ਟੋਕੀਓ: ਜਾਪਾਨ ਵਿੱਚ ਸੋਮਵਾਰ ਨੂੰ ਆਏ 7.7 ਤੀਬਰਤਾ ਦੇ ਸ਼ਕਤੀਸ਼ਾਲੀ ਭੂਚਾਲ ਨੇ ਪੂਰੇ ਦੇਸ਼ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਜਾਪਾਨ ਮੌਸਮ ਵਿਗਿਆਨ ਏਜੰਸੀ ਨੇ ਇੱਕ ਬਹੁਤ ਹੀ ਗੰਭੀਰ ਚੇਤਾਵਨੀ ਜਾਰੀ ਕਰਦਿਆਂ ਕਿਹਾ ਹੈ ਕਿ ਅਗਲੇ ਇੱਕ ਹਫ਼ਤੇ ਦੇ ਅੰਦਰ ਇਸੇ ਤਰ੍ਹਾਂ ਦੇ ਜਾਂ ਇਸ ਤੋਂ ਵੀ ਵੱਧ ਤੀਬਰਤਾ ਦੇ ਝਟਕੇ ਆ ਸਕਦੇ ਹਨ। ਪ੍ਰਸ਼ਾਂਤ ਮਹਾਸਾਗਰ ਵਿੱਚ ਦੋ ਡੂੰਘੀਆਂ ਸਮੁੰਦਰੀ ਖਾਈਆਂ ਦੇ ਨਾਲ ਇੱਕ ਵੱਡੇ ਭੂਚਾਲ ਦੀ ਸੰਭਾਵਨਾ ਵੱਧ ਗਈ ਹੈ, ਜਿਸ ਕਾਰਨ ਹੋਕਾਈਡੋ ਤੋਂ ਚਿਬਾ ਤੱਕ ਫੈਲੇ 182 ਸ਼ਹਿਰਾਂ ਅਤੇ ਕਸਬਿਆਂ ਨੂੰ ਹਾਈ ਅਲਰਟ 'ਤੇ ਰੱਖਿਆ ਗਿਆ ਹੈ। ਮਾਹਰਾਂ ਮੁਤਾਬਕ, 7.7 ਤੀਬਰਤਾ ਦੇ ਵੱਡੇ ਭੂਚਾਲ ਤੋਂ ਬਾਅਦ ਅਗਲੇ ਇੱਕ ਹਫ਼ਤੇ ਤੱਕ ਤੇਜ਼ ਝਟਕੇ ਆਉਣ ਦੀ 100% ਸੰਭਾਵਨਾ ਹੈ। ਜਿਹੜੀਆਂ ਇਮਾਰਤਾਂ ਪਹਿਲੇ ਝਟਕੇ ਨਾਲ ਕਮਜ਼ੋਰ ਹੋ ਗਈਆਂ ਹਨ, ਉਹ ਹਲਕੇ ਆਫ਼ਟਰ-ਸ਼ੌਕਸ ਨਾਲ ਵੀ ਡਿੱਗ ਸਕਦੀਆਂ ਹਨ। ਇਸ ਲਈ ਲੋਕਾਂ ਨੂੰ ਖ਼ਰਾਬ ਹੋਈਆਂ ਇਮਾਰਤਾਂ ਤੋਂ ਦੂਰ ਰਹਿਣ ਲਈ ਕਿਹਾ ਗਿਆ ਹੈ।
ਇਸ ਬਾਰੇ ਦੇਸ਼ ਦੀ ਪ੍ਰਧਾਨ ਮੰਤਰੀ ਸਾਨੇ ਤਾਕਾਇਚੀ ਨੇ ਦੇਸ਼ ਵਾਸੀਆਂ ਦੇ ਨਾਂ ਐਕਸ 'ਤੇ ਇਕ ਪੋਸਟ ਸਾਂਝੀ ਕਰਦਿਆਂ ਅਹਿਮ ਸੰਦੇਸ਼ ਜਾਰੀ ਕੀਤਾ ਹੈ। ਆਪਣੀ ਪੋਸਟ 'ਚ ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਤੁਰੰਤ ਸੁਰੱਖਿਅਤ ਥਾਵਾਂ 'ਤੇ ਜਾਣ ਦੀ ਅਪੀਲ ਕੀਤੀ ਹੈ। ਆਪਣੀ ਪੋਸਟ 'ਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਜ਼ਬਰਦਸਤ ਭੂਚਾਲ ਮਗਰੋਂ ਪ੍ਰਭਾਵਿਤ ਇਲਾਕਿਆਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਤੁਰੰਤ ਪਹਾੜੀ ਇਲਾਕਿਆਂ ਜਾਂ ਉੱਚੀਆਂ ਇਮਾਰਤਾਂ ਵੱਲ ਚਲੇ ਜਾਣਾ ਚਾਹੀਦਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਜਦੋਂ ਤੱਕ ਚਿਤਾਵਨੀ ਹਟਾਈ ਨਹੀਂ ਜਾਂਦੀ, ਲੋਕ ਸੁਰੱਖਿਅਤ ਥਾਵਾਂ ਤੋਂ ਬਾਹਰ ਨਾ ਨਿਕਲਣ।
ਉਨ੍ਹਾਂ ਨੇ ਅੱਗੇ ਕਿਹਾ ਕਿ ਰਾਤ 7:30 ਵਜੇ ਹੋਕਾਈਡੋ ਅਤੇ ਸਾਨਰੀਕੂ ਦੇ ਤੱਟਵਰਤੀ ਖੇਤਰਾਂ ਲਈ ਇੱਕ ਵਿਸ਼ੇਸ਼ ਚਿਤਾਵਨੀ ਜਾਰੀ ਕੀਤੀ ਗਈ ਹੈ, ਜਿਸ ਤਹਿਤ ਲੋਕਾਂ ਨੂੰ ਅਗਲੇ ਇੱਕ ਹਫ਼ਤੇ ਤੱਕ ਪੂਰੀ ਤਰ੍ਹਾਂ ਚੌਕਸ ਰਹਿਣ ਲਈ ਕਿਹਾ ਗਿਆ ਹੈ ਕਿਉਂਕਿ ਭੂਚਾਲ ਦੇ ਹੋਰ ਝਟਕੇ ਆ ਸਕਦੇ ਹਨ। ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਆਪਣਾ ਜ਼ਰੂਰੀ ਸਾਮਾਨ ਹਰ ਵੇਲੇ ਨਾਲ ਰੱਖਣ ਦੀ ਅਪੀਲ ਕਰਦਿਆਂ ਕਿਹਾ ਕਿ ਜੇਕਰ ਦੁਬਾਰਾ ਝਟਕੇ ਮਹਿਸੂਸ ਹੁੰਦੇ ਹਨ, ਤਾਂ ਬਿਨਾਂ ਕਿਸੇ ਦੇਰੀ ਦੇ ਸਮੁੰਦਰੀ ਕੰਢੇ ਨੇੜਲੇ ਇਲਾਕਿਆਂ ਨੂੰ ਖਾਲੀ ਕਰ ਦਿੱਤਾ ਜਾਵੇ। ਪ੍ਰਧਾਨ ਮੰਤਰੀ ਨੇ ਦੇਸ਼ ਵਾਸੀਆਂ ਨੂੰ ਭਰੋਸਾ ਦਿਵਾਇਆ ਕਿ ਸਰਕਾਰ ਇਸ ਆਫ਼ਤ ਨਾਲ ਨਜਿੱਠਣ 'ਚ ਪੂਰੀ ਤਰ੍ਹਾਂ ਜੁਟੀ ਹੋਈ ਹੈ ਤੇ ਭੂਚਾਲ ਕਾਰਨ ਹੋਏ ਨੁਕਸਾਨ ਦੀ ਅਪਡੇਟ ਜਾਰੀ ਕੀਤੀ ਜਾਵੇਗੀ।
ਇਹ ਵੀ ਪੜ੍ਹੋ- ''ਛੱਡ ਦਿਓ ਘਰ-ਬਾਰ, ਤੁਰੰਤ ਭੱਜ ਲਓ ਪਹਾੜਾਂ ਵੱਲ..!'', 7.5 ਦੀ ਤੀਬਰਤਾ ਦੇ ਭੂਚਾਲ ਮਗਰੋਂ PM ਤਾਕਾਇਚੀ ਦੀ ਅਪੀਲ
ਸੁਨਾਮੀ ਦਾ ਖ਼ਤਰਾ ਅਤੇ ਰੇਲ ਸੇਵਾਵਾਂ 'ਤੇ ਅਸਰ
ਸੋਮਵਾਰ ਸ਼ਾਮ ਨੂੰ ਆਏ ਭੂਚਾਲ ਦਾ ਕੇਂਦਰ ਇਵਾਤੇ ਸੂਬੇ ਦੇ ਤੱਟ ਤੋਂ 100 ਕਿਲੋਮੀਟਰ ਦੂਰ 10 ਕਿਲੋਮੀਟਰ ਦੀ ਡੂੰਘਾਈ 'ਤੇ ਸੀ। ਇਸ ਤੋਂ ਤੁਰੰਤ ਬਾਅਦ ਇਵਾਤੇ, ਹੋਕਾਈਡੋ ਅਤੇ ਅਓਮੋਰੀ ਪ੍ਰੀਫੈਕਚਰ ਲਈ 3 ਮੀਟਰ ਉੱਚੀ ਸੁਨਾਮੀ ਦੀ ਚੇਤਾਵਨੀ ਜਾਰੀ ਕੀਤੀ ਗਈ ਸੀ। ਹਾਲਾਂਕਿ ਬਾਅਦ ਵਿੱਚ ਕੋਈ ਵੱਡੀ ਲਹਿਰ ਨਾ ਆਉਣ ਕਾਰਨ ਇਹ ਚੇਤਾਵਨੀ ਹਟਾ ਲਈ ਗਈ, ਪਰ ਲੋਕਾਂ ਨੂੰ ਵਾਧੂ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਗਈ ਹੈ। ਸੁਰੱਖਿਆ ਦੇ ਲਿਹਾਜ਼ ਨਾਲ ਉੱਤਰ-ਪੂਰਬੀ ਜਾਪਾਨ ਵਿੱਚ ਬੁਲੇਟ ਟ੍ਰੇਨ ਸੇਵਾਵਾਂ ਨੂੰ ਤੁਰੰਤ ਮੁਅੱਤਲ ਕਰ ਦਿੱਤਾ ਗਿਆ ਤਾਂ ਜੋ ਕਿਸੇ ਵੱਡੇ ਹਾਦਸੇ ਨੂੰ ਰੋਕਿਆ ਜਾ ਸਕੇ।
ਦੁਨੀਆ ਦਾ ਲਗਭਗ ਅੱਧਾ ਸੋਨਾ ਸਿਰਫ਼ ਦੋ ਦੇਸ਼ਾਂ ਕੋਲ, ਉਤਪਾਦਨ ਦੇ ਮਾਮਲੇ 'ਚ ਇਸ ਦੇਸ਼ ਨੇ ਮਾਰੀ ਬਾਜ਼ੀ
NEXT STORY