹਾਨੀ ਲਈ ਜੇਲ ਦੀ ਸਜ਼ਾ ਕੱਟ ਰਿਹਾ ਹੈ। ਉਨ੍ਹਾਂ ਨੇ ਰੌਬਿਨਸਨ ਦਾ ਸਮਰਥਨ ਕੀਤਾ ਅਤੇ ਜੇਲ ਤੋਂ ਉਸ ਦੀ ਰਿਹਾਈ ਦੀ ਮੰਗ ਕੀਤੀ।
ਯੂ. ਕੇ. ਦੀ ਰਾਜਨੀਤੀ ’ਚ ਮਸਕ ਦੀ ਸ਼ਮੂਲੀਅਤ ਨੇ ਇਕ ਨਵਾਂ ਮੋੜ ਲਿਆ ਜਦੋਂ ਉਨ੍ਹਾਂ ਨੇ ਐਕਸ ’ਤੇ ਰਿਫਾਰਮ ਯੂ. ਕੇ. ਦੇ ਨੇਤਾ ਨਾਈਜੇਲ ਫਰਾਜ ਦੀ ਆਲੋਚਨਾ ਕੀਤੀ ਅਤੇ ਉਨ੍ਹਾਂ ਨੂੰ ਅਹੁਦਾ ਛੱਡਣ ਦੀ ਅਪੀਲ ਕੀਤੀ। ਮਸਕ ਨੇ ਕਿਹਾ, ‘ਫਰਾਜ਼ ਉਹ ਨਹੀਂ ਕਰ ਰਿਹਾ, ਜੋ ਇਸ ਨੂੰ ਕਰਨਾ ਚਾਹੀਦਾ ਹੈ’ ਅਤੇ ਸੁਝਾਅ ਦਿੱਤਾ ਕਿ ਪਾਰਟੀ ਨੂੰ ਇਕ ਨਵੇਂ ਨੇਤਾ ਦੀ ਜ਼ਰੂਰਤ ਹੈ। ਬ੍ਰਿਟਿਸ਼ ਰਾਜਨੀਤੀ ’ਚ ਮਸਕ ਦੀ ਵਧਦੀ ਸ਼ਮੂਲੀਅਤ ਨੇ ਇਕ ਵੱਡੀ ਬਹਿਸ ਛੇੜ ਦਿੱਤੀ ਹੈ। ਕੁਝ ਆਲੋਚਕਾਂ ਨੇ ਉਸ ’ਤੇ ਪੂਰੇ ਯੂਰਪ ਵਿਚ ਸੱਜੇ-ਪੱਖੀ ਅੰਦੋਲਨਾਂ ਦਾ ਸਮਰਥਨ ਕਰਨ ਦਾ ਦੋਸ਼ ਲਗਾਇਆ ਹੈ।
ਐਲਨ ਮਸਕ ਦੇ ਸਰਵੇ ਸਟਾਰਮਰ ’ਤੇ ਭੜਕੇ ਲੋਕ
ਇਨ੍ਹਾਂ ਸਾਰੀਆਂ ਘਟਨਾਵਾਂ ਤੋਂ ਬਾਅਦ ਟੇਸਲਾ ਦੇ ਸੰਸਥਾਪਕ ਅਤੇ ਅਰਬਪਤੀ ਐਲਨ ਮਸਕ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ’ਤੇ ਇਕ ਸਰਵੇਖਣ ਸ਼ੁਰੂ ਕੀਤਾ ਹੈ, ਜਿਸ ’ਚ ਉਨ੍ਹਾਂ ਨੇ ਸਿਰਲੇਖ ਦਿੱਤਾ ਹੈ ਕਿ ਅਮਰੀਕਾ ਨੂੰ ਬ੍ਰਿਟੇਨ ਦੇ ਲੋਕਾਂ ਨੂੰ ਆਪਣੀ ਜ਼ਾਲਮ ਸਰਕਾਰ ਤੋਂ ਮੁਕਤ ਕਰਾਉਣਾ ਚਾਹੀਦਾ ਹੈ। ਤੁਹਾਨੂੰ ਦੱਸ ਦੇਈਏ ਕਿ ਲੱਖਾਂ ਲੋਕ ਇਸ ਸਰਵੇਖਣ ਨੂੰ ਸਹੀ ਕਹਿ ਰਹੇ ਹਨ। ਇਹ ਖਬਰ ਲਿਖੇ ਜਾਣ ਤੱਕ ਤਕਰੀਬਨ ਛੇ ਲੱਖ ਲੋਕਾਂ ਨੇ ਇਸ ਸਰਵੇ ’ਤੇ ਪ੍ਰਤੀਕਿਰਿਆ ਦਿੱਤੀ । ਇਨ੍ਹਾਂ ’ਚੋਂ 62.5 ਫੀਸਦੀ ਨੇ ਇਸ ਗੱਲ ਦਾ ਸਮਰਥਨ ਕੀਤਾ ਕਿ ਅਮਰੀਕਾ ਨੂੰ ਬ੍ਰਿਟਿਸ਼ ਲੋਕਾਂ ਦਾ ਸਾਥ ਦੇਣਾ ਚਾਹੀਦਾ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
Canada 'ਚ ਕਿਵੇਂ ਕਾਬੂ ਆਵੇਗੀ ਮਹਿੰਗਾਈ? ਵਿਰੋਧੀ ਧਿਰ ਨੇਤਾ Pierre ਨੇ 2 ਮਿੰਟ ਕਰ'ਤਾ ਸਾਫ
NEXT STORY