ਗਲਾਸਗੋ/ ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)- ਸੈਂਟਰਲ ਲੰਡਨ ਵਿਖੇ ਖੇਤੀ ਖੇਤਰ ਵਿਚ ਵਰਤੇ ਜਾਂਦੇ ਟਰੈਕਟਰ ਟਰਾਲੀਆਂ ਸਣੇ ਰੋਸ ਪ੍ਰਦਰਸ਼ਨ ਕਰਕੇ ਟ੍ਰੈਫਿਕ ਕੀੜੀ ਦੀ ਤੋਰ ਤੁਰਦਾ ਰਿਹਾ। ਜ਼ਿਆਦਾਤਰ ਲੋਕ ਹੈਰਾਨ ਸਨ ਕਿ ਅਚਾਨਕ ਹੀ ਟਰੈਕਟਰਾਂ ਦਾ ਕਾਫ਼ਲਾ ਰਾਜਧਾਨੀ ਦੇ ਭੀੜ-ਭੜੱਕੇ ਵਾਲੇ ਸਥਾਨਾਂ ਵਿਚ ਕਿਉਂ ਆਣ ਵੜਿਆ?
ਦਰਅਸਲ ਕਿਸਾਨਾਂ ਵੱਲੋਂ "ਬਰਤਾਨੀਆ ਨੂੰ ਕਲੋਰੀਨੇਟਡ ਚਿਕਨ ਅਤੇ ਹਾਰਮੋਨ ਫਿਊਲਡ ਬੀਫ ਤੋਂ ਬਚਾਓ" ਦੇ ਨਾਅਰੇ ਨਾਲ ਉਕਤ ਰੋਸ ਪ੍ਰਦਰਸ਼ਨ ਕੀਤਾ ਗਿਆ ਸੀ। ਉਕਤ ਪ੍ਰਦਰਸ਼ਨਕਾਰੀ ਕਿਸਾਨਾਂ ਦੀ ਜੱਥੇਬੰਦੀ "ਸੇਵ ਬਰਿਟਿਸ਼ ਫਾਰਮਿੰਗ" ਦੇ ਕਾਰਕੁੰਨ ਸਨ। ਆਪੋ-ਆਪਣੇ ਟਰੈਕਟਰਾਂ ਨਾਲ ਪ੍ਰਦਰਸ਼ਨਕਾਰੀ ਕਿਸਾਨ ਨਿਊ ਕੋਵੈਂਟ ਗਾਰਡਨ ਮਾਰਕੀਟ ਵਿੱਚ ਇਕੱਠੇ ਹੋਣ ਉਪਰੰਤ 9 ਵਜੇ ਸ਼ੁਰੂ ਹੋ ਕੇ ਪਾਰਲੀਮੈਂਟ ਸਕੁਏਅਰ ਵੱਲ ਨੂੰ ਹੋ ਤੁਰੇ। ਉਨ੍ਹਾਂ ਵੱਲੋਂ ਸਰਕਾਰ ਦੇ ਖੇਤੀਬਾੜੀ ਬਿੱਲ ਦੇ ਵਿਰੋਧ ਵਿੱਚ ਕੀਤੇ ਪ੍ਰਦਰਸ਼ਨ ਦੌਰਾਨ ਕਿਹਾ ਕਿ ਇਸ ਬਿੱਲ ਰਾਹੀਂ ਬਰਤਾਨਵੀ ਪਸ਼ੂ ਭਲਾਈ ਤੇ ਵਾਤਾਵਰਣ ਦੇ ਮਾਪਦੰਡਾਂ ਨੂੰ ਢਾਹ ਲੱਗੇਗੀ। ਯੂ. ਕੇ. ਦੀ ਭੋਜਨ ਮਾਰਕੀਟ ਵਿਚ ਸਸਤੇ ਤੇ ਨੀਵੇਂ ਪੱਧਰ ਦੇ ਭੋਜਨ ਦਾ ਹੜ੍ਹ ਆ ਜਾਵੇਗਾ। ਜਿਸ ਕਾਰਨ ਬਰਤਾਨੀਆ ਦੀ ਕਿਰਸਾਨੀ ਤਬਾਹ ਹੋ ਜਾਵੇਗੀ। ਬੇਸ਼ੱਕ ਕਿਸਾਨਾਂ ਦਾ ਇਹ ਪਹਿਲਾ ਪ੍ਰਦਰਸ਼ਨ ਸੀ ਪਰ ਭਵਿੱਖ ਵਿੱਚ ਹੋਰ ਪ੍ਰਦਰਸ਼ਨ ਵੀ ਉਲੀਕੇ ਜਾ ਸਕਦੇ ਹਨ। ਪ੍ਰਦਰਸ਼ਨਕਾਰੀ ਕਿਸਾਨਾਂ ਨੇ ਆਪਣੇ ਸਮਰਥਕਾਂ ਨੂੰ ਬੇਨਤੀ ਕੀਤੀ ਕਿ ਉਹ ਆਪਣੇ ਖੇਤਰ ਦੇ ਮੈਂਬਰ ਪਾਰਲੀਮੈਂਟ ਅਤੇ ਸੁਪਰਮਾਰਕੀਟ ਨੂੰ ਪੱਤਰ ਲਿਖ ਕੇ ਸਥਿਤੀ ਦੀ ਗੰਭੀਰਤਾ ਬਾਰੇ ਜਾਣੂੰ ਜ਼ਰੂਰ ਕਰਵਾਉਣ।
ਇਟਲੀ : ਪੰਜਾਬਣ ਧੀ ਨੇ ਚਮਕਾਇਆ ਮਾਪਿਆ ਦਾ ਨਾਂ
NEXT STORY